ਮਮਤਾ ਨੂੰ ਹਰਾਉਣਾ ਅਸੰਭਵ ਨਹੀਂ, ਔਖਾ ਤਾਂ ਹੈ!
Wednesday, Dec 10, 2025 - 04:29 PM (IST)
ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਹੁਣ 4-5 ਮਹੀਨਿਆਂ ਦਾ ਸਮਾਂ ਵੀ ਨਹੀਂ ਬਚਿਆ। ਅਗਲੇ ਸਾਲ ’ਚ ਮਾਰਚ-ਅਪ੍ਰੈਲ ’ਚ ਚੋਣਾਂ ਹੋਣੀਆਂ ਹਨ। ਪਿਛਲੀਆਂ ਤਿੰਨ ਚੋਣਾਂ ਵਾਂਗ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਹੀ ਦਿਸੇਗਾ, ਇਹ ਪੱਕਾ ਹੈ। ਪੱਛਮੀ ਬੰਗਾਲ ਨੂੰ ਜਿੱਤਣ ਲਈ ਭਾਜਪਾ 10 ਸਾਲ ਤੋਂ ਤੜਫ ਰਹੀ ਹੈ ਪਰ ਹਰ ਵਾਰ ਟੀ. ਐੱਮ. ਸੀ. ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲ ਜਿੱਤਣ ਦੇ ਉਸ ਦੇ ਮਨਸੂਬੇ ’ਤੇ ਪਾਣੀ ਫੇਰ ਦਿੰਦੀ ਹੈ। ਸਾਲ 2021 ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪੀ. ਐੱਮ. ਮੋਦੀ ਦੇ ‘ਦੀਦੀ ਓ ਦੀਦੀ’ ਨਾਅਰੇ ਨੂੰ ਮਮਤਾ ਬੈਨਰਜੀ ਨੇ ‘ਖੇਲਾ ਹੋਬੇ’ ਨਾਲ ਹਰਾ ਕੇ ਲਾਈਨੋਂ ਪਾਰ ਸਮੇਟ ਦਿੱਤਾ ਸੀ। (ਬੰਗਲਾ ’ਚ ‘ਵ’ ਦੀ ਆਵਾਜ਼ ਨਹੀਂ ਹੈ, ਉਥੇ ‘ਬ’ ਦਾ ਹੀ ਉਚਾਰਣ ਕੀਤਾ ਜਾਂਦਾ ਹੈ)। ਹਾਲਾਂਕਿ ਉਦੋਂ ਮੀਡੀਆ ਦੇ ਐਗਜ਼ਿਟ ਪੋਲ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਦਰਮਿਆਨ ਸਖਤ ਟੱਕਰ ਦੱਸ ਰਹੇ ਸਨ ਪਰ ਜਦੋਂ ਨਤੀਜੇ ਆਏ ਤਾਂ ਕਮਲ ਪਾਰਟੀ (ਭਾਜਪਾ) 77 ਸੀਟਾਂ ਤੱਕ ਪਹੁੰਚ ਗਈ ਸੀ, ਜਦਕਿ ਮਮਤਾ ਦੀ ਪਾਰਟੀ ਨੇ 215 ਸੀਟਾਂ ਜਿੱਤ ਕੇ ਪ੍ਰਚੰਡ ਬਹੁਮਤ ਹਾਸਲ ਕੀਤਾ। ਭਾਜਪਾ ਨੇ ਉਸ ਚੋਣ ’ਚ ਹਿੰਦੂ-ਮੁਸਲਿਮ ਦਾ ਪੱਤਾ ਅਤੇ ਬੰਗਲਾਦੇਸ਼ੀ ਘੁਸਪੈਠ ਨੂੰ ਮੁੱਖ ਮੁੱਦਾ ਬਣਾਇਆ ਸੀ।
ਭਾਜਪਾ ਨੂੰ ਆਸ ਸੀ ਕਿ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦਾ ਇਕ ਦਾਅ ਚੱਲੇਗਾ ਪਰ ਮਮਤਾ ਨੇ ਭਾਜਪਾ ਦੇ ਇਸ ਬ੍ਰਹਮਸ਼ਸਤਰ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਚੋਣਾਂ ਦੇ ਬਾਅਦ ਵੀ ਭਾਜਪਾ ’ਚ ਵੱਡੀ ਸੰਨ੍ਹ ਲਗਾਈ ਸੀ। ਪਾਲਾ ਬਦਲਣ ਅਤੇ ਉਪ ਚੋਣਾਂ ’ਚ ਹਾਰ ਦੇ ਬਾਅਦ ਭਾਜਪਾ ਵਿਧਾਇਕਾਂ ਦੀ ਗਿਣਤੀ ਸਦਨ ’ਚ ਹੋਰ ਘੱਟ ਕੇ 65 ਹੀ ਰਹਿ ਗਈ।
ਪਰ ਹੁਣ ਕੀ? ਭਾਜਪਾ ਨੇ ਦੀਦੀ ਲਈ ਇਕ ਵਾਰ ਮੁੜ ਤੋਂ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਦੀਦੀ ’ਤੇ ਪੁਰਾਣੇ ਦੋਸ਼, ਜਿਨ੍ਹਾਂ ’ਚ ਤੰਗਦਿਲੀ ਸਭ ਤੋਂ ਵੱਡਾ ਹੈ, ਤਾਂ ਜਾਪ ਹੀ ਰਹੇ ਹਨ, ਬੰਗਲਾ ਦੀ ਹੋਂਦ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਇਨ੍ਹਾਂ ਦੋਸ਼ਾਂ ਦੀ ਆਵਾਜ਼ ਨੂੰ ਵੱਡਾ ਰੂਪ ਦੇਣ ਲਈ ਉਸ ਕੋਲ ਨੇਤਾਵਾਂ ਦਾ ਸਮੂਹਿਕ ਬਿਗੁਲ ਨਹੀਂ ਹੈ। ਬੰਗਾਲ ’ਚ ਭਾਜਪਾ ਦੇ ਨਾਲ ਕੁਝ ਅੰਦਰੂਨੀ ਔਕੜਾਂ ਹਨ। ਖਾਸਕਰ ਸੰਗਠਨ ਦੇ ਪੱਧਰ ’ਤੇ।
ਤ੍ਰਿਣਮੂਲ ਪਾਰਟੀ ਤੋਂ ਤੋੜ ਕੇ ਲਿਆਂਦੇ ਗਏ ਦੀਦੀ ਦੇ ਖਾਸ ਸ਼ੁਭੇਂਦੂ ਅਧਿਕਾਰੀ ਨੂੰ ਕਮਾਂਡ ਦੇਣ ਨਾਲ ਸੂਬੇ ਦੇ ਪੁਰਾਣੇ ਘਾਗ ਨੇਤਾ ਖੁਦ ਨੂੰ ਅਣਡਿੱਠ ਮੰਨ ਕੇ ਵੱਖ-ਵੱਖ ਦਿਸ਼ਾ ’ਚ ਚੱਲਦੇ ਹਨ। ਇਨ੍ਹਾਂ ’ਚ ਦਿਲੀਪ ਘੋਸ਼ ਤਾਂ ਆਪਣੀ ਨਾਰਾਜ਼ਗੀ ਛੁਪਾਉਣ ਦੀ ਲੋੜ ਵੀ ਨਹੀਂ ਸਮਝਦੇ। ਪਾਰਟੀ ਨੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਆਪਣੇ ਕਿਸੇ ਵੱਡੇ ਪ੍ਰੋਗਰਾਮ ’ਚ ਨਹੀਂ ਸੱਦਿਆ ਸੀ। ਚੋਣਾਂ ਆਉਣ ’ਤੇ ਉਹ ਖੁਦ ਥੋੜ੍ਹੇ ਜਿਹੇ ਸਰਗਰਮ ਹੋਏ ਹਨ। ਉਹ ਮਮਤਾ ਬੈਨਰਜੀ ਦੇ ਸੱਦੇ ’ਚ ਜਗਨਨਾਥ ਧਾਮ ਦੇ ਉਦਘਾਟਨ ਸਮਾਗਮ ’ਚ ਵੀ ਪਹੁੰਚ ਗਏ ਸਨ। ਪਾਰਟੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵੀ ਖਿੱਚੋਤਾਣ ਰਹਿੰਦੀ ਹੈ। ਜੁਲਾਈ ਮਹੀਨੇ ’ਚ ਸ਼ਮੀਕ ਭੱਟਾਚਾਰੀਆ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਹੈ। ਸ਼ਮੀਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਰਟੀ ਦੀ ਧੜੇਬੰਦੀ ਹੈ। ਪਾਰਟੀ ਦੇ ਵਧੇਰੇ ਨੇਤਾਵਾਂ ਦਾ ਅੰਦਾਜ਼ਾ ਸੀ ਕਿ ਵਿਧਾਨ ਸਭਾ ਚੋਣਾਂ ਤੱਕ ਸਕਾਂਤ ਮਜੂਮਦਾਰ ਹੀ ਪ੍ਰਧਾਨ ਰਹਿਣਗੇ ਅਤੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ। ਸ਼ੁਭੇਂਦੂ ਅਧਿਕਾਰੀ ਵੀ ਪ੍ਰਧਾਨ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਕਰ ਰਹੇ ਸਨ। ਬੰਗਾਲ ਭਾਜਪਾ ’ਚ ਪਾਰਟੀ ਦੇ ਪੁਰਾਣੇ ਨੇਤਾਵਾਂ ਅਤੇ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ਦੇ ਦਰਮਿਆਨ ਇਕ ਸਪੱਸ਼ਟ ਬਟਵਾਰਾ ਰੇਖਾ ਹੈ।
ਸ਼ਮੀਕ ਧੜੇ ਦੇ ਨੇਤਾ ਇਹ ਦਾਅਵਾ ਕਰਦੇ ਹਨ ਕਿ ਸ਼ਮੀਕ ਨੂੰ ਪ੍ਰਧਾਨ ਬਣਾਉਣ ਨਾਲ ਕੋਲਕਾਤਾ ਫੈਕਟਰ ਦਾ ਲਾਭ ਮਿਲੇਗਾ। ਸ਼ਮੀਕ ਕੋਲਕਾਤਾ ਦੇ ਹੀ ਹਨ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੋਲਕਾਤਾ ’ਚ ਭਾਜਪਾ ਕਮਜ਼ੋਰ ਹੈ।
ਇਨ੍ਹਾਂ ਸਾਰਿਆਂ ਦੇ ਬਾਵਜੂਦ ਪਾਰਟੀ ਦੀ ਕੇਂਦਰੀ ਹਾਈਕਮਾਨ ਵੀ ਹੁਣ ਪੂਰੀ ਤਰ੍ਹਾਂ ਚੋਣਾਂ ਦੇ ਮੂਡ ’ਚ ਹੈ। ਇਸ ਵਾਰ ਕੁਝ ਨਵੇਂ ਮੁੱਦਿਆਂ ਦੇ ਨਾਲ ਬੰਗਾਲ ਦੇ ਕਿਲੇ ਦੀ ਘੇਰਾਬੰਦੀ ਕੀਤੀ ਜਾਵੇਗੀ। ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ’ਤੇ ਬਹਿਸ ਦੀ ਸ਼ੁਰੂਆਤ ਕੀਤੀ। ‘ਵੰਦੇ ਮਾਤਰਮ’ ਗੀਤ ਬੰਗਾਲ ਦੀ ਜਨਤਾ ਦੇ ਮਾਣ ਅਤੇ ਸ਼ਾਨ ਦਾ ਪ੍ਰਗਟਾਵਾ ਹੈ। ਇਸ ਲਈ ਸੰਸਦ ’ਚ ਇਸ ਮੁੱਦੇ ’ਤੇ ਕੀਤੀ ਗਈ ਚਰਚਾ ਦਾ ਅਸਰ ਬੰਗਾਲ ਦੀਆਂ ਚੋਣਾਂ ’ਚ ਦਿਸੇਗਾ, ਅਜਿਹਾ ਮੰਨਿਆ ਜਾ ਸਕਦਾ ਹੈ। ਭਾਜਪਾ ਦੇ ਸਵਰਗੀ ਨੇਤਾ ਇਸ ਨੂੰ ਬੰਗਾਲੀ ਹੋਂਦ ਨਾਲ ਵੀ ਜੋੜਦੇ ਹਨ।
ਦਰਅਸਲ ਦੀਦੀ ਦੀ ਘੇਰਾਬੰਦੀ ਦੇ ਪਿੱਛੇ ਭਾਜਪਾ ਜਾਂ ਦੀਦੀ ਦੀਆਂ ਵਿਰੋਧੀ ਪਾਰਟੀਆਂ ਦੀ ਆਪਣੀ ਸੋਚ ਵੀ ਹੈ। ਉਸ ਦੇ ਨੇਤਾ ਇਹ ਮੰਨਦੇ ਹਨ ਕਿ ਦੀਦੀ ਨੂੰ ਹਰਾਉਣਾ ਮੁਸ਼ਕਲ ਜ਼ਰੂਰ ਹੈ ਪਰ ਅਸੰਭਵ ਨਹੀਂ। ਦਰਅਸਲ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਮਜ਼ਬੂਤੀ ਦਾ ਰਾਜ਼ ਤ੍ਰਿਣਮੂਲ ਕਾਂਗਰਸ ਦਾ ਪੱਕਾ ਅਤੇ ਵਿਸਥਾਰਿਤ ਕੈਡਰ ਹੈ। ਇਸ ਕੈਡਰ ਨੂੰ ਸਿਰਫ ਸਿਆਸਤ ਦੀ ਡੋਰ ਹੀ ਨਹੀਂ, ਆਰਥਿਕ ਸੰਬੰਧ ਵੀ ਦ੍ਰਿੜ੍ਹਤਾ ਨਾਲ ਬੰਨ੍ਹਦਾ ਹੈ। ਸੂਬੇ ’ਚ ਕਿਹੜੇ ਲੋਕਾਂ ਦੇ ਕੰਮ ਹੋਣਗੇ ਅਤੇ ਕਿਨ੍ਹਾਂ ਦੇ ਨਹੀਂ, ਜ਼ਿਆਦਾਤਰ ਇਹ ਕੈਡਰ ਹੀ ਤੈਅ ਕਰਦਾ ਹੈ।
ਵਿਕਾਸ ਯੋਜਨਾਵਾਂ ਹੀ ਨਹੀਂ, ਤੁਸੀਂ ਆਪਣਾ ਘਰ ਬਣਵਾਉਣਾ ਹੈ, ਉਸ ਦੇ ਲਈ ਵੀ ਸਾਰੀ ਖਰੀਦ ਕੈਡਰ ਦੇ ਲੋਕਾਂ ਦੀਆਂ ਤੈਅ ਕੀਤੀਆਂ ਦੁਕਾਨਾਂ ਤੋਂ ਹੁੰਦੀ ਹੈ, ਇਹ ਦੋਸ਼ ਲੱਗਦੇ ਰਹੇ ਹਨ।
ਨਕਸ਼ੇ ਸਥਾਨਕ ਨੇਤਾਵਾਂ ਦੇ ਹਵਾਲੇ ਨਾਲ ਪਾਸ ਹੁੰਦੇ ਹਨ। ਇਹ ਵੀ ਦੋਸ਼ ਹੈ ਕਿ ਸਥਾਨਕ ਪੱਧਰ ਦੇ ਸਰਕਾਰੀ ਕੰਮ ’ਚ ਵੀ ਸ਼ਰਤਾਂ ਅਜਿਹੀਆਂ ਹੀ ਹੁੰਦੀਆਂ ਹਨ, ਜਿਸ ਨਾਲ ਕੈਡਰ ਨੂੰ ਲਾਭ ਹੋਵੇ।
ਆਮ ਲੋਕਾਂ ਨੂੰ ਪ੍ਰਸ਼ਾਸਨ ਕੋਲੋਂ ਆਪਣਾ ਕੰਮ ਕਰਾਉਣ ਲਈ ਉਸੇ ਖੇਡ ’ਚੋਂ ਹੋ ਕੇ ਲੰਘਣਾ ਪੈਂਦਾ ਹੈ। ਦੀਦੀ ਦੇ ਸੂਬੇ ’ਚ ਕੋਲਕਾਤਾ ਦੇ ਵੱਡੇ ਸ਼ਹਿਰਾਂ ਦੇ ਬਾਜ਼ਾਰਾਂ ’ਚ ਵੀ ਇਹੀ ਵਿਵਸਥਾ ਲਾਗੂ ਹੈ। ਬਾਜ਼ਾਰਾਂ ਦੇ ਕਬਜ਼ੇ ਦਾ ਕੋਈ ਿਨਯਮ ਨਹੀਂ ਹੈ। ਸਥਾਨਕ ਨੇਤਾਵਾਂ ਦੀ ਸ਼ਹਿ ’ਤੇ ਸਭ ਚੱਲਦਾ ਹੈ, ਭਾਵੇਂ ਗੱਲ ਕੋਲਕਾਤਾ ਦੀ ਹੋਵੇ ਜਾਂ ਹਾਵੜਾ ਦੀ, ਇਹੀ ਿਨਯਮ ਹੈ।
ਇਨ੍ਹਾਂ ਚੋਣਾਂ ਨੂੰ ਧਰਮ ਦੇ ਨਾਂ ’ਤੇ ਇਕ ਵਾਰ ਫਿਰ ਤੋਂ ਗੋਲਬੰਦ ਕਰਨ ਦੀ ਤਿਆਰੀ ਚੱਲ ਰਹੀ ਹੈ। ਬੀਤੇ ਐਤਵਾਰ ਨੂੰ ਭਾਜਪਾ ਨੇ ਕੋਲਕਾਤਾ ਦੇ ਬ੍ਰਿਗੇਡ ਮੈਦਾਨ ’ਚ ਗੀਤਾ ਪਾਠ ਕੀਤਾ। ਇਸ ’ਚ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ। ਇਸ ਮੌਕੇ ’ਤੇ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਸਪੱਸ਼ਟ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਿਰਫ ਚੋਣਾਂ ਨਹੀਂ ਹੋਣਗੀਆਂ, ਸਗੋਂ ਇਕ ‘ਧਰਮ ਯੁੱਧ’ ਹੋਵੇਗਾ। ਇਸ ਗੀਤਾ ਪਾਠ ’ਚ ਧੀਰੇਂਦਰ ਸ਼ਾਸਤਰੀ, ਸਾਧਵੀ ਰਿਤੰਭਰਾ, ਕਾਰਤਿਕ ਮਹਾਰਾਜ ਦੇ ਨਾਲ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਅਤੇ ਵੱਡੀ ਗਿਣਤੀ ’ਚ ਸਾਧੂ-ਸੰਤ ਵੀ ਆਏ। ਇਸ ਗੀਤਾ ਪਾਠ ਦੀ ਖਾਸ ਗੱਲ ਇਹ ਰਹੀ ਕਿ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਦਿਲੀਪ ਘੋਸ਼ ਨੇ ਵੀ ਇਸ ਪ੍ਰੋਗਰਾਮ ’ਚ ਹਾਜ਼ਰੀ ਲਗਾਈ।
ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਤੋਂ ਕੱਢੇ ਗਏ ਹਿਮਾਂਯੂੰ ਕਬੀਰ ਨੇ ਬੰਗਾਲ ’ਚ ਬਾਬਰੀ ਮਜਸਿਦ ਬਣਾਉਣ ਦਾ ਰਾਗ ਛੇੜ ਦਿੱਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਮਮਤਾ ਬੈਨਰਜੀ ਨੂੰ ਮਿਲਣ ਵਾਲੀਆਂ ਵੋਟਾਂ ਦਾ ਸਮਰਥਨ ਉਨ੍ਹਾਂ ਕੋਲੋਂ ਖੋਹ ਕੇ ਆਪਣੇ ਪਾਲੇ ’ਚ ਕਰ ਲਿਆ ਜਾਵੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਭਾਜਪਾ ਨੂੰ ਲਾਭ ਮਿਲ ਸਕਦਾ ਹੈ, ਇਸ ਲਈ ਧਰਮ ਯੁੱਧ ਦੇ ਨਾਂ ’ਤੇ ਜਿੰਨੇ ਵੀ ਲੋਕ ਬਹਿਕਣਗੇ, ਉਹ ਧਰੁਵੀਕਰਨ ਦਾ ਕੰਮ ਕਰਨਗੇ। ਇਸ ਰਣਨੀਤੀ ਨਾਲ ਮਮਤਾ ਬੈਨਰਜੀ ਨੂੰ ਵੱਡੇ ਨੁਕਸਾਨ ਦਾ ਦਾਅ ਚਲਾ ਤਾਂ ਦਿੱਤਾ ਹੈ, ਪਰ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਬੰਗਾਲ ਦੇ ਲੋਕ ਇਸ ’ਚ ਕਿੰਨੀ ਦਿਲਚਸਪੀ ਦਿਖਾਉਂਦੇ ਹਨ।
ਐੱਸ. ਆਈ. ਆਰ. ਦਾ ਮੁੱਦਾ ਬੰਗਾਲ ’ਚ ਦੋਧਾਰੀ ਤਲਵਾਰ ਵਾਂਗ ਹੈ। ਭਾਜਪਾ ਜਿੱਥੇ ਇਸ ਨੂੰ ਆਪਣੀਆਂ ਪ੍ਰਤੀਕੂਲ ਵੋਟਾਂ ਕੱਟਣ ਦਾ ਔਜ਼ਾਰ ਮੰਨ ਰਹੀ ਸੀ, ਉਧਰ ਬੰਗਾਲ ’ਚ ਉਸ ਨੂੰ ਇਸ ਹਥਿਆਰ ਦੇ ਉਲਟਾ ਚੱਲ ਜਾਣ ਦਾ ਵੀ ਖਤਰਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਮਹੀਨੇ ਸ਼ੁਭੇਂਦੂ ਅਧਿਕਾਰੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੱਤਰ ਲਿਖ ਕੇ ਐੱਸ. ਆਈ. ਆਰ. ’ਚ ਘਪਲੇਬਾਜ਼ੀ ਦਾ ਦੋਸ਼ ਲਾਇਆ।
ਇਸੇ ਤਰ੍ਹਾਂ ਬੰਗਾਲ ਦੀਆਂ ਚੋਣਾਂ ਵੀ ਕੁਲ ਮਿਲਾ ਕੇ ਬਿਹਾਰ ਵਾਂਗ ਹੀ ਜਨਤਾ ਦੇ ਮੁੱਦਿਆਂ ਨਾਲ ਧਰਮ ਅਤੇ ਖਾਤਿਆਂ ’ਚ ਪੈਸਾ ਵੰਡਣ ਦੀ ਅਜ਼ਮਾਈ ਰਣਨੀਤੀ ਵੱਲ ਵਧ ਸਕਦੀਆਂ ਹਨ। ਭਾਜਪਾ ਦੀ ਆਹਟ ਨੂੰ ਸਮਝ ਕੇ ਮਮਤਾ ਇਸ ਨਾਲ ਅੱਗੇ ਹੋਣ ਦੀ ਕੋਸ਼ਿਸ਼ ਕਰੇਗੀ, ਇਹ ਤੈਅ ਹੈ। ਆਖਿਰ ਸਰਕਾਰ ਹੋਣ ਦਾ ਫਾਇਦਾ ਤਾਂ ਉਨ੍ਹਾਂ ਨੂੰ ਹੈ ਹੀ, ਅਜਿਹਾ ਵੀ ਨਹੀਂ ਕਿ ਦੀਦੀ ਦੇ ਪਾਜ਼ੇਟਿਵ ਪੁਆਇੰਟ ਦੇ ਫਾਇਦੇ ਦਾ ਅੰਦਾਜ਼ਾ ਭਾਜਪਾ ਨੂੰ ਨਹੀਂ ਹੈ, ਪਰ ਉਹ ਕੀ ਰਣਨੀਤੀ ਤੈਅ ਕਰੇਗੀ, ਇਹ ਦੇਖਣਾ ਹੋਵੇਗਾ। ਭਾਜਪਾ ਦਾ ਮੰਨਣਾ ਹੈ ਕਿ ਦੀਦੀ ਨੂੰ ਹਰਾਉਣਾ ਔਖਾ ਤਾਂ ਹੈ, ਅਸੰਭਵ ਨਹੀਂ।
ਅੱਕੂ ਸ਼੍ਰੀਵਾਸਤਵ
