‘ਭਾਰਤ ਦੇ ਹਸਪਤਾਲਾਂ ’ਚ’ ਡਾਕਟਰਾਂ ਅਤੇ ਬਿਸਤਰਿਆਂ ਦੀ ਕਮੀ!
Tuesday, Dec 09, 2025 - 03:59 AM (IST)
ਹਾਲਾਂਕਿ ਲੋਕਾਂ ਨੂੰ ਸਸਤੀ ਅਤੇ ਗੁਣਵੱਤਾ ਭਰੀ ਸਿੱਖਿਆ ਅਤੇ ਇਲਾਜ ਮੁਹੱਈਆ ਕਰਵਾਉਣਾ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਅਾਜ਼ਾਦੀ ਦੇ 77 ਸਾਲਾਂ ਤੋਂ ਬਾਅਦ ਵੀ ਸਰਕਾਰਾਂ ਹੁਣ ਤੱਕ ਲੋਕਾਂ ਨੂੰ ਉਕਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਸਫਲ ਰਹੀਆਂ ਹਨ।
2 ਦਸੰਬਰ ਨੂੰ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਰਾਜ ਸਭਾ ’ਚ ਦੱਸਿਆ ਕਿ ਦੇਸ਼ ’ਚ 13,88,185 ਰਜਿਸਟਰਡ ‘ਐਲੋਪੈਥਿਕ ਡਾਕਟਰ’ ਅਤੇ ‘ਆਯੁਸ਼ ਵਿਵਸਥਾ’ ਦੇ ਅਧੀਨ 7,51,768 ਰਜਿਸਟਰਡ ਡਾਕਟਰ ਹਨ ਅਤੇ ਇਸ ਸਮੇਂ ਦੇਸ਼ ’ਚ 811 ਲੋਕਾਂ ’ਤੇ ਇਕ ਡਾਕਟਰ (1000 ’ਤੇ 1.25) ਹੀ ਉਪਲਬਧ ਹੈ।
ਸ਼੍ਰੀ ਨੱਡਾ ਵਲੋਂ ਦੱਸਿਆ ਗਿਆ ਉਕਤ ਅੰਕੜਾ ਹੋਰਨਾਂ ਦੇਸ਼ਾਂ ਦੀ ਤੁਲਨਾ ’ਚ ਬਹੁਤ ਘੱਟ ਹੈ। ਅਮਰੀਕਾ ’ਚ ਪ੍ਰਤੀ 1000 ਲੋਕਾਂ ’ਤੇ 2.6 ਤੋਂ ਲੈ ਕੇ 2.9 ਡਾਕਟਰ, ਇੰਗਲੈਂਡ ’ਚ 2.8 ਤੋਂ 3.0, ਜਰਮਨੀ ’ਚ 4.3 ਤੋਂ 4.5, ਜਾਪਾਨ ’ਚ 2.5 ਅਤੇ ਆਸਟ੍ਰੇਲੀਆ ’ਚ ਪ੍ਰਤੀ 1000 ਲੋਕਾਂ ’ਤੇ ਲਗਭਗ 5 ਡਾਕਟਰ ਉਪਲਬਧ ਹਨ।
ਇਸੇ ਤਰ੍ਹਾਂ 3 ਦਸੰਬਰ ਨੂੰ ਰਾਜ ਸਭਾ ’ਚ ਹੀ ਸਿਹਤ ਰਾਜ ਮੰਤਰੀ ‘ਪ੍ਰਤਾਪ ਰਾਵ ਜਾਧਵ’ ਨੇ ਦੱਸਿਆ ਕਿ ‘ਵਿਸ਼ਵ ਸਿਹਤ ਸੰਗਠਨ’ ਦੇ ਮਾਪਦੰਡਾਂ ਅਨੁਸਾਰ ਹਰੇਕ 1000 ਆਬਾਦੀ ’ਤੇ ਘੱਟੋ-ਘੱਟ 3.5 ਬੈੱਡ (ਬਿਸਤਰੇ) ਮੁਹੱਈਆ ਹੋਣੇ ਚਾਹੀਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸਿਹਤ ਮਾਪਦੰਡ-2022 ਦੇ ਅਨੁਸਾਰ ਹਰੇਕ 1000 ਲੋਕਾਂ ’ਤੇ ਹਸਪਤਾਲ ’ਚ ਘੱਟੋ-ਘੱਟ ਇਕ ਬੈੱਡ ਮੁਹੱਈਆ ਹੋਣਾ ਚਾਹੀਦਾ ਹੈ ਪਰ ਅਨੇਕ ਰਾਜਾਂ ’ਚ ਇਹ ਘੱਟੋ-ਘੱਟ ਜ਼ਰੂਰਤ ਵੀ ਪੂਰੀ ਨਹੀਂ ਕੀਤੀ ਜਾ ਰਹੀ।
ਭਾਰਤ ’ਚ ਰੋਗੀਆਂ ਲਈ ਡਾਕਟਰਾਂ ਅਤੇ ਹਸਪਤਾਲਾਂ ’ਚ ‘ਬੈੱਡਾਂ’ (ਬਿਸਤਰਿਆਂ) ਦੀ ਕਮੀ ਹੋਣ ਦੇ ਕਾਰਨ ਹੀ ਅੱਜ ਅਨੇਕ ਮਰੀਜ਼ ਹਸਪਤਾਲਾਂ ’ਚ ਫਰਸ਼ ’ਤੇ ਲੇਟਨ ਲਈ ਮਜਬੂਰ ਹਨ। ਇਸ ਲਈ ਇਸ ਕਮੀ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਅਤੇ ਹਸਪਤਾਲਾਂ ’ਚ ਸਹੂਲਤਾਂ ਵਧਾਉਣ ਦੀ ਲੋੜ ਹੈ।
–ਵਿਜੇ ਕੁਮਾਰ
