‘ਭਾਰਤ ’ਚ ਫੈਲ ਰਿਹਾ ਠੱਗਾਂ ਦਾ ਜਾਲ’ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ!
Saturday, Dec 13, 2025 - 03:36 AM (IST)
ਫਟਾਫਟ ਅਮੀਰ ਬਣਨ ਲਈ ਅੱਜਕਲ ਸਮਾਜ ਵਿਰੋਧੀ ਤੱਤਾਂ ਨੇ ਲੋਕਾਂ ਅਤੇ ਇਥੋਂ ਤਕ ਕਿ ਸਰਕਾਰ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਕੇ ਠੱਗਣਾ ਸ਼ੁਰੂ ਕੀਤਾ ਹੋਇਆ ਹੈ ਜਿਨ੍ਹਾਂ ਦੀਆਂ ਸਿਰਫ ਇਸੇ ਮਹੀਨੇ ਦੇ 3 ਦਿਨਾਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 8 ਦਸੰਬਰ ਨੂੰ ‘ਅਹਿਮਦਾਬਾਦ’ (ਗੁਜਰਾਤ) ’ਚ ਆਨਲਾਈਨ ਸਬਜ਼ੀਆਂ ਮੰਗਵਾਉਣ ਵਾਲੀ ਇਕ ਮਹਿਲਾ ਨੂੰ 24 ਰੁਪਏ ਦੇ ਬੈਂਗਨ ਦਾ ਰਿਫੰਡ ਲੈਣ ਦੇ ਚੱਕਰ ’ਚ 87,000 ਰੁਪਏ ਦਾ ਚੂਨਾ ਲੱਗ ਗਿਆ।
ਆਨਲਾਈਨ ਸਰਚ ਕਰਨ ’ਤੇ ਮਿਲੇ ਕਸਟਮਰ ਸਪੋਰਟ ਨੰਬਰ ’ਤੇ ਕਾਲ ਕਰਨ ’ਤੇ ਉਸ ਨੂੰ ਵ੍ਹਟਸਐਪ ਕਾਲ ਕਰਨ ਨੂੰ ਕਿਹਾ ਗਿਆ ਅਤੇ ਇਸੇ ਕਾਲ ’ਤੇ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਰਿਫੰਡ ਪ੍ਰੋਸੈੱਸ ਹੋ ਗਿਆ ਹੈ ਅਤੇ ਉਨ੍ਹਾਂ ਦੇ ਦੱਸੇ ਅਨੁਸਾਰ ਰਿਫੰਡ ਚੈੱਕ ਕਰਨ ਦੇ ਚੱਕਰ ’ਚ ਉਸ ਦੇ ਬੈਂਕ ਖਾਤੇ ’ਚੋਂ 87,000 ਰੁਪਏ ਗਾਇਬ ਹੋ ਗਏ।
* 11 ਦਸੰਬਰ ਨੂੰ ‘ਬਾਂਕਾ’ (ਉੱਤਰ ਪ੍ਰਦੇਸ਼) ’ਚ ਐੱਨ. ਜੀ. ਓ. ਅਤੇ ਕੋਚਿੰਗ ਸੈਂਟਰ ਦੀ ਅਾੜ ’ਚ ਦਰਜਨਾਂ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਨੌਕਰੀ ਅਤੇ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਲਗਭਗ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਲਲਿਤ ਕਿਸ਼ੋਰ ਕੁਮਾਰ’ ਉਰਫ ‘ਗੌਰਵ ਕੁਮਾਰ’ ਅਤੇ ਉਸ ਦੇ 2 ਸਾਥੀਅਾਂ ਨੂੰ ‘ਗੋਰਖਪੁਰ’ ਦੀ ਪੁਲਸ ਨੇ 4.15 ਲੱਖ ਰੁਪਏ ਨਕਦ, 30 ਗ੍ਰਾਮ ਸੋਨਾ, 50 ਗ੍ਰਾਮ ਚਾਂਦੀ ਅਤੇ ਇਕ ਬੋਲੈਰੋ ਗੱਡੀ ਦੇ ਨਾਲ ਗ੍ਰਿਫਤਾਰ ਕੀਤਾ।
* 11 ਦਸੰਬਰ ਨੂੰ ਹੀ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਜ਼ਿਲੇ ’ਚ 2 ਨੌਜਵਾਨਾਂ ਨੇ ਅਾਨਲਾਈਨ ਟ੍ਰੇਡਿੰਗ ’ਚ ਰਕਮ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਇਕ ਨੌਜਵਾਨ ਨੂੰ 1,62,400 ਰੁਪਏ ਦਾ ਚੂਨਾ ਲਗਾ ਦਿੱਤਾ।
* 11 ਦਸੰਬਰ ਨੂੰ ਹੀ ‘ਡੀਗ’ (ਰਾਜਸਥਾਨ) ’ਚ ਪੁਲਸ ਨੇ ਸੋਸ਼ਲ ਮੀਡੀਆ ’ਤੇ ‘ਯੌਨ ਸਮਰੱਥਾ ਵਧਾਉਣ ਦੀ ਦਵਾਈ’ ਅਤੇ ‘ਗਾਵਾਂ-ਮੱਝਾਂ’ ਸਸਤੀਆਂ ਕੀਮਤਾਂ ’ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ 37 ਠੱਗਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 44 ਮੋਬਾਈਲ ਫੋਨ, 54 ਸਿਮ ਕਾਰਡ, 3 ਮੋਟਰਸਾਈਕਲ ਅਤੇ 1 ਏ. ਟੀ. ਐੱਮ. ਕਾਰਡ ਬਰਾਮਦ ਕੀਤਾ।
* 11 ਦਸੰਬਰ ਨੂੰ ਹੀ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ‘ਗੋਵਰਧਨ’ ਦੇ ‘ਦੇਵਸੇਰਸ’ ਪਿੰਡ ’ਚ ਪੁਲਸ ਨੇ ਛਾਪਾ ਮਾਰ ਕੇ ਸਸਤੀਆਂ ਕੀਮਤਾਂ ’ਤੇ ਸੋਨਾ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ‘ਟਟਲੂ ਗਿਰੋਹ’ ਦੇ 42 ਮੈਂਬਰਾਂ ਨੂੰ ਹਿਰਾਸਤ ’ਚ ਲਿਆ।
* 11 ਦਸੰਬਰ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੀ ਪਤਨੀ ਤੋਂ 3 ਲੱਖ ਰੁਪਏ ਠੱਗਣ ਦੇ ਦੋਸ਼ ’ਚ ਇਕ ਵਿਅਕਤੀ ਦੇ ਵਿਰੁੱਧ ਕੇਸ ਦਰਜ ਕੀਤਾ।
* 11 ਦਸੰਬਰ ਨੂੰ ਹੀ ‘ਪਠਾਨਕੋਟ’ (ਪੰਜਾਬ) ’ਚ ਰੇਲਵੇ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 14.95 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਪੁਲਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ।
* 11 ਦਸੰਬਰ ਨੂੰ ਹੀ ‘ਬਠਿੰਡਾ’ (ਪੰਜਾਬ) ’ਚ ਸਸਤੇ ਭਾਅ ’ਤੇ ਜ਼ਮੀਨ ਦਾ ਸੌਦਾ ਕਰਵਾਉਣ ਦੇ ਨਾਂ ’ਤੇ ਇਕ ਵਿਅਕਤੀ ਨਾਲ 52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਰਾਮਪੁਰਾ ਪੁਲਸ ਨੇ 2 ਦੋਸ਼ੀਅਾਂ ਵਿਰੁੱਧ ਠੱਗੀ ਦਾ ਕੇਸ ਦਰਜ ਕੀਤਾ।
ਕਿਹਾ ਗਿਅਾ ਕਿ ਇਸ ਜ਼ਮੀਨ ਦੀ ਮਾਰਕੀਟ ਪ੍ਰਾਈਸ ਵੱਧ ਹੈ ਪਰ ਇਸ ਦੇ ਮਾਲਕ ਨੂੰ ਪੈਸਿਅਾਂ ਦੀ ਲੋੜ ਹੋਣ ਕਾਰਨ ਉਹ ਇਸ ਨੂੰ ਘੱਟ ਕੀਮਤ ’ਤੇ ਵੇਚ ਰਿਹਾ ਹੈ। 52 ਲੱਖ ਰੁਪਏ ’ਚ ਜ਼ਮੀਨ ਦਾ ਸੌਦਾ ਹੋ ਗਿਆ ਅਤੇ ਜਦੋਂ ਖਰੀਦਦਾਰ ਨੇ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਦੋਸ਼ੀ ਮੁੱਕਰ ਗਏ ਅਤੇ ਉਸ ਤੋਂ ਲਈ ਹੋਈ ਰਕਮ ਵੀ ਵਾਪਸ ਨਹੀਂ ਕੀਤੀ।
* 11 ਦਸੰਬਰ ਨੂੰ ਹੀ ਮੱਧ ਪ੍ਰਦੇਸ਼ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜ ਕੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਸੰਤੋਸ਼ ਵਰਮਾ ਨੂੰ ਜਾਅਲੀ ਦਸਤਾਵੇਜ਼ਾਂ ਨਾਲ ਤਰੱਕੀ ਹਾਸਲ ਕਰਨ ਅਤੇ ਹੋਰ ਬੇਨਿਯਮੀਅਾਂ ਨੂੰ ਲੈ ਕੇ ਸੰਤੋਸ਼ ਵਰਮਾ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇ ਦੌਰ ’ਚ ਸਮਾਜ ਵਿਰੋਧੀ ਤੱਤ ਕਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਤਰੀਕੇ ਲੱਭ ਕੇ ਲੋਕਾਂ ਨੂੰ ਠੱਗਣ ’ਚ ਰੁੱਝੇ ਹੋਏ ਹਨ। ਇਸ ਲਈ ਇਸ ਸੰਬੰਧ ’ਚ ਜਿਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਚਾਹੀਦੀ ਹੈ, ਉਥੇ ਹੀ ਅਜਿਹੇ ਅਪਰਾਧਾਂ ’ਚ ਫੜੇ ਜਾਣ ਵਾਲੇ ਲੋਕਾਂ ਨੂੰ ਵੀ ਸਰਕਾਰ ਵਲੋਂ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
