ਭਾਜਪਾ ਦੀ ਪ੍ਰਸ਼ੰਸਾ ਕਰਕੇ ਕੀ ਸੰਕੇਤ ਦੇ ਰਹੀ ਹੈ ਮਾਇਆਵਤੀ?
Sunday, Oct 12, 2025 - 02:40 PM (IST)

9 ਅਕਤੂਬਰ ਨੂੰ ਮਾਇਆਵਤੀ ਨੇ ਲਖਨਊ ਵਿਚ ਇਕ ਵੱਡੀ ਰੈਲੀ ਕੀਤੀ, ਜੋ ਉਸ ਦੀ ਨਵੀਂ ਸਰਗਰਮੀ ਦਾ ਸੰਕੇਤ ਦਿੰਦੀ ਹੈ। ਪਰ ਕੀ ਇਹ ਸਰਗਰਮੀ ਉੱਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਨੂੰ ਮੁੜ ਸੁਰਜੀਤ ਕਰ ਸਕੇਗੀ? ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਬਰਸੀ ਮੌਕੇ ਲਖਨਊ ਸਥਿਤ ਕਾਂਸ਼ੀ ਰਾਮ ਸਥਲ ’ਤੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਹਮਲਾ ਬੋਲਿਆ ਅਤੇ ਭਾਰਤੀ ਜਨਤਾ ਪਾਰਟੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਇਹ ਕਹਿ ਕੇ ਆਪਣੇ ਵਰਕਰਾਂ ਨੂੰ ਊਰਜਾ ਦਿੱਤੀ ਕਿ ਬਸਪਾ 2027 ਵਿਚ ਪੰਜਵੀਂ ਵਾਰ ਉੱਤਰ ਪ੍ਰਦੇਸ਼ ਵਿਚ ਸਰਕਾਰ ਬਣਾਏਗੀ। ਮਾਇਆਵਤੀ ਨੇ ਮੰਚ ਤੋਂ ਵਰਕਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੈਲੀ ’ਚ ਉਮੜੀ ਭੀੜ ਨੂੰ ਹੋਰਨਾਂ ਪਾਰਟੀਆਂ ਨੂੰ ਦਿਹਾੜੀ ਦੇ ਕੇ ਨਹੀਂ ਲਿਆਂਦਾ ਗਿਆ ਹੈ। ਇਹ ਖੁਦ ਚੱਲ ਕੇ ਆਏ ਹਨ ਅਤੇ ਉਹ ਵੀ ਖੂਨ ਪਸੀਨੇ ਦੀ ਕਮਾਈ ਨਾਲ। ਸਵਾਲ ਇਹ ਹੈ ਕਿ ਭੈਣ ਮਾਇਆਵਤੀ ਇਸ ਰੈਲੀ ’ਚ ਭਾਜਪਾ ਦੀ ਯੋਗੀ ਸਰਕਾਰ ਦੀ ਸ਼ਲਾਘਾ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ।
ਭੈਣ ਮਾਇਆਵਤੀ ਨੇ ਇਸ ਰੈਲੀ ’ਚ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ। ਭਾਜਪਾ ਸਰਕਾਰ ਨੇ ਕਾਂਸ਼ੀਰਾਮ ਪਾਰਕ ਅਤੇ ਅੰਬੇਡਕਰ ਪਾਰਕ ’ਚ ਆਉਣ ਵਾਲੇ ਲੋਕਾਂ ਤੋਂ ਮਿਲਿਆ ਟਿਕਟਾਂ ਦਾ ਪੈਸਾ ਸਮਾਜਵਾਦੀ ਸਰਕਾਰ ਵਾਂਗ ਦਬਾਅ ਕੇ ਨਹੀਂ ਰੱਖਿਆ। ਮੇਰੀ ਅਪੀਲ ’ਤੇ ਪਾਰਕ ਦੀ ਮੁਰੰਮਤ ਦਾ ਪੂਰਾ ਖਰਚਾ ਕੀਤਾ ਿਗਆ। ਜਦਕਿ ਸਪਾ ਸਰਕਾਰ ਨੇ ਪਾਰਕ ਦੇ ਰਖ-ਰਖਾਅ ਦੀ ਬਜਾਏ ਦੂਜੀਆਂ ਮੱਦਾਂ ’ਤੇ ਪੈਸਾ ਖਰਚ ਕੀਤਾ ਸੀ।
ਕੀ ਮਾਇਆਵਤੀ ਭਾਜਪਾ ਦੀ ਸ਼ਲਾਘਾ ਕਰਕੇ ਭਵਿੱਖ ਦਾ ਕੋਈ ਸੰਕੇਤ ਦੇ ਰਹੀ ਹੈ? ਪਿਛਲੇ ਕੁਝ ਸਮੇਂ ਤੋਂ ਮਾਇਆਵਤੀ ਜਿਸ ਤਰ੍ਹਾਂ ਰਾਜਨੀਤੀ ਵਿਚ ਸਰਗਰਮ ਨਹੀਂ ਰਹੀ ਉਸ ਤੋਂ ਕਈ ਸਵਾਲ ਖੜ੍ਹੇ ਹੁੰਦੇ ਹਨ। ਭੈਣ ਜੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਵਿਰੁੱਧ ਤਾਂ ਬੋਲਦੀ ਹੈ ਪਰ ਸਵਾਲ ਇਹ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਖੁੱਲ੍ਹ ਕੇ ਕਿਉਂ ਨਹੀਂ ਬੋਲਦੀ। ਕੀ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਕੋਈ ਡਰ ਲੱਗਦਾ ਹੈ, ਕੀ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਕੋਈ ਅੰਦਰ ਖਾਤੇ ਸੈਟਿੰਗ ਹੋ ਗਈ ਹੈ? ਅੱਜ ਭੈਣ ਮਾਇਆਵਤੀ ਭਾਰਤੀ ਜਨਤਾ ਪਾਰਟੀ ਦੀ ਸ਼ਲਾਘਾ ਕਰ ਰਹੀ ਹੈ ਪਰ ਕੀ ਉਨ੍ਹਾਂ ਨੂੰ ਨਹੀਂ ਦਿਸ ਰਿਹਾ ਹੈ ਕਿ ਜਨਤਾ ’ਤੇ ਅੱਤਿਆਚਾਰ ਵਧਦੇ ਜਾ ਰਹੇ ਹਨ?
ਹਾਲ ਹੀ ’ਚ ਉੱਤਰ ਪ੍ਰਦੇਸ਼ ਵਿਚ ਇਕ ਦਲਿਤ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਉਹ ਦਲਿਤ ਸਹਾਇਤਾ ਲਈ ਰਾਹੁਲ ਗਾਂਧੀ ਦਾ ਨਾਮ ਲੈਂਦਾ ਰਿਹਾ ਪਰ ਉਸ ਨੂੰ ਇਹ ਕਹਿ ਕੇ ਕੁੱਟਿਆ ਜਾਂਦਾ ਰਿਹਾ ਕਿ ਉੱਤਰ ਪ੍ਰਦੇਸ਼ ’ਚ ਬਾਬੇ ਦਾ ਰਾਜ ਹੈ। ਕੀ ਬਾਬੇ ਦੇ ਰਾਜ ’ਚ ਇਕ ਦਲਿਤ ਨੂੰ ਇਸੇ ਤਰ੍ਹਾਂ ਕੁੱਟਿਆ ਜਾਵੇਗਾ ਅਤੇ ਇਹ ਵੀ ਕਿਹਾ ਜਾਵੇਗਾ ਕਿ ਇਹ ਤਾਂ ਬਾਬੇ ਦਾ ਰਾਜ ਹੈ। ਕੀ ਮਾਇਆਵਤੀ ਰੋਜ਼ਗਾਰ ਦੀ ਮੌਜੂਦਾ ਸਥਿਤੀ ਨਹੀਂ ਦੇਖ ਸਕਦੀ? ਮਾਇਆਵਤੀ ਡਾ. ਅੰਬੇਡਕਰ ਦੇ ਰਸਤੇ ’ਤੇ ਚੱਲਣ ਦਾ ਦਾਅਵਾ ਕਰਦੀ ਹੈ ਪਰ ਕੀ ਉਸ ਨੇ ਅੰਬੇਡਕਰ ਨੂੰ ਪੜ੍ਹਿਆ ਹੈ? ਅੰਬੇਡਕਰ ਨੇ ਜਿਹੜੀਆਂ ਸ਼ਕਤੀਆਂ ਬਾਰੇ ਵਾਰ-ਵਾਰ ਚੌਕਸ ਕੀਤਾ ਸੀ, ਅੱਜ ਭੈਣ ਮਾਇਆਵਤੀ ਜੀ ਉਨ੍ਹਾਂ ਹੀ ਤਾਕਤਾਂ ਨਾਲ ਖੜ੍ਹਨ ਲਈ ਉਤਸੁਕ ਹੈ । ਕੀ ਮਾਇਆਵਤੀ ਸੀ.ਬੀ.ਆਈ. ਅਤੇ ਈ.ਡੀ. ਤੋਂ ਡਰਦੀ ਹੈ? ਕੀ ਉਸ ਨੂੰ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਤੋਂ ਸਬਕ ਨਹੀਂ ਸਿੱਖਣਾ ਚਾਹੀਦਾ, ਜੋ ਨਿਡਰਤਾ ਨਾਲ ਸਥਾਪਨਾ ’ਤੇ ਸਵਾਲ ਉਠਾ ਰਹੇ ਹਨ? ਕੀ ਮਾਇਆਵਤੀ 2027 ਵਿਚ ਭਾਜਪਾ ਨਾਲ ਸਰਕਾਰ ਬਣਾਉਣ ਜਾ ਰਹੀ ਹੈ?
ਬਿਨਾਂ ਸ਼ੱਕ, ਮਾਇਆਵਤੀ ਨੇ ਭਾਰਤੀ ਰਾਜਨੀਤੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸ ਨੇ ਬਹੁਜਨ ਸਮਾਜ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੂੰ ਹਿੰਮਤ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਦੀ ਕਿਰਨ ਦਿਖਾਈ ਹੈ।
ਪਰ ਜਿਸ ਕਾਂਸ਼ੀ ਰਾਮ ਨੇ ਆਪਣੇ ਖੂਨ-ਪਸੀਨੇ ਨਾਲ ਬਹੁਜਨ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਇਹ ਪਾਰਟੀ ਬਣਾਈ ਅਤੇ ਭੈਣਜੀ ਨੂੰ ਖੜ੍ਹਾ ਕੀਤਾ ਉਹੀ ਕਾਂਸ਼ੀ ਰਾਮ ਦੀ ਬਰਸੀ ’ਤੇ ਭੈਣ-ਮਾਇਆਵਤੀ ਨੇ ਸਮਝੌਤੇ ਦੀ ਰਾਜਨੀਤੀ ਦਾ ਸੰਦੇਸ਼ ਦੇ ਕੇ ਇਹ ਪ੍ਰਦਸ਼ਿਤ ਕਰ ਦਿੱਤਾ ਕਿ ਉਹ ਪਾਰਟੀ ਹੁਣ ਆਪਣੇ ਤੇਵਰ ਗੁਆਉਣ ਜਾ ਰਹੀ ਹੈ।
ਬਹੁਜਨ ਸਮਾਜ ਪਾਰਟੀ ਨੇ 2007 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ, 2012 ਵਿਚ ਬਸਪਾ ਬਹੁਮਤ ਪ੍ਰਾਪਤ ਕਰਨ ਵਿਚ ਅਸਫਲ ਰਹੀ, 80 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਨੇ ਸਿਰਫ਼ 19 ਸੀਟਾਂ ਜਿੱਤੀਆਂ। ਇਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ, ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੱਠੇ ਹੋ ਗਏ।
2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਪਾ-ਬਸਪਾ ਗੱਠਜੋੜ ਟੁੱਟ ਗਿਆ ਸੀ ਅਤੇ ਮਾਇਆਵਤੀ ਨੇ ਐਲਾਨ ਕੀਤਾ ਕਿ ਉਹ ਭਵਿੱਖ ਵਿਚ ਕਿਸੇ ਨਾਲ ਵੀ ਗੱਠਜੋੜ ਨਹੀਂ ਕਰੇਗੀ। 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੇ ਸਿਰਫ਼ ਇਕ ਸੀਟ ਜਿੱਤੀ। ਇਹ ਸੱਚ ਹੈ ਕਿ ਰੈਲੀ ਰਾਹੀਂ ਮਾਇਆਵਤੀ ਨੇ ਆਪਣੀ ਨਵੀਂ ਊਰਜਾ ਦਾ ਪ੍ਰਦਰਸ਼ਨ ਕੀਤਾ ਹੈ ਪਰ ਇਹ ਊਰਜਾ ਸੀ.ਬੀ.ਆਈ. ਅਤੇ ਈ.ਡੀ. ਤੋਂ ਬਚਣ ਅਤੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨ ਵਿਚ ਖਰਚ ਕੀਤੀ ਜਾਵੇਗੀ।
ਸਵਾਲ ਇਹ ਹੈ ਕਿ ਰਾਜਨੀਤੀ ਦੇ ਇਸ ਯੁੱਗ ਵਿਚ ਵਿਚਾਰਧਾਰਾ ਅਤੇ ਸਿਧਾਂਤ ਕਿੱਥੇ ਗਏ ਹਨ। ਮਾਇਆਵਤੀ ਨੂੰ ਇਸ ਬਦਲੀ ਹੋਈ ਰਣਨੀਤੀ ਤੋਂ ਨਿੱਜੀ ਤੌਰ ’ਤੇ ਕੁਝ ਮਿਲ ਸਕਦਾ ਹੈ ਪਰ ਇਹ ਸ਼ੱਕ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਇਸ ਤੋਂ ਲਾਭ ਹੋਵੇਗਾ ਜਾਂ ਨਹੀਂ। ਬਹੁਜਨ ਸਮਾਜ ਪਾਰਟੀ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਪਾਰਟੀ ਨੂੰ ਹਾਸ਼ੀਏ ’ਤੇ ਕਿਉਂ ਧੱਕ ਦਿੱਤਾ ਗਿਆ ਹੈ।
ਨੌਜਵਾਨ ਵਰਗ ਚੰਦਰਸ਼ੇਖਰ ਆਜ਼ਾਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਲਈ ਤਿਆਰ ਹੈ। ਅਜਿਹੀ ਸਥਿਤੀ ਵਿਚ, ਮਾਇਆਵਤੀ ਲਈ ਅੱਗੇ ਦਾ ਰਸਤਾ ਆਸਾਨ ਨਹੀਂ ਹੋਵੇਗਾ। ਜੇਕਰ ਉਹ ਭਵਿੱਖ ਵਿਚ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਵਿਚਾਰ ਕਰ ਰਹੀ ਹੈ ਤਾਂ ਇਹ ਅੰਤ ਵਿਚ ਬਹੁਜਨ ਸਮਾਜ ਪਾਰਟੀ ਨੂੰ ਨੁਕਸਾਨ ਪਹੁੰਚਾਏਗਾ।
ਰੋਹਿਤ ਕੌਸ਼ਿਕ