ਮੈਸੀ, ਗੜਬੜ ਅਤੇ ਉਹ ਭਾਰਤੀ ਸਵਾਗਤ ਜਿਸ ’ਚ ਸੁਧਾਰ ਦੀ ਲੋੜ ਹੈ
Monday, Dec 22, 2025 - 05:21 PM (IST)
ਜਦੋਂ ਲਿਓਨੇਲ ਮੈਸੀ ਭਾਰਤ ਆਏ ਤਾਂ ਦੇਸ਼ ਨੇ ਉਹੀ ਕੀਤਾ ਜੋ ਉਹ ਗਲੋਬਲ ਆਈਕਨਸ ਦੇ ਨਾਲ ਸਭ ਤੋਂ ਚੰਗਾ ਕਰਦਾ ਹੈ-ਉਹ ਪਾਗਲ ਹੋ ਗਿਆ। ਕੋਲਕਾਤਾ ਤੋਂ ਲੈ ਕੇ ਦਿੱਲੀ ਅਤੇ ਮੁੰਬਈ ਤੱਕ ਰਾਤੋਂ-ਰਾਤ ਪੋਸਟਰ ਲੱਗ ਗਏ, ਸੋਸ਼ਲ ਮੀਡੀਆ ’ਤੇ ਹਲਚਲ ਮਚ ਗਈ, ਨੇਤਾ ਫੋਟੋ ਖਿਚਵਾਉਣ ਲਈ ਦੌੜ ਪਏ ਅਤੇ ਫੈਨਜ਼ ਨੇ ਅਜਿਹਾ ਵਰਤਾਓ ਕੀਤਾ ਜਿਵੇਂ ਫੁੱਟਬਾਲ ਨੇ ਆਖਿਰਕਾਰ ਇਸ ਉਪ ਮਹਾਦੀਪ ਨੂੰ ਲੱਭ ਲਿਆ ਹੋਵੇ ਪਰ ਤਾੜੀਆਂ ਦੇ ਨਾਲ-ਨਾਲ ਹਫੜਾ-ਦਫੜੀ ਵੀ ਮਚੀ। ਟ੍ਰੈਫਿਕ ਜਾਮ, ਸੁਰੱਖਿਆ ’ਚ ਗੜਬੜ, ਜਗ੍ਹਾ ਦੀਆਂ ਅਨਿਸ਼ਚਿਤਤਾਵਾਂ, ਆਖਰੀ ਮਿੰਟ ’ਚ ਬਦਲਾਅ, ਭੀੜ-ਭਾੜ ਅਤੇ ਪ੍ਰਸ਼ਾਸਨਿਕ ਅਵਿਵਸਥਾ ਇਕ ਅਣਚਾਹੇ ਦਲ ਵਾਂਗ ਮੈਸੀ ਦੇ ਪਿੱਛੇ ਲੱਗੀ ਰਹੀ। ਸੰਖੇਪ ’ਚ ਇਸ ਪੀੜ੍ਹੀ ਦਾ ਸਭ ਤੋਂ ਮਹਾਨ ਫੁੱਟਬਾਲਰ ਅਤੇ ਨਾਲ ਹੀ ਗੜਬੜ ਵੀ ਆਈ।
ਇਹ ਕੋਈ ਇਕੱਲੀ ਘਟਨਾ ਨਹੀਂ ਸੀ। ਦੁੱਖ ਦੀ ਗੱਲ ਹੈ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਸਟਾਰ ਭਾਰਤ ਆਉਂਦਾ ਹੈ ਤਾਂ ਇਹੀ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਹੁੰਦਾ ਹੈ, ਭਾਵੇਂ ਉਹ ਫੁੱਟਬਾਲ ਲੀਜੈਂਡ ਹੋਵੇ, ਪੌਪ ਸੁਪਰਸਟਾਰ ਹੋਵੇ, ਹਾਲੀਵੁੱਡ ਐਕਟਰ ਹੋਵੇ ਜਾਂ ਗਲੋਬਲ ਸਪੋਰਟਸ ਟੀਮ ਹੋਵੇ, ਕਹਾਣੀ ਉਹੀ ਰਹਿੰਦੀ ਹੈ, ਵੱਡੇ-ਵੱਡੇ ਐਲਾਨ, ਖਰਾਬ ਪਲਾਨਿੰਗ ਅਤੇ ਸ਼ਰਮਨਾਕ ਅਮਲ।
ਕੋਲਕਾਤਾ ਜੋ ਖੁਦ ਨੂੰ ਭਾਰਤੀ ਫੁੱਟਬਾਲ ਦਾ ਮੱਕਾ ਕਹਿੰਦਾ ਹੈ, ਉਸ ਨੂੰ ਤਿਆਰ ਰਹਿਣਾ ਚਾਹੀਦਾ ਸੀ। ਇਸ ਦੀ ਬਜਾਏ, ਸ਼ਡਿਊਲ, ਐਕਸੈੱਸ ਪਾਸ ਅਤੇ ਭੀੜ ਕੰਟਰੋਲ ਨੂੰ ਲੈ ਕੇ ਭਰਮ ਬਣਿਆ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ ਸੁਰੱਖਿਆ ਵਿਵਸਥਾ ਅਤੇ ਟ੍ਰੈਫਿਕ ਮੈਨੇਜਮੈਂਟ ਨਾਲ ਜੂਝਦੀ ਰਹੀ। ਮੁੰਬਈ, ਜਿਸ ਨੂੰ ਇੰਟਰਨੈਸ਼ਨਲ ਈਵੈਂਟਸ ਦੀ ਮੇਜ਼ਬਾਨੀ ਦਾ ਤਜਰਬਾ ਹੋਣ ਦੇ ਬਾਵਜੂਦ ਫਾਈਨਾਂਸ਼ੀਅਲ ਕੈਪੀਟਲ ਕਿਹਾ ਜਾਂਦਾ ਹੈ, ਉਹ ਵੀ ਬਿਹਤਰ ਨਹੀਂ ਸੀ। ਭਰੀਆਂ ਹੋਈਆਂ ਥਾਵਾਂ, ਅਸਪੱਸ਼ਟ ਵਿਵਸਥਾਵਾਂ ਅਤੇ ਥੱਕੇ ਹੋਏ ਫੈਨਸ ਇਹ ਸੋਚਣ ’ਤੇ ਮਜਬੂਰ ਸਨ ਕਿ ਇਹ ਕੋਸ਼ਿਸ਼ ਇਸ ਦੇ ਲਾਇਕ ਸੀ। ਇਕ ਅਜਿਹੇ ਦੇਸ਼ ਲਈ ਜੋ ‘ਅਤਿਥੀ ਦੇਵੋ ਭਵ’ ਤੇ ਮਾਣ ਕਰਦਾ ਹੈ, ਮਹਿਮਾਨ ਅਕਸਰ ਅਵਿਵਸਥਾ, ਦੇਰੀ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦਾ ਹੈ।
ਮੈਸੀ, ਮੈਸੀ ਹੋਣ ਦੇ ਨਾਤੇ, ਇਸ ਸਭ ਵਿਚਾਲੇ ਮੁਸਕਰਾਉਂਦੇ ਰਹੇ ਪਰ ਆਓ ਆਪਾਂ ਸ਼ਿਸ਼ਟਾਚਾਰ ਨੂੰ ਆਰਾਮ ਨਾਲ ਨਾ ਮਿਲਾਈਏ। ਇੰਟਰਨੈਸ਼ਨਲ ਸਿਤਾਰਿਆਂ ਨੂੰ ਡਿਪਲੋਮੈਟਿਕ ਰਹਿਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਸ਼ਾਇਦ ਹੀ ਕਦੇ ਜਨਤਕ ਤੌਰ ’ਤੇ ਸ਼ਿਕਾਇਤ ਕਰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤਜਰਬਾ ਗਲੋਬਲ ਸਟੈਂਡਰਡਜ਼ ਦੇ ਮੁਤਾਬਕ ਸੀ। ਬੰਦ ਦਰਵਾਜ਼ਿਆਂ ਦੇ ਪਿੱਛੇ ਮੈਨੇਜਰ, ਸਕਿਓਰਿਟੀ ਟੀਮ ਅਤੇ ਈਵੈਂਟ ਆਰਗੇਨਾਈਜ਼ਰ ਨੋਟਸ ਲੈਂਦੇ ਹਨ ਅਤੇ ਭਾਰਤ ਦਾ ਰਿਪੋਰਟ ਕਾਰਡ ਬਿਲਕੁਲ ਵੀ ਚੰਗਾ ਨਹੀਂ ਹੈ।
ਸਮੱਸਿਆ ਉਤਸ਼ਾਹ ’ਚ ਨਹੀਂ ਹੈ ਜੋ ਭਾਰਤ ’ਚ ਭਰਪੂਰ ਹੈ ਸਗੋਂ ਗਵਰਨੈਂਸ, ਕੋਆਰਡੀਨੇਸ਼ਨ ਅਤੇ ਜਵਾਬਦੇਹੀ ’ਚ ਹੈ। ਬਹੁਤ ਸਾਰੀਆਂ ਏਜੰਸੀਆਂ ਸ਼ਾਮਲ ਹੁੰਦੀਆਂ ਹਨ ਅਤੇ ਬਹੁਤ ਘੱਟ ਲੋਕ ਜ਼ਿੰਮੇਵਾਰੀ ਲੈਂਦੇ ਹਨ। ਰਾਜ ਸਰਕਾਰਾਂ ਵੱਕਾਰ ਲਈ ਈਵੈਂਟਸ ਦਾ ਐਲਾਨ ਕਰਦੀਆਂ ਹਨ। ਮੰਤਰਾਲੇ ਆਪਣੀ ਪਛਾਣ ਬਣਾਉਣ ਲਈ ਕੁੱਦ ਪੈਂਦੇ ਹਨ। ਸਥਾਨਕ ਅਧਿਕਾਰੀ ਆਖਰੀ ਮਿੰਟ ’ਚ ਦੌੜ-ਭੱਜ ਕਰਦੇ ਹਨ, ਪ੍ਰਾਈਵੇਟ ਆਰਗੇਨਾਈਜ਼ਰ ਵੱਡੇ-ਵੱਡੇ ਵਾਅਦੇ ਕਰਦੇ ਹਨ ਅਤੇ ਘੱਟ ਕੰਮ ਕਰਦੇ ਹਨ। ਇਸ ਹਫੜਾ-ਦਫੜੀ ’ਚ ਉਹ ਫੈਨ ਜੋ ਟਿਕਟ, ਯਾਤਰਾ ਅਤੇ ਸਮੇਂ ਲਈ ਪੈਸੇ ਦਿੰਦਾ ਹੈ, ਪੂਰੀ ਤਰ੍ਹਾਂ ਨਾਲ ਭੁਲਾ ਦਿੱਤਾ ਜਾਂਦਾ ਹੈ।
ਇਕ ਕੌੜੀ ਸੱਚਾਈ ਇਹ ਵੀ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ, ਸੈਲੀਬ੍ਰਿਟੀ ਦੇ ਦੌਰੇ ਨੂੰ ਅਕਸਰ ਪ੍ਰੋਫੈਸ਼ਨਲ ਈਵੈਂਟ ਦੀ ਬਜਾਏ ਸਿਆਸੀ ਅਤੇ ਕਮਰਸ਼ੀਅਲ ਮੌਕੇ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਫੋਕਸ ਚੰਗੀ ਤਰ੍ਹਾਂ ਕੰਮ ਕਰਨ ਤੋਂ ਹਟ ਕੇ ਬੈਨਰ ਲਗਾਉਣ, ਵੀ. ਆਈ. ਪੀ. ਪਾਸ ਅਤੇ ਮੀਡੀਆ ਬਾਈਟਸ ’ਤੇ ਚਲਿਆ ਜਾਂਦਾ ਹੈ। ਮੁੰਬਈ ’ਚ ਬਾਲੀਵੁੱਡ ਸਟਾਰਸ ਸੈਂਟਰ ਆਫ ਅਟ੍ਰੈਕਸ਼ਨ ਬਣ ਗਏ।
ਮਜ਼ੇ ਦੀ ਗੱਲ ਇਹ ਹੈ ਕਿ ਭਾਰਤ ਨੇ ਜੀ-20 ਸੰਮੇਲਨ, ਕੌਮਾਂਤਰੀ ਡਿਪਲੋਮੈਟਿਕ ਦੌਰੇ ਅਤੇ ਲੱਖਾਂ ਲੋਕਾਂ ਦੀਆਂ ਵੱਡੀਆਂ ਧਾਰਮਿਕ ਸਭਾਵਾਂ ਵਰਗੇ ਵੱਡੇ ਈਵੈਂਟਸ ਨੂੰ ਸਫਲਤਾਪੂਰਵਕ ਹੋਸਟ ਕੀਤਾ ਹੈ। ਇਹ ਸਾਬਿਤ ਕਰਦਾ ਹੈ ਕਿ ਜਦੋਂ ਸਿਸਟਮ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਸੈਲੀਬ੍ਰਿਟੀ ਅਤੇ ਸਪੋਰਟਸ ਦੌਰਿਆਂ ਦੌਰਾਨ ਨਾਕਾਮੀ ਸਮਰੱਥਾ ਦੀ ਕਮੀ ਦੇ ਕਾਰਨ ਨਹੀਂ ਸਗੋਂ ਗੰਭੀਰਤਾ ਦੀ ਕਮੀ ਦੇ ਕਾਰਨ ਹੁੰਦੀ ਹੈ। ਐਂਟਰਟੇਨਮੈਂਟ ਈਵੈਂਟਸ ਨੂੰ ਹਲਕੇ ’ਚ ਲਿਆ ਜਾਂਦਾ ਹੈ, ਜਿਵੇਂ ਕਿ ਅਵਿਵਸਥਾ ਹੀ।ਇਸ ਦਾ ਆਕਰਸ਼ਣ ਹੋਵੇ।
ਪਰ ਇਕ ਅਜਿਹਾ ਦੇਸ਼ ਜੋ ਗਲੋਬਲ ਸਪੋਰਟਸ ਹੱਬ ਬਣਨਾ ਚਾਹੁੰਦਾ ਹੈ, ਉਸ ਲਈ ਇਹ ਰਵੱਈਆ ਮਹਿੰਗਾ ਪੈ ਸਕਦਾ ਹੈ। ਭਾਰਤ ਤੀਜੇ ਦਰਜੇ ਦੇ ਈਵੈਂਟਸ, ਓਲੰਪਿਕਸ, ਗਲੋਬਲ ਲੀਗ ਅਤੇ ਕੌਮਾਂਤਰੀ ਟੂਰਨਾਮੈਂਟ ਹੋਸਟ ਕਰਨਾ ਚਾਹੁੰਦਾ ਹੈ। ਫਿਰ ਵੀ ਹਰ ਗੜਬੜੀਪੂਰਨ ਦੌਰਾ ਦੁਨੀਆ ਨੂੰ ਇਕ ਸੰਕੇਤ ਦਿੰਦਾ ਹੈ- ਬਿਨਾਂ ਪਲਾਨਿਗ ਦੇ ਜਨੂੰਨ। ਹੁਣ ਇਹ ਕਾਫ਼ੀ ਨਹੀਂ ਹੈ।
ਫੈਨਜ਼ ਵੀ ਬਿਹਤਰ ਦੇ ਹੱਕਦਾਰ ਹਨ। ਮੈਸੀ ਦੀ ਜਰਸੀ ਪਹਿਨੀ ਘੰਟਿਆਂਬੱਧੀ ਭੀੜ ’ਚ ਖੜ੍ਹੇ ਉਸ ਛੋਟੇ ਲੜਕੇ ਨੂੰ ਕਲੈਰਿਟੀ, ਸੁਰੱਖਿਆ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਦੂਜੇ ਸ਼ਹਿਰ ਤੋਂ ਆਏ ਪਰਿਵਾਰ ਨੂੰ ਸਹੀ ਇੰਤਜ਼ਾਮ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਸ਼ਾਸਨਿਕ ਸੁਸਤੀ ਅਤੇ ਵਿਭਾਗਾਂ ਵਿਚਾਲੇ ਈਗੋ ਦੀ ਲੜਾਈ ਦੀ ਕੀਮਤ ਨਹੀਂ ਚੁਕਾਉਣੀ ਚਾਹੀਦੀ।
ਇਸ ਦਾ ਹੱਲ ਮੁਸ਼ਕਲ ਨਹੀਂ ਹੈ। ਇਸ ਦੇ ਲਈ ਕੌਮਾਂਤਰੀ ਈਵੈਂਟਸ ਲਈ ਇਕ ਸਿੰਗਲ-ਪੁਆਇੰਟ ਕਮਾਂਡ ਸਿਸਟਮ, ਸਾਫ ਜਵਾਬਦੇਹੀ, ਪ੍ਰੋਫੈਸ਼ਨਲ ਈਵੈਂਟ ਮੈਨੇਜਮੈਂਟ ਅਤੇ ਸਖਤ ਟਾਈਮਲਾਈਨ ਦੀ ਲੋੜ ਹੈ। ਐਲਾਨ ਤਾਂ ਹੀ ਕੀਤੇ ਜਾਣੇ ਚਾਹੀਦੇ ਹਨ ਜਦੋਂ ਲਾਜਿਸਟਿਕਸ ਤੈਅ ਹੋ ਜਾਣ। ਸੁਰੱਖਿਆ, ਟ੍ਰੈਫਿਕ ਅਤੇ ਵੈਨਿਊ ਮੈਨੇਜਮੈਂਟ ਦੀ ਰਿਹਰਸਲ ਹੋਣੀ ਚਾਹੀਦੀ ਹੈ, ਨਾ ਕਿ ਮੌਕੇ ’ਤੇ ਹੀ ਸਭ ਕੁਝ ਕੀਤਾ ਜਾਵੇ। ਸਭ ਤੋਂ ਜ਼ਰੂਰੀ ਗੱਲ ਰਾਜਨੀਤੀ ਨੂੰ ਪਿੱਛੇ ਹਟਾਉਣਾ ਚਾਹੀਦਾ ਹੈ ਅਤੇ ਪ੍ਰੋਫੈਸ਼ਨਲ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।
ਮੈਸੀ ਦੀ ਯਾਤਰਾ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਰਣਾ ਲਈ ਯਾਦ ਕੀਤਾ ਜਾਣਾ ਚਾਹੀਦਾ ਸੀ-ਇਕ ਲੀਜੈਂਡ ਜੋ ਫੁੱਟਬਾਲ ਪਸੰਦ ਕਰਨ ਵਾਲੇ ਦੇਸ਼ ਨੂੰ ਪ੍ਰੇਰਿਤ ਕਰ ਰਿਹਾ ਸੀ। ਜਦੋਂ ਤੱਕ ਭਾਰਤ ਆਪਣੇ ਜਨੂੰਨ ਨੂੰ ਸਟੀਕਤਾ ਦੇ ਨਾਲ ਮੈਚ ਕਰਨਾ ਨਹੀਂ ਸਿੱਖਦਾ ਉਦੋਂ ਤੱਕ ਆਉਣ ਵਾਲਾ ਹਰ ਗਲੋਬਲ ਸਟਾਰ ਨਾ ਸਿਰਫ ਪਿਆਰ ਤੇ ਰੌਲੇ-ਰੱਪੇ ਦੇ ਸਗੋਂ ਬੇਵਜ੍ਹਾ ਹਫੜਾ-ਦਫੜੀ ਦੀਆਂ ਯਾਦਾਂ ਲੈ ਕੇ ਜਾਵੇਗਾ।
–ਦੇਵੀ ਚੇਰੀਅਨ
