ਕੀ ਔਰਤਾਂ ਅਪਰਾਧ ਨਹੀਂ ਕਰਦੀਆਂ

Tuesday, Dec 09, 2025 - 04:43 PM (IST)

ਕੀ ਔਰਤਾਂ ਅਪਰਾਧ ਨਹੀਂ ਕਰਦੀਆਂ

ਅਲੀਗੜ੍ਹ ਉੱਤਰ ਪ੍ਰਦੇਸ਼ ਦੇ ਇਕ ਪਿੰਡ ’ਚ ਇਕ ਲੜਕੀ ਦਾ ਵਿਆਹ ਤੈਅ ਹੋ ਗਿਆ ਸੀ ਪਰ ਉਹ ਆਪਣੇ ਦੋਸਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਅਜਿਹੇ ’ਚ ਕੀ ਕੀਤਾ ਜਾਵੇ ਕਿ ਵਿਆਹ ਟਲ ਜਾਵੇ। ਉਦੋਂ ਉਸ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਇਕ ਯੋਜਨਾ ਤਿਆਰ ਕੀਤੀ। ਲੜਕੀ ਦੀ ਇਕ ਬਜ਼ੁਰਗ ਦਾਦੀ ਖੇਤ ’ਚ ਕੰਮ ਕਰਨ ਗਈ ਸੀ। ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਗੋਲੀ ਮਾਰ ਕੇ ਦਾਦੀ ਦੀ ਹੱਤਿਆ ਕਰ ਦਿੱਤੀ ਪਰ ਇਸ ਦੇ ਬਾਵਜੂਦ ਵਿਆਹ ਰੁਕਿਆ ਨਹੀਂ ਕਿਉਂਕਿ ਸਭ ਇੰਤਜ਼ਾਮ ਹੋ ਚੁੱਕੇ ਸਨ। ਵਿਆਹ ਕੈਂਸਲ ਹੋਣ ’ਤੇ ਦੁਬਾਰਾ ਘਰਵਾਲਿਆਂ ਨੂੰ ਮੁਸ਼ੱਕਤ ਕਰਨੀ ਪੈਂਦੀ। ਪੈਸੇ ਵੀ ਖਰਚ ਹੁੰਦੇ ਪਰ 22 ਦਿਨ ਬਾਅਦ ਲੜਕੀ ਅਤੇ ਉਸ ਦੇ ਦੋਸਤ ਨੂੰ ਪੁਲਸ ਨੇ ਫੜ ਲਿਆ।

ਉਨ੍ਹਾਂ ਨੇ ਆਪਣਾ ਅਪਰਾਧ ਵੀ ਸਵੀਕਾਰ ਕਰ ਲਿਆ, ਦੋਵਾਂ ਦੀ ਜਾਤੀ ਅਲੱਗ-ਅਲੱਗ ਹੈ। ਲੜਕਾ ਲੜਕੀ ਦੇ ਪਿੰਡ ’ਚ ਹੀ ਇਕ ਕਿਰਾਏ ਦੀ ਮੋਟਰਸਾਈਕਲ ਦੀ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ। ਪੁਲਸ ਅਨੁਸਾਰ ਦੋਵਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਘਰ ਵਾਲੇ ਵਿਆਹ ਲਈ ਤਿਆਰ ਨਹੀਂ ਹੋਣਗੇ। ਇਸ ਲਈ ਉਨ੍ਹਾਂ ਨੇ ਸੋਚਿਆ ਜੇਕਰ ਘਰ ’ਚ ਕਿਸੇ ਦੀ ਮੌਤ ਹੋ ਜਾਵੇ ਤਾਂ ਘਰ ਵਾਲੇ ਤਾਂ ਉਸ ’ਚ ਰੁੱਝ ਜਾਣਗੇ ਅਤੇ ਉਹ ਘਰੋਂ ਚਲੇ ਜਾਣਗੇ। ਉਨ੍ਹਾਂ ਨੂੰ ਇਹ ਵੀ ਲੱਗਦਾ ਸੀ ਕਿ ਦਾਦੀ ਨੂੰ ਸ਼ਾਇਦ ਉਨ੍ਹਾਂ ਦੇ ਸਬੰਧਾਂ ਬਾਰੇ ਪਤਾ ਹੈ। ਜੇਕਰ ਉਸ ਨੇ ਘਰਵਾਲਿਆਂ ਨੂੰ ਦੱਸ ਦਿੱਤਾ ਤਾਂ ਪਤਾ ਨਹੀਂ ਕੀ ਹੋਵੇਗਾ।

ਜਦੋਂ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਲੜਕੀ ਲਗਾਤਾਰ ਆਪਣੇ ਬਿਆਨ ਬਦਲਦੀ ਰਹੀ। ਇਸ ਨਾਲ ਸ਼ੱਕ ਡੂੰਘਾ ਹੋ ਗਿਆ। ਪੁਲਸ ਨੇ ਉਸ ਦੇ ਫੋਨ ਦੀ ਜਾਂਚ ਕੀਤੀ। ਪਿੰਡ ਵਾਲਿਆਂ ਤੋਂ ਪੁੱਛਿਆ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਇਕ ਨੰਬਰ ’ਤੇ ਲਗਾਤਾਰ ਗੱਲਾਂ ਕਰਦੀ ਹੈ। ਇਹ ਨੰਬਰ ਉਸ ਦੇ ਦੋਸਤ ਦਾ ਹੀ ਸੀ। ਪਿੰਡ ਦੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਫਿਰ ਲੜਕੇ ਨੂੰ ਫੜਿਆ ਤਾਂ ਪਤਾ ਲੱਗਾ ਕਿ ਲੜਕੀ ਆਪਣੀ ਦਾਦੀ ਦੇ ਨਾਲ ਅਕਸਰ ਬੱਕਰੀਆਂ ਅਤੇ ਮੱਝਾਂ ਚਰਾਉਣ ਜਾਂਦੀ ਸੀ। ਘਟਨਾ ਵਾਲੇ ਦਿਨ ਇਕ ਬੱਕਰੀ ਨੂੰ ਫੜਨ ਦੇ ਬਹਾਨੇ ਉਹ ਦੌੜੀ, ਜਿੱਥੇ ਉਸ ਦਾ ਦੋਸਤ ਮਿਲਿਆ। ਉਸ ਨੇ ਉਸ ਨੂੰ ਦੱਸਿਆ ਕਿ ਇਸ ਸਮੇਂ ਉਸ ਦੀ ਦਾਦੀ ਖੇਤਾਂ ’ਚ ਇਕੱਲੀ ਹੈ। ਬਸ ਲੜਕੇ ਨੇ ਉਥੇ ਪਹੁੰਚ ਕੇ ਬੁੱਢੀ ਔਰਤ ਨੂੰ ਗੋਲੀ ਮਾਰ ਦਿੱਤੀ ਅਤੇ ਦੌੜ ਗਿਆ।

ਇਕ ਔਰਤ ਬਾਰੇ ਤਾਂ ਤੁਸੀਂ ਪੜ੍ਹਿਆ ਹੀ ਹੋਵੇਗਾ ਕਿ ਉਹ ਸੋਚਦੀ ਸੀ ਕਿ ਕਿਸੇ ਵੀ ਹੋਰ ਲੜਕੀ ਜਾਂ ਔਰਤ ਨੂੰ ਉਸ ਤੋਂ ਜ਼ਿਆਦਾ ਸੁੰਦਰ ਨਹੀਂ ਦਿਸਣਾ ਚਾਹੀਦਾ। ਇਸ ਲਈ ਉਸ ਨੇ ਆਪਣੀ ਹੀ ਰਿਸ਼ਤੇਦਾਰੀ ’ਚ ਕਈ ਬੱਚੀਆਂ ਨੂੰ ਮਾਰ ਦਿੱਤਾ। ਇਕ ਬੱਚੀ ਮਾਰਦੇ ਸਮੇਂ ਉਸ ਨੂੰ ਲੱਗਾ ਕਿ ਕਿਤੇ ਉਸ ’ਤੇ ਸ਼ੱਕ ਨਾ ਹੋਵੇ। ਇਸ ਲਈ ਜਿਸ ਤਰ੍ਹਾਂ ਬੱਚੀ ਨੂੰ ਮਾਰਿਆ, ਉਸੇ ਤਰ੍ਹਾਂ ਆਪਣੇ ਬੇਟੇ ਨੂੰ ਵੀ ਮਾਰ ਦਿੱਤਾ।

ਮਥੁਰਾ ’ਚ ਤਾਂ ਇਕ ਲੜਕੀ ਨੇ ਆਪਣੇ ਪੂਰੇ ਪਰਿਵਾਰ ਨੂੰ ਹੀ ਇਸ ਲਈ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਘਰਵਾਲੇ ਉਸ ਦੇ ਮਰਦ ਦੋਸਤ ਦਾ ਵਿਰੋਧ ਕਰਦੇ ਸਨ। ਵਿਸਥਾਰ ਨਾਲ ਇਨ੍ਹਾਂ ਘਟਨਾਵਾਂ ਨੂੰ ਲਿਖਣ ਦਾ ਮਕਸਦ ਇਹ ਸੋਚਣਾ ਵੀ ਹੈ ਕਿ ਇਕ ਆਮ ਲੜਕੀ ਜਾਂ ਲੜਕਾ ਜਿਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੁੰਦਾ, ਅਜਿਹੇ ਅਪਰਾਧਾਂ ਬਾਰੇ ਸੋਚਦੇ ਕਿਵੇਂ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਪਰਾਧ ਕਰਨ ਤੋਂ ਪਹਿਲਾਂ ਜੇਕਰ ਵਿਅਕਤੀ ਉਸ ਦੇ ਨਤੀਜਿਆਂ ਦੇ ਬਾਰੇ ਸੋਚੇ ਤਾਂ ਅਜਿਹਾ ਨਾ ਹੋਵੇ ਪਰ ਉਹ ਕਿਹੜੀ ਭਾਵਨਾ ਹੁੰਦੀ ਹੈ ਕਿ ਅਸੀਂ ਆਪਣਿਆਂ ਦੇ ਪ੍ਰਤੀ ਅਪਰਾਧ ਕਰਨ ਲੱਗਦੇ ਹਾਂ।

ਕਿਸੇ ਸਵਾਰਥ ਦੇ ਅਧੀਨ ਹੋ ਕੇ ਜਾਂ ਕਿਸੇ ਲਾਲਚ ’ਚ ਪੈ ਕੇ ਜਾਂ ਇਸ ਲਈ ਕਿ ਘਰਵਾਲੇ ਉਸ ਲੜਕੇ ਜਾਂ ਲੜਕੀ ਨਾਲ ਵਿਆਹ ਨਹੀਂ ਕਰਨ ਦੇਣਗੇ, ਘਰਵਾਲਿਆਂ ਦੇ ਪ੍ਰਤੀ ਹੱਤਿਆ ਵਰਗੇ ਅਪਰਾਧ ਕਰਨ ਦੀ ਹਿੰਮਤ ਚਾਹੀਦੀ ਹੈ। ਕੋਈ ਪਰਾਇਆ ਇੰਨਾ ਆਪਣਾ ਕਿਵੇਂ ਲੱਗਣ ਲੱਗਦਾ ਹੈ ਕਿ ਘਰਵਾਲੇ ਵੀ ਪਰਾਏ ਹੋ ਜਾਂਦੇ ਹਨ।

ਦਰਅਸਲ ਗੱਲ ਇਹ ਵੀ ਹੈ ਕਿ ਇਨ੍ਹੀਂ ਦਿਨੀਂ ਲੜਕੇ ਲੜਕੀਆਂ ਉਹ ਤਾਂ ਹਰਗਿਜ਼ ਨਹੀਂ ਹਨ ਜੋ ਅੱਜ ਤੋਂ 50 ਸਾਲ ਪਹਿਲਾਂ ਹੁੰਦੇ ਹੋਣਗੇ। ਜਿਨ੍ਹਾਂ ਦੇ ਲਈ ਮਾਤਾ-ਪਿਤਾ ਦੀ ਕਹੀ ਗੱਲ ਹੀ ਅੰਤਿਮ ਲਕੀਰ ਹੁੰਦੀ ਹੋਵੇਗੀ। ਹਰ ਤਰ੍ਹਾਂ ਦੀ ਸੂਚਨਾ ਇਨ੍ਹੀਂ ਦਿਨੀਂ ਸਭ ਦੇ ਕੋਲ ਪਹੁੰਚ ਰਹੀ ਹੈ। ਹੱਥ ’ਚ ਇਕ ਮੋਬਾਈਲ ਹੋਣ ਨਾਲ ਦੁਨੀਆ ਦੇ ਦਰਵਾਜ਼ੇ ਕੀ ਔਰਤ, ਕੀ ਮਰਦ, ਕੀ ਬੱਚੇ ਸਭ ਲਈ ਖੁੱਲ੍ਹ ਚੁੱਕੇ ਹਨ। ਚੰਗੀ ਜਾਂ ਬੁਰੀ ਹਰ ਤਰ੍ਹਾਂ ਦੀ ਸੂਚਨਾ ਉਨ੍ਹਾਂ ਤੱਕ ਪਹੁੰਚ ਰਹੀ ਸੀ ਪਰ ਘਰ ਵਾਲੇ ਨਹੀਂ ਬਦਲੇ। ਉਹ ਅਜੇ ਤੱਕ ਆਪਣੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ ’ਤੇ ਅਟਕੇ ਹੋਏ ਹਨ, ਜਿੱਥੇ ਬੱਚਿਆਂ ਨੂੰ ਬਸ ਉਨ੍ਹਾਂ ਦੇ ਹਿਸਾਬ ਨਾਲ ਹੀ ਹਰ ਫੈਸਲਾ ਲੈਣਾ ਚਾਹੀਦਾ ਹੈ। ਜਾਤੀ-ਧਰਮ ਦੀਆਂ ਬੇੜੀਆਂ ਹੁਣ ਵੀ ਕਿੰਨੀਆਂ ਪੁਖਤਾ ਹਨ।

ਇਹ ਦੇਖ ਕੇ ਸੱਚਮੁੱਚ ਹੈਰਾਨੀ ਹੁੰਦੀ ਹੈ ਕਿ ਅਪਰਾਧ ਕਰਨ ਵਾਲੇ ਇੰਨੇ ਨਿਡਰ ਕਿਵੇਂ ਹੁੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਵੀ ਕਰ ਲੈਣ, ਫੜੇ ਨਹੀਂ ਜਾਣਗੇ। ਉਹ ਸੋਚਦੇ ਹਨ ਕਿ ਅਪਰਾਧ ਨੂੰ ਕਿਸੇ ਹੋਰ ਦੇ ਮੱਥੇ ਮੜ ਕੇ ਉਹ ਛੁੱਟ ਜਾਣਗੇ। ਕੁਝ ਸਾਧਨਾਂ ਸੰਪੰਨਾਂ ਦੇ ਨਾਲ ਅਜਿਹਾ ਹੁੰਦਾ ਹੋਵੇ, ਆਮ ਆਦਮੀ ਦੇ ਨਾਲ ਨਹੀਂ ਹੁੰਦਾ।

ਸੋਚੋ ਕਿ ਜਿਸ ਦੇ ਲਈ ਹੱਤਿਆ ਵਰਗਾ ਘਿਨੌਣਾ ਅਪਰਾਧ ਕੀਤਾ ਉਹ ਤਾਂ ਮਿਲਿਆ ਹੀ ਨਹੀਂ। ਸਾਰੀ ਜ਼ਿੰਦਗੀ ਜੇਲ ’ਚ ਕੱਟੇਗੀ। ਆਪਣੇ ਨਾਲ-ਨਾਲ ਉਨ੍ਹਾਂ ਘਰ ਵਾਲਿਆਂ ਦਾ ਜੀਵਨ ਵੀ ਬਰਬਾਦ ਹੋਇਆ, ਜਿਨ੍ਹਾਂ ਨੇ ਪਾਲ-ਪੋਸ ਕੇ ਵੱਡਾ ਕੀਤਾ।

ਅਕਸਰ ਕਿਹਾ ਜਾਂਦਾ ਹੈ ਕਿ ਔਰਤਾਂ ਅਪਰਾਧ ਨਹੀਂ ਕਰਦੀਆਂ ਪਰ ਬਦਲਦੇ ਸਮੇਂ ਦੇ ਨਾਲ ਇਹ ਸੋਚ ਵੀ ਖਤਮ ਹੁੰਦੀ ਜਾ ਰਹੀ ਹੈ। ਹਾਲ ਹੀ ’ਚ ਇਕ ਕੌਮਾਂਤਰੀ ਏਜੰਸੀ ਨੇ ਦੁਨੀਆ ਭਰ ਦੀਆਂ ਜੇਲਾਂ ਦਾ ਅਧਿਐਨ ਕੀਤਾ ਸੀ। ਇਸ ’ਚ ਪਤਾ ਲੱਗਾ ਕਿ ਸਾਲ 2000 ਤੋਂ ਬਾਅਦ ਜੇਲਾਂ ’ਚ ਮਹਿਲਾ ਕੈਦੀਆਂ ਦੀ ਗਿਣਤੀ 60 ਫੀਸਦੀ ਤੱਕ ਵਧੀ ਹੈ। ਅਜੇ ਦੁਨੀਆ ਭਰ ਦੀਆਂ ਜੇਲਾਂ ’ਚ 10ਲੱਖ ਤੋਂ ਵੱਧ ਮਹਿਲਾ ਕੈਦੀ ਹਨ। ਇਹ ਬੇਹੱਦ ਚਿੰਤਾਜਨਕ ਅੰਕੜੇ ਹਨ। ਇਸ ਰਿਪੋਰਟ ’ਚ ਦੱਸਿਆ ਗਿਆ ਕਿ ਮਹਿਲਾ ਕੈਦੀਆਂ ਦੇ ਅਪਰਾਧ ਅਕਸਰ ਗਰੀਬੀ ਨਾਲ ਜੁੜੇ ਹੁੰਦੇ ਹਨ। ਬਹੁਤ ਸਾਰੇ ਮਾਮਲਿਆਂ ’ਚ ਜੁਰਮਾਨੇ ਦੀ ਰਾਸ਼ੀ ਨਾ ਭਰ ਸਕਣ ਦੇ ਕਾਰਨ ਵੀ ਉਹ ਜੇਲਾਂ ਤੱਕ ਆਉਂਦੀਆਂ ਹਨ।

–ਸ਼ਮਾ ਸ਼ਰਮਾ


author

Harpreet SIngh

Content Editor

Related News