ਇੰਡੀਗੋ ਦੀ ਗੜਬੜ : ਪੀ. ਐੱਮ. ਓ. ਦੇ ਤੁਰੰਤ ਐਕਸ਼ਨ ਨੇ ਕਿਵੇਂ ਆਮ ਮੁਸਾਫਰ ਨੂੰ ਬਚਾਇਆ
Thursday, Dec 11, 2025 - 04:46 PM (IST)
ਅੱਜ ਭਾਰਤ ’ਚ ਜੋ ਵੀ ਹਵਾਈ ਸਫਰ ਕਰਦਾ ਹੈ, ਉਹ ਇਕ ਸਿੱਧੀ ਜਿਹੀ ਗੱਲ ਜਾਣਦਾ ਹੈ ਕਿ ਸਭ ਤੋਂ ਵੱਧ ਪ੍ਰੇਸ਼ਾਨੀ ਹਮੇਸ਼ਾ ਆਸਮਾਨ ’ਚ ਨਹੀਂ ਹੁੰਦੀ, ਇਹ ਜ਼ਮੀਨ ’ਤੇ ਹੁੰਦੀ ਹੈ ਅਤੇ ਹੁਣ ਇਸ ਪ੍ਰੇਸ਼ਾਨੀ ਦਾ ਜ਼ਿਆਦਾਤਰ ਹਿੱਸਾ ਇੰਡੀਗੋ ਦੇ ਕਾਰਨ ਹੈ। ਭਾਵੇਂ ਉਹ ਅਚਾਨਕ ਦੇਰੀ ਹੋਵੇ, ਆਖਰੀ ਮਿੰਟ ’ਚ ਕੈਂਸਲੇਸ਼ਨ ਹੋਵੇ, ਕਾਊਂਟਰ ’ਤੇ ਭੈੜਾ ਸਲੂਕ ਹੋਵੇ ਜਾਂ ਮੁਸਾਫਰਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਘੰਟਿਆਂ ਤੱਕ ਉਡੀਕ ਕਰਵਾਉਣੀ ਹੋਵੇ, ਇੰਡੀਗੋ ਵਾਰ-ਵਾਰ ਸ਼ਿਕਾਇਤਾਂ ਦਾ ਕੇਂਦਰ ਬਣ ਗਈ ਹੈ। ਏਅਰਲਾਈਨ ਖੁਦ ਨੂੰ ‘ਸਮੇਂ ਉੱਤੇ’ ਕਹਿ ਸਕਦੀ ਹੈ ਪਰ ਕਈ ਮੁਸਾਫਰਾਂ ਲਈ ਇਹ ‘ਹਮੇਸ਼ਾ ਇਕ ਸਮੱਸਿਆ’ ਬਣ ਗਈ ਹੈ।
ਪਰ ਇਨ੍ਹਾਂ ਵਾਰ-ਵਾਰ ਹੋਣ ਵਾਲੀਆਂ ਸਮੱਸਿਆਵਾਂ ਦੇ ਪਿੱਛੇ ਇਕ ਵੱਡੀ ਸਮੱਸਿਆ ਹੈ-ਕਮਜ਼ੋਰ ਅਤੇ ਢਿੱਲੀਆਂ ਹਵਾਬਾਜ਼ੀ ਨੀਤੀਆਂ ਜੋ ਏਅਰਲਾਈਨਜ਼ ਨੂੰ ਖਰਾਬ ਕਾਰਗੁਜ਼ਾਰੀ ਦੇ ਬਾਵਜੂਦ ਬਚਣ ਦਿੰਦੀਆਂ ਹਨ ਅਤੇ ਹਰ ਵੱਡੇ ਸੰਕਟ ’ਚ, ਇਹ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਹੀ ਹੈ ਜਿਸ ਨੂੰ ਪ੍ਰਬੰਧ, ਅਨੁਸ਼ਾਸਨ ਲਿਆਉਣ ਅਤੇ ਪੀੜਤ ਆਮ ਆਦਮੀ ਨੂੰ ਰਾਹਤ ਦੇਣ ਲਈ ਦਖਲ ਦੇਣਾ ਪੈਂਦਾ ਹੈ।
ਇਕ ਸਿਸਟਮ ਨੂੰ ਇੰਝ ਨਹੀਂ ਚੱਲਣਾ ਚਾਹੀਦਾ, ਪਰ ਅੱਜ ਇਹ ਪੀ. ਐੱਮ. ਓ. ਦੇ ਤੇਜ਼ ਫੈਸਲੇ ਹੀ ਹਨ ਜੋ ਹਵਾਬਾਜ਼ੀ ਸੈਕਟਰ ਨੂੰ ਪੂਰੀ ਤਰ੍ਹਾਂ ਅਰਾਜਕਤਾ ’ਚ ਡਿੱਗਣ ਤੋਂ ਬਚਾ ਰਹੇ ਹਨ।
ਇੰਡੀਗੋ ਦੀ ਖਰਾਬ ਕਾਰਗੁਜ਼ਾਰੀ ਅਤੇ ਆਮ ਆਦਮੀ ਦਾ ਰੋਜ਼ਾਨਾ ਦਾ ਸੰਘਰਸ਼ :
ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਸੁਭਾਵਿਕ ਤੌਰ ’ਤੇ ਜਦੋਂ ਇਹ ਫੇਲ ਹੁੰਦੀ ਹੈ ਤਾਂ ਇਸ ਦਾ ਅਸਰ ਬਹੁਤ ਵੱਡਾ ਹੁੰਦਾ ਹੈ। ਹਾਲ ਹੀ ’ਚ ਦੇਸ਼ ਭਰ ਦੇ ਮੁਸਾਫਰਾਂ ਨੂੰ ਇਨ੍ਹਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ-
-ਲੰਬੀ ਦੇਰੀ ਜਿਸ ਨੂੰ ‘ਆਪ੍ਰੇਸ਼ਨਲ ਸਮੱਸਿਆਵਾਂ’ ਦਾ ਨਾਂ ਦਿੱਤਾ ਗਿਆ।
–ਓਵਰਬੁੱਕ ਫਲਾਈਟਸ, ਉਦੋਂ ਵੀ ਜਦੋਂ ਮੁਸਾਫਰਾਂ ਕੋਲ ਕੰਫਰਮ ਟਿਕਟਾਂ ਹੁੰਦੀਆਂ ਹਨ।
– ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਆਖਰੀ ਮਿੰਟ ’ਚ ਕੈਂਸਲੇਸ਼ਨ।
–ਸਾਮਾਨ ਦੀ ਗਲਤ ਹੈਂਡਲਿੰਗ ਲਗਭਗ ਆਮ ਗੱਲ ਹੋ ਗਈ ਹੈ।
–ਪਰਿਵਾਰਾਂ, ਸੀਨਅਰ ਸਿਟੀਜ਼ਨ ਅਤੇ ਪਹਿਲੀ ਵਾਰ ਸਫਰ ਕਰਨ ਵਾਲਿਆਂ ਪ੍ਰਤੀ ਗੈਰ-ਸੰਵੇਦਨਸ਼ੀਲ ਵਿਵਹਾਰ।
ਆਮ ਆਦਮੀ ਲਈ ਇਹ ਸਮੱਸਿਆਵਾਂ ਸਿਰਫ ਅਸੁਵਿਧਾ ਤੋਂ ਕਿਤੇ ਵੱਧ ਹਨ। ਇਕ ਖੁੰਝੀ ਹੋਈ ਫਲਾਈਟ ਦਾ ਮਤਲਬ ਨੌਕਰੀ ਦਾ ਮੌਕਾ ਗੁਆਉਣਾ, ਮੈਡੀਕਲ ਅਪੁਆਇੰਟਮੈਂਟ ਛੁੱਟਣੀ ਜਾਂ ਪਰਿਵਾਰ ਦਾ ਕੋਈ ਸਮਾਗਮ ਖਰਾਬ ਹੋਣਾ ਹੋ ਸਕਦਾ ਹੈ। ਕਈ ਮੁਸਾਫਰ ਇਕ ਫਲਾਈਟ ਲਈ ਮਹੀਨਿਆਂ ਤਕ ਪੈਸੇ ਬਚਾਉਂਦੇ ਹਨ ਪਰ ਜਦੋਂ ਚੀਜ਼ਾਂ ਗਲਤ ਹੁੰਦੀਆਂ ਹਨ ਤਾਂ ਏਅਰਲਾਈਨਜ਼ ਅਕਸਰ ਬੜੀ ਘੱਟ ਜ਼ਿੰਮੇਵਾਰੀ ਦਿਖਾਉਂਦੀਆਂ ਹਨ।
ਕਮਜ਼ੋਰ ਨੀਤੀਆਂ ਹੀ ਇਸ ਗੜਬੜੀ ਦੀ ਜੜ੍ਹ ਹਨ : ਵੱਡਾ ਸਵਾਲ ਇਹ ਹੈ ਕਿ ੲੇਅਰਲਾੲੀਨਜ਼ ਅਜਿਹਾ ਵਿਵਹਾਰ ਕਿਉਂ ਕਰਦੀਆਂ ਹਨ? ਕਿਉਂਕਿ ਸਾਡੇ ਹਵਾਬਾਜ਼ੀ ਨਿਯਮ ਬੜੇ ਨਰਮ, ਬੜੇ ਪੁਰਾਣੇ ਅਤੇ ਏਅਰਲਾਈਨਜ਼ ਲਈ ਬੜੇ ਜ਼ਿਆਦਾ ਦੋਸਤਾਨਾ ਹਨ।
–ਦੇਰੀ ਲਈ ਜੁਰਮਾਨਾ ਬਹੁਤ ਘੱਟ ਹੈ।
–ਮੁਆਵਜ਼ੇ ਦੇ ਨਿਯਮ ਪੁਰਾਣੇ ਹੋ ਚੁੱਕੇ ਹਨ। -ਗੜਬੜੀ ਦੌਰਾਨ ਏਅਰਲਾਈਨਜ਼ ਨੂੰ ਠੀਕ ਢੰਗ ਨਾਲ ਗੱਲ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ।
–ਸ਼ਿਕਾਇਤ ਸਿਸਟਮ ਮੱਠਾ ਅਤੇ ਕੰਫਿਊਜ਼ਿੰਗ ਹੈ।
–ਡੀ. ਜੀ. ਸੀ. ਏ. ਉਦੋਂ ਕਾਰਵਾਈ ਕਰਦਾ ਹੈ ਜਦੋਂ ਜਨਤਾ ਦਾ ਦਬਾਅ ਪੈਂਦਾ ਹੈ?
ਸੌਖੇ ਸ਼ਬਦਾਂ ’ਚ ਕਹੀਏ ਤਾਂ ਏਅਰਲਾਈਨਜ਼ ਨੂੰ ਨਤੀਜਿਆਂ ਦਾ ਡਰ ਨਹੀਂ ਹੈ ਅਤੇ ਜਦੋਂ ਸਜ਼ਾ ਦਾ ਡਰ ਨਹੀਂ ਹੁੰਦਾ ਤਾਂ ਸਰਵਿਸ ਕੁਆਲਟੀ ਆਪਣੇ ਆਪ ਡਿੱਗ ਜਾਂਦੀ ਹੈ।
–ਆਮ ਆਦਮੀ ਹਮੇਸ਼ਾ ਕੀਮਤ ਅਦਾ ਕਰਦਾ ਹੈ।
–ਰੋਜ਼ਾਨਾ ਸੈਂਕੜੇ ਮੁਸਾਫਰ ਖੁਦ ਨੂੰ ਲਾਚਾਰ ਮਹਿਸੂਸ ਕਰਦੇ ਹਨ।
-ਇਕ ਨੌਜਵਾਨ ਵਿਦਿਆਰਥੀ ਜੋ ਪ੍ਰੀਖਿਆ ਲਈ ਸਫਰ ਕਰ ਰਿਹਾ ਹੈ।
-ਇਕ ਪਰਿਵਾਰ ਜੋ ਛੋਟੇ ਬੱਚਿਆਂ ਨਾਲ ਸਾਲ ’ਚ ਇਕ ਵਾਰ ਛੁੱਟੀ ’ਤੇ ਹੈ।
–ਇਕ ਸੀਨੀਅਰ ਸਿਟੀਜ਼ਨ ਜੋ ਮੈਡੀਕਲ ਇਲਾਜ ਲਈ ਹਵਾਈ ਸਫਰ ਕਰ ਰਿਹਾ ਹੈ।
–ਇਕ ਪ੍ਰਵਾਸੀ ਮਜ਼ਦੂਰ ਜੋ ਆਖਿਰਕਾਰ ਘਰ ਪਰਤ ਰਿਹਾ ਹੈ।
ਉਨ੍ਹਾਂ ਲਈ ਦੇਰੀ ਜਾਂ ਕੈਂਸਲੇਸ਼ਨ ਕੋਈ ਛੋਟੀ ਗੱਲ ਨਹੀਂ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ’ਤੇ ਡੂੰਘਾ ਅਸਰ ਪਾਉਂਦਾ ਹੈ। ਫਿਰ ਵੀ ਉਨ੍ਹਾਂ ਨੂੰ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ, ਏਅਰਪੋਰਟ ਦੀਆਂ ਕੁਰਸੀਆਂ ’ਤੇ ਸੌਣਾ ਪੈਂਦਾ ਹੈ, ਜ਼ਰੂਰੀ ਕੰਮ ਹੋਣ ਤੋਂ ਰਹਿ ਜਾਂਦੇ ਹਨ ਅਤੇ ਖਾਣੇ ਅਤੇ ਟਰਾਂਸਪੋਰਟ ’ਤੇ ਵੱਧ ਪੈਸੇ ਖਰਚ ਕਰਨੇ ਪੈਂਦੇ ਹਨ। ਇਹ ਸਭ ਸਿਰਫ ਇਸ ਲਈ ਕਿਉਂਕਿ ਇਹ ਏਅਰਲਾਈਨ ਠੀਕ ਢੰਗ ਨਾਲ ਯੋਜਨਾ ਬਣਾਉਣ ’ਚ ਅਸਫਲ ਰਹੀ ਅਤੇ ਜਦੋਂ ਉਹ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਅਕਸਰ ਇਕ ਜੈਨੇਰਿਕ ਈ-ਮੇਲ ਦੇ ਇਲਾਵਾ ਕੁਝ ਨਹੀਂ ਮਿਲਦਾ ਜਿਸ ’ਚ ਲਿਖਿਆ ਹੁੰਦਾ ਹੈ, ‘ਤੁਹਾਨੂੰ ਹੋਈ ਅਸੁਵਿਧਾ ਲਈ ਅਫਸੋਸ ਹੈ।’
ਜਦੋਂ ਪੀ. ਐੱਮ. ਓ. ਦਖਲ ਦਿੰਦਾ ਹੈ ਤਾਂ ਕੰਮ ਤੇਜ਼ੀ ਨਾਲ ਹੁੰਦਾ ਹੈ : ਪਿਛਲੇ ਕੁਝ ਸਾਲਾਂ ’ਚ ਇਕ ਪੈਟਰਨ ਸਾਫ ਹੋ ਗਿਆ ਹੈ ਕਿ ਜਦੋਂ ਵੀ ਹਵਾਬਾਜ਼ੀ ਸਿਸਟਮ ਖਰਾਬ ਹੁੰਦਾ ਹੈ, ਪੀ. ਐੱਮ. ਓ. ਉਸ ਨੂੰ ਠੀਕ ਕਰਦਾ ਹੈ।
ਜਦੋਂ ਵੀ ਮੁਸਾਫਰਾਂ ਦੀ ਪ੍ਰੇਸ਼ਾਨੀ ਦੇ ਵੀਡੀਓ ਵਾਇਰਲ ਹੁੰਦੇ ਹਨ, ਜਦੋਂ ਵੀ ਏਅਰਪੋਰਟ ’ਤੇ ਭੀੜ ਵਧ ਜਾਂਦੀ ਹੈ, ਜਦੋਂ ਵੀ ਏਅਰਲਾਈਨਜ਼ ਵਾਰ-ਵਾਰ ਫੇਲ ਹੁੰਦੀਆਂ ਹਨ, ਪੀ. ਐੱਮ. ਓ. ਦਖਲ ਦਿੰਦਾ ਹੈ ਅਤੇ ਚੀਜ਼ਾਂ ਤੁਰੰਤ ਬਦਲ ਜਾਂਦੀਆਂ ਹਨ।
–ਅਚਾਨਕ ਇੰਸਪੈਕਸ਼ਨ ਸ਼ੁਰੂ ਹੋ ਜਾਂਦੀਆਂ ਹਨ।
–ਡੀ. ਜੀ. ਸੀ. ਏ. ਐਕਟਿਵ ਹੋ ਜਾਂਦਾ ਹੈ।
–ਏਅਰਲਾਈਨਜ਼ ਨੂੰ ਜ਼ਰੂਰੀ ਮੀਟਿੰਗ ਲਈ ਸੱਦਿਆ ਜਾਂਦਾ ਹੈ।
–ਸਖਤ ਹੁਕਮ ਜਾਰੀ ਕੀਤੇ ਜਾਂਦੇ ਹਨ।
–ਮੁਸਾਫਰਾਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਹੱਲ ਹੋਣ ਲੱਗਦੀਆਂ ਹਨ।
ਜੇਕਰ ਪੀ. ਐੱਮ. ਓ. ਦਾ ਦਖਲ ਨਾ ਹੁੰਦਾ ਤਾਂ ਸਥਿਤੀ ਹੋਰ ਵੀ ਖਰਾਬ ਹੁੰਦੀ। ਪ੍ਰਧਾਨ ਮੰਤਰੀ ਦੇ ਅਨੁਸ਼ਾਸਨ, ਜਵਾਬਦੇਹੀ ਅਤੇ ਲੋਕ ਸੇਵਾ ’ਤੇ ਜ਼ੋਰ ਨੇ ਵਾਰ-ਵਾਰ ਇਕ ਅਜਿਹੇ ਸੈਕਟਰ ’ਚ ਵਿਵਸਥਾ ਲਿਆਂਦੀ ਹੈ ਜੋ ਅਕਸਰ ਅਵਿਵਸਥਾ ’ਚ ਚਲਾ ਜਾਂਦਾ ਹੈ। ਇੰਡੀਗੋ ਦੀ ਗੜਬੜੀ ਸਿਰਫ ਕਸਟਮਰ ਸਰਵਿਸ ਦਾ ਮਾਮਲਾ ਨਹੀਂ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਡੀਆਂ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਪੀ. ਐੱਮ. ਓ. ਦੀ ਸਮੇਂ ਸਿਰ ਕਾਰਵਾਈ ਹੀ ਇਕੋ-ਇਕ ਅਜਿਹੀ ਤਾਕਤ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਆਮ ਆਦਮੀ ਦੀ ਗੱਲ ਸੁਣੀ ਜਾਵੇ, ਉਸ ਨੂੰ ਸੁਰੱਖਿਆ ਮਿਲੇ ਅਤੇ ਉਸ ਦਾ ਸਨਮਾਨ ਹੋਵੇ।
- ਦੇਵੀ ਐੱਮ. ਚੇਰੀਅਨ
