‘ਅਦਾਲਤ ਕੰਪਲੈਕਸਾਂ ’ਚ ਗੋਲੀਬਾਰੀ ਅਤੇ ਕੁੱਟਮਾਰ’ ਆਮ ਲੋਕਾਂ ਅਤੇ ਜੱਜਾਂ ਤੱਕ ਦੀ ਸੁਰੱਖਿਆ ਨੂੰ ਖਤਰਾ!
Sunday, Dec 14, 2025 - 04:01 AM (IST)
ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਅਤੇ ਗੋਲੀਬਾਰੀ ਆਦਿ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਹੁਣ ਕੁਝ ਸਮੇਂ ਤੋਂ ਸੁਰੱਖਿਅਤ ਸਮਝੇ ਜਾਣ ਵਾਲੇ ਅਦਾਲਤ ਕੰਪਲੈਕਸਾਂ ’ਚ ਵੀ ਹਿੰਸਾ ਅਤੇ ਗੋਲੀਬਾਰੀ ਅਤੇ ਜੱਜਾਂ ’ਤੇ ਜੁੱਤੀਆਂ ਆਦਿ ਸੁੱਟਣ ਦੀਆਂ ਘਟਨਾਵਾਂ ਹੋਣ ਲੱਗੀਆਂ ਹਨ। ਅਜਿਹੀਆਂ ਸਿਰਫ ਲਗਭਗ ਪਿਛਲੇ 6 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 5 ਜੂਨ, 2025 ਨੂੰ ‘ਦਿੱਲੀ’ ਦੀ ‘ਸਾਕੇਤ’ ਅਦਾਲਤ ਦੇ ਲਾਕਅੱਪ ’ਚ ਹੱਤਿਆ ਦੇ ਯਤਨ ਦੇ ਦੋਸ਼ ’ਚ ਬੰਦ ਅਮਾਨ ਨਾਂ ਦੇ ਇਕ ਵਿਚਾਰ ਅਧੀਨ ਕੈਦੀ ਨੂੰ ਜਿਤੇਂਦਰ ਉਰਫ ਜੀਤੇ ਅਤੇ ਜੈਦੇਵ ਉਰਫ ਬੱਚਾ ਨਾਂ ਦੇ 2 ਵਿਚਾਰ ਅਧੀਨ ਕੈਦੀਆਂ ਨੇ ਗਲਾ ਘੁੱਟ ਕੇ ਮਾਰ ਦਿੱਤਾ।
* 29 ਅਗਸਤ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੇ ਅਦਾਲਤ ਕੰਪਲੈਕਸ ’ਚ ਇਕ ਮੁਲਜ਼ਮ ਨੂੰ ਫੜਨ ਆਏ ਹਰਿਆਣਾ ਪੁਲਸ ਦੇ ਮੈਂਬਰਾਂ ’ਤੇ ਕੁਝ ਵਕੀਲਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਇਕ ਸਿਪਾਹੀ ਨਾਲ ਮਾਰਕੁੱਟ ਕਰਦੇ ਹੋਏ ਉਸ ਦੀ ਵਰਦੀ ਪਾੜ ਦਿੱਤੀ, ਸਿਰ ਅਤੇ ਚਿਹਰੇ ’ਚ ਡੂੰਘੇ ਜ਼ਖ਼ਮ ਕਰ ਦਿੱਤੇ ਅਤੇ ਉਨ੍ਹਾਂ ਦੀ ਗੱਡੀ ਦੀ ਵੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਆਪਣੀ ਜਾਨ ਬਚਾਉਣ ਲਈ ਪੁਲਸ ਮੁਲਾਜ਼ਮਾਂ ਨੂੰ ਉਥੋਂ ਦੌੜਨਾ ਪਿਆ।
* 17 ਸਤੰਬਰ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ਅਦਾਲਤ ਕੰਪਲੈਕਸ ’ਚ ਕੁਝ ਵਕੀਲਾਂ ਨੇ ‘ਮਿਥਲੇਸ਼ ਕੁਮਾਰ’ ਨਾਂ ਦੇ ਇਕ ਪੁਲਸ ਅਧਿਕਾਰੀ ’ਤੇ ਹਮਲਾ ਕਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 14 ਅਕਤੂਬਰ ਨੂੰ ‘ਪੀਲੀਭੀਤ’ (ਉੱਤਰ ਪ੍ਰਦੇਸ਼) ’ਚ ‘ਓਮ ਪਾਲ ਵਰਮਾ’ ਨਾਂ ਦੇ ਵਕੀਲ ਜਦੋਂ ਕਿਸੇ ਮੁਕੱਦਮੇ ਦੀ ਸੁਣਵਾਈ ਲਈ ਪਹੁੰਚੇ ਤਾਂ ਉਨ੍ਹਾਂ ’ਤੇ ਇਕ ਪੱਖ ਦੇ 3 ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਹ ਹਥਿਆਰ ਉਹ ਆਪਣੀਆਂ ਛੱਤਰੀਆਂ ਦੇ ਅੰਦਰ ਲੁਕੋ ਕੇ ਲਿਆਏ ਸਨ।
* 15 ਅਕਤੂਬਰ ਨੂੰ ‘ਅਹਿਮਦਾਬਾਦ’ (ਗੁਜਰਾਤ) ਦੀ ਸਿਵਲ ਅਤੇ ਸੈਸ਼ਨਜ਼ ਅਦਾਲਤ ’ਚ ਜਦੋਂ ਇਕ ਪੱਖਕਾਰ ਨੂੰ ਉਸ ’ਤੇ ਹਮਲੇ ਦੇ 4 ਮੁਲਜ਼ਮਾਂ ਨੂੰ ਅਡੀਸ਼ਨਲ ਪ੍ਰਿੰਸੀਪਲ ਜੱਜ ‘ਐੱਮ. ਪੀ. ਪੁਰੋਹਿਤ’ ਵਲੋਂ ਬਰੀ ਕੀਤੇ ਜਾਣ ਦਾ ਪਤਾ ਲੱਗਾ ਤਾਂ ਉਸ ਨੇ ਗੁੱਸੇ ’ਚ ਆ ਕੇ ਆਪਣੀਆਂ ਦੋਵੇਂ ਜੁੱਤੀਆਂ ਜੱਜ ’ਤੇ ਸੁੱਟੀਆਂ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ।
* 5 ਦਸੰਬਰ ਨੂੰ ‘ਜਗਰਾਓਂ’ (ਪੰਜਾਬ) ਤੋਂ ਪੇਸ਼ੀ ਲਈ ਲੁਧਿਆਣਾ ਅਦਾਲਤ ’ਚ ਪਹੁੰਚੀਆਂ 2 ਧਿਰਾਂ ਵਿਚਾਲੇ ਝੜਪ ਦੌਰਾਨ 3 ਲੋਕ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਵਿਰੁੱਧ ਇਰਾਦਾ ਕਤਲ ਦੇ ਦੋਸ਼ ’ਚ ਕੇਸ ਦਰਜ ਹਨ। ਦੋਵਾਂ ਧਿਰਾਂ ਵਲੋਂ ਧੱਕਾ-ਮੁੱਕੀ, ਹੱਥੋਪਾਈ ਹੋਈ ਅਤੇ ਹੱਥਾਂ ’ਚ ਪਹਿਨੇ ਹੋਏ ਭਾਰੀ ‘ਕੜਿਆਂ’ ਦੀ ਵਰਤੋਂ ਕੀਤੀ ਗਈ।
* 10 ਦਸੰਬਰ ਨੂੰ ‘ਦਿੱਲੀ’ ਦੀ ‘ਕੜਕੜਡੁੰਮਾ’ ਅਦਾਲਤ ’ਚ ‘ਰਾਕੇਸ਼ ਕਿਸ਼ੋਰ’ ਨਾਂ ਦੇ ਇਕ ਵਕੀਲ, ਜਿਸ ਨੇ ਇਸੇ ਸਾਲ 6 ਅਕਤੂਬਰ ਨੂੰ ਭਾਰਤ ਦੇ ਚੀਫ ਜਸਟਿਸ ‘ਬੀ. ਆਰ. ਗਵਈ’ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ’ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਕੇ ਉਸ ਨੂੰ ਚੱਪਲਾਂ ਨਾਲ ਕੁੱਟ ਦਿੱਤਾ।
* ਅਤੇ ਹੁਣ 11 ਦਸੰਬਰ ਨੂੰ ‘ਅਬੋਹਰ’ (ਪੰਜਾਬ) ’ਚ ‘ਸੀਤੋ ਗੁੰਨੋ‘ ਮਾਰਗ ’ਤੇ ਸਥਿਤ ਅਦਾਲਤ ਕੰਪਲੈਕਸ ’ਚ ਪੇਸ਼ੀ ਭੁਗਤਨ ਆਏ ਇਕ ਨੌਜਵਾਨ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮਾਂ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋ ਗਏ।
ਵਰਣਨਯੋਗ ਹੈ ਕਿ ਪੁਰਾਣੀ ਫਾਜ਼ਿਲਕਾ ਰੋਡ ’ਤੇ ਸਥਿਤ ਮੰਦਰ ਦੇ ਪੁਜਾਰੀ ‘ਅਵਨੀਸ਼ ਕੁਮਾਰ’ ਦਾ ਬੇਟਾ ‘ਆਕਾਸ਼’ ਉਰਫ ਗੋਲੂ ਪੰਡਿਤ ਆਪਣੇ ਕਿਸੇ ਕੇਸ ਦੀ ਪੇਸ਼ੀ ਭੁਗਤ ਕੇ ਅਦਾਲਤ ਕੰਪਲੈਕਸ ’ਚੋਂ ਬਾਹਰ ਆਇਆ ਅਤੇ ਕਾਰ ’ਚ ਬੈਠਣ ਲੱਗਾ ਤਾਂ ਕੁਝ ਨੌਜਵਾਨਾਂ ਨੇ ਉਸ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਹਮਲਾਵਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ‘ਗੋਲੂ’ ਦੇ ਸਾਥੀ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਦਾਲਤਾਂ ’ਚ ਲੋਕ ਨਿਆਂ ਹਾਸਲ ਕਰਨ ਲਈ ਫਰਿਆਦ ਲੈ ਕੇ ਜਾਂਦੇ ਹਨ ਪਰ ਅੱਜ ਸਾਡੇ ਅਨੇਕ ਅਦਾਲਤ ਕੰਪਲੈਕਸ ਵੀ ਅਪਰਾਧੀ ਅਨਸਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ ਜਿਸ ਕਾਰਨ ਉਥੇ ਆਉਣ ਵਾਲੇ ਲੋਕਾਂ, ਜੱਜਾਂ ਅਤੇ ਅਦਾਲਤਾਂ ’ਚ ਤਾਇਨਾਤ ਸਟਾਫ ਤੱਕ ਦੀ ਸੁਰੱਖਿਆ ’ਤੇ ਖਤਰਾ ਮੰਡਰਾਉਣ ਲੱਗਾ ਹੈ।
ਅਦਾਲਤ ਕੰਪਲੈਕਸਾਂ ’ਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਅਦਾਲਤਾਂ ’ਚ ਪੁਲਸ ਦੀ ਸੁਰੱਖਿਆ ਪ੍ਰਣਾਲੀ ’ਚ ਖਾਮੀਆਂ ਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਇਸ ਲਈ ਅਦਾਲਤ ਕੰਪਲੈਕਸਾਂ ਅਤੇ ਥਾਣਿਆਂ ’ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਦੇ ਨਾਲ ਹੀ ਜਿੱਥੇ ਪ੍ਰਮੁੱਖ ਥਾਵਾਂ ’ਤੇ ਅਜੇ ਵੀ ਕੈਮਰੇ ਨਹੀਂ ਲੱਗੇ ਉਥੇ ਲਗਾਉਣੇ ਅਤੇ ਜਿੱਥੇ ਲੱਗੇ ਹਨ, ਉਨ੍ਹਾਂ ਨੂੰ ਨਿਯਮਿਤ ਜਾਂਚ ਰਾਹੀਂ ਚਾਲੂ ਹਾਲਤ ’ਚ ਰੱਖਣਾ ਜ਼ਰੂਰੀ ਹੈ।
–ਵਿਜੇ ਕੁਮਾਰ
