‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!
Tuesday, Dec 16, 2025 - 06:07 AM (IST)
ਇਸ ਸਮੇਂ ਦੇਸ਼ ਨੂੰ ਇਕ ਪਾਸੇ ਪਾਕਿਸਤਾਨ ਤੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਭਾਰਤ ’ਚ ਰਹਿ ਕੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਵਾਲੇ ਦੇਸ਼ਧ੍ਰੋਹੀਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਜੋ ਆਪਣੇ ਹੀ ਦੇਸ਼ ਦੇ ਰਣਨੀਤਿਕ ਮਹੱਤਵ ਦੀ ਜਾਣਕਾਰੀ ਪਾਕਿਸਤਾਨ ਨੂੰ ਦੇ ਕੇ ਭਾਰਤ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ। ਇਨ੍ਹਾਂ ਦੀਆਂ ਇਸੇ ਮਹੀਨੇ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :
* 2 ਦਸੰਬਰ ਨੂੰ ‘ਜੈਪੁਰ’ (ਰਾਜਸਥਾਨ) ‘ਸੀ.ਆਈ. ਡੀ.’ ਦੀ ਟੀਮ ਨੇ ‘ਗੰਗਾਨਗਰ’ ’ਚ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਖੁਫੀਆ ਏਜੰਸੀ ‘ਆਈ.ਸੀ.ਆਈ.’ ਦੇ ਸਰਗਰਮ ਅਤੇ ਟ੍ਰੇਂਡ ਮੈਂਬਰ ‘ਪ੍ਰਕਾਸ਼ ਸਿੰਘ’ ਉਰਫ ‘ਬਾਦਲ’ ਨੂੰ ਜੈਪੁਰ ਅਦਾਲਤ ’ਚ ਪੇਸ਼ ਕੀਤਾ।
ਰਾਜਸਥਾਨ ਦੇ ਪੁਲਸ ਡਾਇਰੈਕਟਰ ਜਨਰਲ (ਇੰਟੈਲੀਜੈਂਸ) ‘ਪ੍ਰਫੁਲ ਕੁਮਾਰ’ ਦੇ ਅਨੁਸਾਰ ਮੂਲ ਤੌਰ ’ਤੇ ਫਿਰੋਜ਼ਪੁਰ (ਪੰਜਾਬ) ਦੇ ਰਹਿਣ ਵਾਲੇ ‘ਪ੍ਰਕਾਸ਼ ਿਸੰਘ’ ਤੋਂ ਪੁੱਛਗਿੱਛ ਦੇ ਦੌਰਾਨ ਅਨੇਕ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਉਹ ਪੰਜਾਬ ਦੇ ਨਾਲ ਲੱਗਣ ਵਾਲੀ ਕੌਮਾਂਤਰੀ ਸਰਹੱਦ ਸਬੰਧੀ ਰਣਨੀਤਿਕ ਮਹੱਤਵ ਦੀ ਖੁਫੀਆ ਜਾਣਕਾਰੀ ਪਾਕਿਸਤਾਨੀ ‘ਹੈਂਡਲਰਾਂ’ ਨੂੰ ਭੇਜਦਾ ਸੀ।
* 4 ਦਸੰਬਰ ਨੂੰ ‘ਗੁਜਰਾਤ ਐਂਟੀ ਟੈਰੇਰਿਸਟ ਸਕੁਐਡ’ (ਏ. ਟੀ. ਐੱਸ.) ਨੇ ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਦੇ ਦੋਸ਼ ’ਚ ਭਾਰਤੀ ਫੌਜ ਦੇ ਸਾਬਕਾ ਸੂਬੇਦਾਰ, ਬਿਹਾਰ ਿਨਵਾਸੀ ‘ਅਜੇ ਕੁਮਾਰ ਿਸੰਘ’ ਨੂੰ ‘ਗੋਆ’ ਤੋਂ ਗ੍ਰਿਫਤਾਰ ਕੀਤਾ, ਜਿੱਥੇ ਉਹ 2022 ’ਚ ਫੌਜ ਤੋਂ ਿਰਟਾਇਰ ਹੋਣ ਤੋਂ ਬਾਅਦ ਇਕ ਿਡਸਟਿਲਰੀ ’ਚ ਨੌਕਰੀ ਕਰ ਰਿਹਾ ਸੀ।
ਅਧਿਕਾਰੀਆਂ ਅਨੁਸਾਰ ‘ਨਾਗਾਲੈਂਡ’ ਦੇ ‘ਦੀਮਾਪੁਰ’ ’ਚ ‘ਅਜੇ ਕੁਮਾਰ ਿਸੰਘ’ ਦੀ ਤਾਇਨਾਤੀ ਦੇ ਦੌਰਾਨ ‘ਅੰਕਿਤਾ ਸ਼ਰਮਾ’ ਦੇ ਨਕਲੀ ਨਾਂ ਨਾਲ ਇਕ ਪਾਕਿਸਤਾਨੀ ਮਹਿਲਾ ਖੁਫੀਆ ਅਧਿਕਾਰੀ 2022 ’ਚ ਉਸ ਨਾਲ ਜੁੜੀ ਅਤੇ ਫੌਜ ਤੋਂ ‘ਅਜੇ ਕੁਮਾਰ ਿਸੰਘ’ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਉਸ ਦੇ ਸੰਪਰਕ ’ਚ ਰਹੀ।
* 4 ਦਸੰਬਰ ਨੂੰ ਹੀ ਗੁਜਰਾਤ ਐਂਟੀ ਟੈਰੇਰਿਸਟ ਸਕੁਐਡ (ਏ. ਟੀ. ਐੱਸ.) ਨੇ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਇਕ ਮਹਿਲਾ ‘ਰਸ਼ਮੀ ਰਵਿੰਦਰ ਪਾਲ’ ਨੂੰ ਫੌਜ ਅਧਿਕਾਰੀਆਂ ਨੂੰ ‘ਹਨੀ ਟ੍ਰੈਪ’ ਕਰ ਕੇ (ਆਪਣੇ ਜਾਲ ’ਚ ਫਸਾ ਕੇ) ਭਾਰਤੀ ਫੌਜ ਨਾਲ ਸਬੰਧਤ ਨਾਜ਼ੁਕ ਖੁਫੀਆ ਜਾਣਕਾਰੀ ਪਾਕਿਸਤਾਨ ਦੇ ਖੁਫੀਆ ਏਜੰਟਾਂ ਤੱਕ ਪਹੁੰਚਾਉਣ ਦੇ ਦੋਸ਼ ’ਚ ‘ਦਮਨ’ ਤੋਂ ਗ੍ਰਿਫਤਾਰ ਕੀਤਾ।
* 9 ਦਸੰਬਰ ਨੂੰ ‘ਮੇਵਾਤ’ (ਹਰਿਆਣਾ) ’ਚ ਐੱਸ. ਆਈ. ਟੀ. ਨੇ ਟੈਰਰ ਫੰਡਿੰਗ ਅਤੇ ਜਾਸੂਸੀ ਮਾਮਲੇ ’ਚ ‘ਅੰਮ੍ਰਿਤਸਰ’ (ਪੰਜਾਬ) ਦੇ ‘ਸੁਮਿਤ’ ਨੂੰ ‘ਹਵਾਲਾ’ ਦੇ ਜ਼ਰੀਏ ਆਉਣ ਵਾਲੀ ਰਕਮ ਨੂੰ ਇੱਧਰੋਂ ਉਧਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 11 ਦਸੰਬਰ ਨੂੰ ‘ਮੇਵਾਤ’ (ਹਰਿਆਣਾ) ਖੇਤਰ ’ਚ ਚੱਲ ਰਹੇ ਪਾਕਿਸਤਾਨੀ ਜਾਸੂਸੀ ਅਤੇ ਟੈਰਰ ਫੰਡਿੰਗ ਮਾਮਲੇ ’ਚ ਪੁਲਸ ਦੇ ਵਿਸ਼ੇਸ਼ ਜਾਂਚ ਦਲ ਨੇ ‘ਤਾਵੜ’ (ਹਰਿਆਣਾ) ਦੇ ਪਿੰਡ ‘ਭੰਗੋਹ’ ਦੇ ਰਹਿਣ ਵਾਲੇ ਵਕੀਲ ‘ਨਯੂਬ’ ਨੂੰ ਗ੍ਰਿਫਤਾਰ ਕੀਤਾ।
* 11 ਦਸੰਬਰ ਨੂੰ ਹੀ ‘ਚਿੰਪੂ’ (ਅਰੁਣਾਂਚਲ ਪ੍ਰਦੇਸ਼) ’ਚ ਕੁਪਵਾੜਾ (ਜੰਮੂ-ਕਸ਼ਮੀਰ) ਦੇ ਰਹਿਣ ਵਾਲੇ 2 ਕਸ਼ਮੀਰੀਆਂ ‘ਨਜੀਰ ਅਹਿਮਦ ਮਲਿਕ’ ਨੂੰ ਅਤੇ ਉਸ ਦੇ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ‘ਸਾਬਿਰ ਅਹਿਮਦ ਮੀਰ’ ਨੂੰ ਅਧਿਕਾਰੀਆਂ ਨੇ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭਾਰਤ ਦੀਆਂ ਨਾਜ਼ੁਕ ਜਾਣਕਾਰੀਆਂ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* ਅਤੇ ਹੁਣ 13 ਦਸੰਬਰ ਨੂੰ ‘ਸੋਨਿਤਪੁਰ’ (ਅਸਮ) ਜ਼ਿਲੇ ’ਚ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਸ ਦੇ ਨਾਲ ਨਾਜ਼ੁਕ ਜਾਣਕਾਰੀ ਅਤੇ ਦਸਤਾਵੇਜ਼ ਸਾਂਝੇ ਕਰਨ ਦੇ ਦੋਸ਼ ’ਚ ‘ਤੇਜਪੁਰ’ ਨਿਵਾਸੀ ਭਾਰਤੀ ਹਵਾਈ ਫੌਜ ਦੇ ਇਕ ਰਿਟਾਇਰਡ ਜੂਨੀਅਰ ਵਾਰੰਟ ਆਫਿਸਰ ‘ਕੁਲੇਂਦਰ ਸ਼ਰਮਾ’ ਨੂੰ ਗ੍ਰਿਫਤਾਰ ਕੀਤਾ ਿਗਆ ਹੈ।
ਪੁਲਸ ਨੇ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਜਾਂਚ ਦੌਰਾਨ ਪਾਇਆ ਿਗਆ ਕਿ ‘ਕੁਲੇਂਦਰ ਸ਼ਰਮਾ’ ਨੇ ਆਪਣੇ ਮੋਬਾਈਲ ਫੋਨ ਤੋਂ ਕੁਝ ਡਿਟੇਲ ਡਿਲੀਟ ਕਰ ਦਿੱਤੀ ਹੈ। ਇਸ ਕਾਰਨ ਉਸ ਦੇ ਲੈਪਟਾਪ ਅਤੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਕਰਾਈ ਜਾਵੇਗੀ।
ਜਿਸ ਥਾਲੀ ’ਚ ਖਾਂਦੇ ਉਸੇ ’ਚ ਛੇਕ ਕਰਨ ਵਾਲਿਆਂ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਘਰ ’ਚ ਹੀ ਦੇਸ਼ਧ੍ਰੋਹੀ ਮੌਜੂਦ ਹਨ। ਅਜਿਹੇ ’ਚ ਸੁਰੱਖਿਆ ਬਲਾਂ ਨੂੰ ਜ਼ਿਆਦਾ ਚੌਕਸੀ ਵਰਤਣ ਅਤੇ ਫੜੇ ਗਏ ਦੇਸ਼ਧ੍ਰੋਹੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦਾ ਅੰਜ਼ਾਮ ਦੇਖ ਕੇ ਦੂਜਿਆਂ ਨੂੰ ਵੀ ਸਬਕ ਮਿਲੇ।
–ਵਿਜੇ ਕੁਮਾਰ
