‘ਵਿਆਹ-ਸ਼ਾਦੀਆਂ ’ਚ ਗੋਲੀਬਾਰੀ ਨਾਲ ਜਾ ਰਹੇ ਪ੍ਰਾਣ’ ਪੰਜਾਬ ’ਚ 7,000 ਹਥਿਆਰਾਂ ਦੇ ਲਾਇਸੈਂਸ ਰੱਦ ਹੋਣਗੇ!
Tuesday, Dec 09, 2025 - 05:15 AM (IST)
ਪੰਜਾਬ ’ਚ ਵਧ ਰਹੀ ‘ਬੰਦੂਕ ਸੰਸਕ੍ਰਿਤੀ’ ’ਤੇ ਰੋਕ ਲਗਾਉਣ ਲਈ ਪੰਜਾਬ ਪੁਲਸ ਵਲੋਂ ਰਾਜ ’ਚ ਵਿਆਹ ਅਤੇ ਹੋਰ ਸਮਾਜਿਕ ਸਮਾਰੋਹਾਂ ’ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ 7000 ਹਥਿਆਰ ਲਾਇਸੈਂਸ ਧਾਰਕਾਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਪੰਜਾਬ ਪੁਲਸ ਨੇ ਇਕ ਰਿਪੋਰਟ ਤਿਆਰ ਕਰ ਕੇ ਰਾਜ ਸਰਕਾਰ ਨੂੰ ਭੇਜੀ ਹੈ। ਪੰਜਾਬ ’ਚ ਇਸ ਸਮੇਂ 3.46 ਲੱਖ ਆਰਮਜ਼ ਲਾਇਸੈਂਸ ਬਣੇ ਹੋਏ ਹਨ।
ਕਿਉਂਕਿ ‘ਸੋਸ਼ਲ ਮੀਡੀਆ’ ’ਤੇ ‘ਬੰਦੂਕ ਸੰਸਕ੍ਰਿਤੀ’ ਨੂੰ ਉਤਸ਼ਾਹ ਦੇਣ ਨਾਲ ਸਮਾਜ ’ਚ ਅਪਰਾਧਾਂ ’ਚ ਵਾਧਾ ਹੁੰਦਾ ਹੈ, ਇਸ ਲਈ ਇਸ ’ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਰਾਜ ’ਚ ਹਥਿਆਰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਹੌਲੀ ਕੀਤੀ ਗਈ ਹੈ।
ਿਪਛਲੇ ਕੁਝ ਸਮੇਂ ਤੋਂ ਪੰਜਾਬ ਪੁਲਸ ਵਲੋਂ ਵੱਖ-ਵੱਖ ਜ਼ਿਲਿਆਂ ’ਚ ‘ਫੇਸਬੁੱਕ’ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਪਿਛਲੇ ਦਿਨੀਂ ਲੁਧਿਆਣਾ ’ਚ ਇਕ ਵਿਆਹ ਸਮਾਰੋਹ ’ਚ 2 ਧੜਿਆਂ ਵਿਚਾਲੇ ਗੋਲੀਬਾਰੀ ’ਚ 2 ਲੋਕਾਂ ਦੀ ਮੌਤ ਅਤੇ 7 ਦਸੰਬਰ ਨੂੰ ਏਟਾ (ਉੱਤਰ ਪ੍ਰਦੇਸ਼) ’ਚ ਇਕ ਵਿਆਹ ਸਮਾਰੋਹ ’ਚ ਚਲਾਈ ਗਈ ਗੋਲੀ ਲੱਗਣ ਨਾਲ 2 ਨਾਬਾਲਿਗਾਂ ਦੀ ਮੌਤ ਹੋਈ ਸੀ।
ਅਤੀਤ ’ਚ ਵੀ ਹੋ ਚੁੱਕੀਅਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਹੁਣ ਆਰਮਜ਼ ਲਾਇਸੈਂਸ ਸਬੰਧੀ ਪੁਲਸ ਵੈਰੀਫਿਕੇਸ਼ਨ ਵੀ ਸਖਤ ਕਰ ਦਿੱਤੀ ਗਈ ਹੈ। ਪੁਲਸ ਦੇ ਨਾਲ-ਨਾਲ ਖੁਫੀਆ ਏਜੰਸੀਆਂ ਤੋਂ ਵੀ ਲਾਇਸੈਂਸ ਲੈਣ ਦੇ ਇੱਛੁਕ ਵਿਅਕਤੀਆਂ ਦੀ ਰਿਪੋਰਟ ਮੰਗਵਾ ਕੇ ਦੇਖਿਆ ਜਾ ਰਿਹਾ ਹੈ ਕਿ ਲਾਇਸੈਂਸ ਲਈ ਅਰਜ਼ੀਆਂ ਦੇਣ ਵਾਲਿਆਂ ਨੂੰ ਅਸਲ ’ਚ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਖਤਰਾ ਹੈ ਵੀ ਜਾਂ ਨਹੀਂ?
ਹਥਿਆਰਾਂ ਦਾ ਪ੍ਰਦਰਸ਼ਨ ਅਤੇ ਇਨ੍ਹਾਂ ਦੀ ਦੁਰਵਰਤੋਂ ’ਤੇ ਰੋਕ ਲਗਾਉਣ ਲਈ ਪੰਜਾਬ ਸਰਕਾਰ ਦਾ ਇਹ ਫੈਸਲਾ ਸਹੀ ਹੈ। ਇਸ ਲਈ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਇਹ ਬੀਮਾਰੀ ਸਿਰਫ ਪੰਜਾਬ ਤੱਕ ਹੀ ਸੀਮਤ ਨਾ ਰਹਿ ਕੇ ਹੋਰਨਾਂ ਰਾਜਾਂ ’ਚ ਵੀ ਫੈਲੀ ਹੋਈ ਹੈ।
-ਵਿਜੇ ਕੁਮਾਰ
