‘ਇਕ ਹੋਰ ਬਾਬੇ ’ਤੇ ਸੈਕਸ ਸ਼ੋਸ਼ਣ ਦੇ ਦੋਸ਼’ ਔਰਤਾਂ ਨੂੰ ਜਾਗਰੂਕ ਤੇ ਸੁਚੇਤ ਰਹਿਣ ਦੀ ਲੋੜ!
Thursday, Dec 11, 2025 - 04:11 AM (IST)
ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਅਗਵਾਈ ਮੁਹੱਈਆ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਆਚਰਨ ਕਰ ਕੇ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।
ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ, ਲੰਗਾਯਤ ਸਾਧੂ ‘ਸ਼ਿਵਮੂਰਤੀ ਮੁਰੂਘਾ ਸ਼ਰਣਾਰੂ’ ਅਤੇ ‘ਜਲੇਬੀ ਬਾਬਾ’ ਆਦਿ ਨੂੰ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਹੁਣ ਅਜਿਹੇ ਹੀ ਮਾਮਲੇ ’ਚ ਕਰਨਾਟਕ ਦੇ ‘ਸ਼੍ਰੰਗੇਰੀ ਸਥਿਤ’ ‘ਸ਼੍ਰੀ ਸ਼੍ਰੀ ਜਗਤਗੁਰੂ ਸ਼ੰਕਰਾਚਾਰੀਆ ਮਹਾਸੰਸਥਾਨਮ ਦਕਸ਼ਿਣਮਨਾਯਾ ਸ਼੍ਰੀ ਸ਼ਾਰਦਾਪੀਠਮ’ ਵਲੋਂ ‘ਦਿੱਲੀ’ ਦੇ ਵਸੰਤ ਕੁੰਜ ’ਚ ਚਲਾਏ ਜਾ ਰਹੇ ‘ਸ਼੍ਰੀ ਸ਼ਾਰਦਾ ਇੰਸਟੀਚਿਊਟ ਅਾਫ ਇੰਡੀਅਨ ਮੈਨੇਜਮੈਂਟ’ ਦੇ ਡਾਇਰੈਕਟਰ ‘ਸਵਾਮੀ ਚੈਤਨਯਾਨੰਦ ਸਰਸਵਤੀ’ (62) ਦਾ ਨਾਂ ਸਾਹਮਣੇ ਆਇਆ ਹੈ। ਉਹ ਮੂਲ ਤੌਰ ’ਤੇ ‘ਓਡਿਸ਼ਾ’ ਦਾ ਰਹਿਣ ਵਾਲਾ ਹੈ। ਉਸ ਨੂੰ ਪਹਿਲਾਂ ਸਵਾਮੀ ਪਾਰਥਸਾਰਥੀ ਦੇ ਨਾਂ ਨਾਲ ਵੀ ਜਾਣਿਅਾ ਜਾਂਦਾ ਸੀ। ਉਹ 12 ਸਾਲਾਂ ਤੋਂ ਇਥੇ ਰਹਿ ਰਿਹਾ ਸੀ।
ਉਸ ਦੇ ਵਿਰੁੱਧ 4 ਅਗਸਤ ਨੂੰ ‘ਵਸੰਤ ਕੁੰਜ’ ਪੁਲਸ ਥਾਣੇ ’ਚ ਸੰਸਥਾਨ ਦੇ ਇਕ ਐਡਮਨਿਸਟ੍ਰੇਟਰ ਤੋਂ ਮਿਲੀ ਸ਼ਿਕਾਇਤ ’ਚ ਸੰਸਥਾਨ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਵਿਦਿਆਰਥਣਾਂ ਨੇ ਉਸ ’ਤੇ ਗਾਲੀ-ਗਲੋਚ ਕਰਨ, ਅਸ਼ਲੀਲ ਵ੍ਹਟਸਐਪ ਅਤੇ ਟੈਕਸਟ ਮੈਸੇਜ ਭੇਜਣ ਅਤੇ ਬੇਲੋੜੀ ‘ਸਰੀਰਕ ਸਪਰਸ਼’ ਲਈ ਉਨ੍ਹਾਂ ’ਤੇ ਦਬਾਅ ਪਾਉਣ ਦਾ ਦੋਸ਼ ਵੀ ਲਗਾਇਆ।
ਜਾਂਚ ’ਚ ਪਾਇਆ ਗਿਆ ਕਿ 32 ਵਿਦਿਆਰਥਣਾਂ ’ਚੋਂ ਲੱਗਭਗ 17 ਨੂੰ ਮੁਲਜ਼ਮ ਵਲੋਂ ਰੋਜ਼ਾਨਾ ਸੈਕਸ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਸੰਸਥਾ ਦੀਅਾਂ ਕੁਝ ਅੌਰਤ ਕਰਮਚਾਰਨਾਂ ਉਨ੍ਹਾਂ ਨੂੰ ‘ਚੈਤਨਯਾਨੰਦ’ ਦੀਅਾਂ ਮੰਗਾਂ ਪੂਰੀਅਾਂ ਕਰਨ ਅਤੇ ਉਸ ਦੇ ਭੇਜੇ ਹੋਏ ਅਸ਼ਲੀਲ ਮੈਸੇਜ ਆਦਿ ਡਿਲੀਟ ਕਰਨ ਲਈ ਕਹਿੰਦੀਅਾਂ ਸਨ।
‘ਸਵਾਮੀ ਚੈਤਨਯਾਨੰਦ’ ਉੱਤੇ ਇਹ ਵੀ ਦੋਸ਼ ਹੈ ਕਿ ਉਸ ਨੇ ਸੰਸਥਾਨ ’ਚ ਔਰਤਾਂ ਦੇ ਹੋਸਟਲ ’ਚ ਗੁਪਤ ਕੈਮਰੇ ਲਗਾ ਹੋਏ ਸਨ। ਉਹ ਦੇਰ ਰਾਤ ਵਿਦਿਆਰਥਣਾਂ ਨੂੰ ਅਾਪਣੇ ਕਮਰੇ ’ਚ ਬੁਲਾਉਂਦਾ ਸੀ। ਉਨ੍ਹਾਂ ਨੂੰ ਅਾਪਣੇ ਨਾਲ ਵਿਦੇਸ਼ ਯਾਤਰਾਵਾਂ ’ਤੇ ਵੀ ਲੈ ਕੇ ਜਾਂਦਾ ਸੀ। ‘ਸਵਾਮੀ ਚੈਤਨਯਾਨੰਦ’ ਦੇ ਫੋਨ ’ਚ ਕਈ ਔਰਤਾਂ ਦੇ ਫੋਟੋ ਅਤੇ ਸਕ੍ਰੀਨ ਸ਼ਾਟ ਮਿਲੇ ਹਨ ਜਿਨ੍ਹਾਂ ’ਚ ਕਈ ਏਅਰਹੋਸਟੈੱਸਾਂ ਦੀਅਾਂ ਫੋਟੋਜ਼ ਵੀ ਸ਼ਾਮਲ ਹਨ।
ਉਸ ਦੀਅਾਂ ਮੰਗਾਂ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਸੰਸਥਾਨ ’ਚੋਂ ਕੱਢ ਦੇਣ ਅਤੇ ਉਨ੍ਹਾਂ ਦੀਅਾਂ ਡਿਗਰੀਅਾਂ ਅਤੇ ਦਸਤਾਵੇਜ਼ ਜ਼ਬਤ ਕਰ ਲੈਣ ਦੀਅਾਂ ਧਮਕੀਅਾਂ ਵੀ ਦਿੱਤੀਅਾਂ ਜਾਂਦੀਅਾਂ ਸਨ। ਪੁਲਸ ਦਾ ਕਹਿਣਾ ਹੈ ਕਿ ਅਾਪਣੇ ਵਿਰੁੱਧ ਕੇਸ ਦਰਜ ਹੁੰਦੇ ਹੀ ਉਹ ਗਾਇਬ ਹੋ ਗਿਆ ਸੀ ਅਤੇ ਵਾਰ-ਵਾਰ ਅਾਪਣੀ ਲੋਕੇਸ਼ਨ ਬਦਲ ਰਿਹਾ ਸੀ। ਉਸ ਨੂੰ ਅਖੀਰ 23 ਸਤੰਬਰ ਨੂੰ ‘ਆਗਰਾ’ ਤੋਂ ਗ੍ਰਿਫਤਾਰ ਕੀਤਾ ਗਿਆ।
‘ਸਵਾਮੀ ਚੈਤਨਯਾਨੰਦ’ ਉੱਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ। ਸਾਲ 2009 ਅਤੇ 2016 ’ਚ ਉਸ ਦੇ ਵਿਰੁੱਧ ਛੇੜਛਾੜ ਦੀਅਾਂ ਸ਼ਿਕਾਇਤਾਂ ਦਰਜ ਕਰਵਾਈਅਾਂ ਗਈਅਾਂ ਸਨ। ਇਸ ਸਮੇਂ ਉਸ ਦੇ ਵਿਰੁੱਧ 2 ਕੇਸ ਇਕੱਠੇ ਚੱਲ ਰਹੇ ਹਨ।
ਸਵਾਮੀ ਚੈਤਨਯਾਨੰਦ ਤੋਂ ਪੁੱਛਗਿੱਛ ਦੌਰਾਨ ਸੰਸਥਾਨ ਦੇ ਬੇਸਮੈਂਟ ਤੋਂ ‘ਸਵਾਮੀ ਚੈਤਨਯਾਨੰਦ’ ਵਲੋਂ ਵਰਤੀ ਜਾਣ ਵਾਲੀ ‘ਵੋਲਵੋ ਕਾਰ’ ਵੀ ਬਰਾਮਦ ਹੋਈ ਜਿਸ ’ਤੇ ਉਸ ਨੇ ਅਾਪਣਾ ਪ੍ਰਭਾਵ ਜਮਾਉਣ ਲਈ ਫਰਜ਼ੀ ਡਿਪਲੋਮੈਟਿਕ ਨੰਬਰ ਪਲੇਟ (36 ਯੂ.ਐੱਨ. 1) ਲਗਾ ਰੱਖੀ ਸੀ। ਇਸ ਮਾਮਲੇ ’ਚ ਉਸ ਨੂੰ 9 ਦਸੰਬਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ।
ਇਸੇ ਦਰਮਿਆਨ ਸੰਸਥਾਨ ਦੀ ਪ੍ਰਬੰਧਕ ‘ਸ਼੍ਰੀ ਸ਼੍ਰੀ ਜਗਤ ਗੁਰੂ ਸ਼ੰਕਰਾਚਾਰੀਆ ਮਹਾਸੰਸਥਾਨਮ ਦਕਸ਼ਿਣਮਨਾਯਾ ਸ਼੍ਰੀ ਸ਼ਾਰਦਾਪੀਠਮ’ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੋਸ਼ੀ ਦਾ ਆਚਰਣ ਅਤੇ ਸਰਗਰਮੀਅਾਂ ਨਾਜਾਇਜ਼ ਅਤੇ ਅਣਉਚਿਤ ਅਤੇ ਪੀਠ ਦੇ ਹਿੱਤਾਂ ਦੇ ਉਲਟ ਪਾਈਆਂ ਜਾਣ ਦੇ ਕਾਰਨ ਇਸ ਨੇ ਚੈਤਨਯਾਨੰਦ ਦੇ ਨਾਲ ਸਾਰੇ ਸੰਬੰਧ ਖਤਮ ਕਰ ਲਏ ਹਨ ਅਤੇ ਮੁਲਜ਼ਮ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਅਾਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹੈ। ਪੁਲਸ ਨੂੰ ਇਸ ਮਾਮਲੇ ’ਚ ਉਸ ਦੇ ਵਿਰੁੱਧ ਪੁਖਤਾ ਸਬੂਤ ਇਕੱਠਾ ਕਰ ਕੇ ਮਜ਼ਬੂਤੀ ਨਾਲ ਚਲਾਨ ਪੇਸ਼ ਕਰਨਾ ਚਾਹੀਦਾ ਹੈ ਤਾਂਕਿ ਉਸ ਨੂੰ ਅਦਾਲਤ ਤੋਂ ਅਾਪਣੇ ਕਾਰਿਆਂ ਦੀ ਸਜ਼ਾ ਮਿਲ ਸਕੇ। ਇਸ ਨਾਲ ਔਰਤਾਂ ਦਾ ਸੈਕਸ ਸ਼ੋਸ਼ਣ ਕਰਨ ਵਾਲਿਅਾਂ ਨੂੰ ਸਖਤ ਸੰਦੇਸ਼ ਵੀ ਜਾਏਗਾ ਅਤੇ ਔਰਤਾਂ ਸੁਰੱਖਿਅਤ ਵੀ ਹੋ ਸਕਣਗੀਅਾਂ।
–ਵਿਜੇ ਕੁਮਾਰ
