ਭਾਰਤ ਦੇ ਸਰਬ-ਧਰਮ ਦਾ ਵਿਸਥਾਰ ਹੈ ਸਮਾਜਵਾਦ
Wednesday, Feb 11, 2026 - 05:01 PM (IST)
ਭਾਰਤ ਗਣਰਾਜ ਦੇ ਸਰਬ-ਧਰਮ ਦੀ ਇਸ ਲੜੀ ਦੇ ਪਹਿਲੇ ਲੇਖ ’ਚ ਅਸੀਂ ਸਰਬ-ਧਰਮ ਸਮਭਾਵ ਭਾਵ ਸੈਕੂਲਰਵਾਦ ਦੀ ਚਰਚਾ ਕੀਤੀ ਸੀ। ਹੁਣ ਅਸੀਂ ਸਰਬ-ਧਰਮ ਦੇ ਦੂਜੇ ਸੂਤਰ ਭਾਵ ਬਰਾਬਰੀ ਜਾਂ ਸਮਾਜਵਾਦ ਦੀ ਚਰਚਾ ਕਰਾਂਗੇ। ਬਰਾਬਰੀ ਇਕ ਆਧੁਨਿਕ ਵਿਚਾਰ ਹੈ। ਸਾਰੇ ਇਨਸਾਨ ਬਰਾਬਰ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਕਿਉਂਕਿ ਇਨਸਾਨ ਬਰਾਬਰ ਹਨ, ਇਸ ਲਈ ਉਨ੍ਹਾਂ ਨੂੰ ਬਰਾਬਰ ਸਰੋਤ ਅਤੇ ਸਨਮਾਨ ਮਿਲੇ, ਇਹ ਵਿਚਾਰਧਾਰਾ ਪੂਰੀ ਦੁਨੀਆ ਲਈ ਨਵੀਂ ਹੈ। ਬਰਾਬਰੀ ਨੂੰ ਧੁਰੀ ਬਣਾ ਕੇ ਇਕ ਨਵੀਂ ਸਮਾਜਿਕ ਵਿਵਸਥਾ ਖੜ੍ਹੀ ਕਰਨ ਦੀ ਕਲਪਨਾ ਤਾਂ ਬਿਲਕੁਲ ਹੀ ਨਵੀਂ ਹੈ। ਇਸ ਬਾਰੇ ਦੋ-ਰਾਵਾਂ ਨਹੀਂ ਹੋ ਸਕਦੀਆਂ ਕਿ ਬਰਾਬਰੀ ਦਾ ਇਹ ਵਿਚਾਰ 19ਵੀਂ ਸਦੀ ’ਚ ਯੂਰਪ ਦੀ ਸਮਾਜਵਾਦੀ ਵਿਚਾਰਧਾਰਾ ਅਤੇ 20ਵੀਂ ਸਦੀ ’ਚ ਬੋਲਸ਼ੇਵਿਕ ਕ੍ਰਾਂਤੀ ਦੇ ਅਸਰ ਨਾਲ ਭਾਰਤ ’ਚ ਆਇਆ। ਇਸ ਲਈ ਅਕਸਰ ਇਹ ਮੰਨ ਲਿਆ ਜਾਂਦਾ ਹੈ ਕਿ ਬਰਾਬਰੀ ਦੀ ਭਾਵਨਾ ਭਾਰਤੀ ਲੋਕਾਂ ਲਈ ਓਪਰੀ ਜਾਂ ਨਾ-ਮੰਨਣਯੋਗ ਹੈ।
ਭਾਰਤ ਦੇ ਸਰਬ-ਧਰਮ ਦੀ ਖੋਜ ਕਰਦੇ ਸਮੇਂ ਇਸ ਮਾਨਤਾ ਦੀ ਪੜਤਾਲ ਕਰਨੀ ਲਾਜ਼ਮੀ ਹੈ। ਇਕ ਮਾਇਨੇ ’ਚ ਪੂਰੀ ਦੁਨੀਆ ਦਾ ਇਤਿਹਾਸ ਗੈਰ-ਬਰਾਬਰੀ ਅਤੇ ਬੇਇਨਸਾਫੀ ਦਾ ਰਿਹਾ ਹੈ ਪਰ ਭਾਰਤੀ ਸੱਭਿਅਤਾ ’ਚ ਜਾਤੀ ਗੈਰ-ਬਰਾਬਰੀ ਇਕ ਅਜਿਹਾ ਸੱਚ ਹੈ, ਜੋ ਉਸ ਨੂੰ ਦੋ ਅਰਥਾਂ ’ਚ ਬਾਕੀ ਦੁਨੀਆ ਤੋਂ ਵੱਖਰਾ ਕਰਦਾ ਹੈ। ਪਹਿਲਾਂ ਤਾਂ ਜਾਤ ਵਿਵਸਥਾ ਗੈਰ-ਬਰਾਬਰੀ ਨੂੰ ਇਕ ਸਥਾਈ ਸੰਸਥਾਗਤ ਢਾਂਚਾ ਦਿੰਦੀ ਹੈ। ਦੂਜਾ, ਹਿੰਦੂ ਧਾਰਮਿਕ ਗ੍ਰੰਥ ਇਸ ਗੈਰ-ਬਰਾਬਰੀ ਨੂੰ ਇਕ ਵਿਚਾਰਕ ਅਤੇ ਧਾਰਮਿਕ ਪਹਿਰਾਵਾ ਪਹਿਨਾਉਂਦੇ ਹਨ ਪਰ ਇਸ ਅਾਧਾਰ ’ਤੇ ਜ਼ਹਿਰੀਲੇਪਨ ਨੂੰ ਭਾਰਤ ਦਾ ਸਰਬ-ਧਰਮ ਮੰਨਣਾ ਜਲਦਬਾਜ਼ੀ ਹੋਵੇਗੀ। ਕਿਸੇ ਵਿਵਸਥਾ ਦਾ ਹੋਣਾ ਸਿਰਫ ਇਹ ਸਾਬਤ ਨਹੀਂ ਕਰਦਾ ਕਿ ਉਹ ਸਮਾਜ ਦਾ ਆਦਰਸ਼ ਸੀ।
ਭਾਰਤ ਦਾ ਸਰਬ-ਧਰਮ ਸ਼ਾਸਤਰਾਂ ਅਤੇ ਬਾਦਸ਼ਾਹਾਂ ਦਾ ਮੁਥਾਜ਼ ਨਹੀਂ ਰਿਹਾ। ਇਸ ਦੀ ਸਭ ਤੋਂ ਸਪੱਸ਼ਟ ਵਿਆਖਿਆ ਅੰਦੋਲਨਾਂ ’ਚ ਹੋਈ-ਬੁੱਧ ਦਰਸ਼ਨ, ਸੂਫ਼ੀ-ਭਗਤੀ ਪਰੰਪਰਾ ਅਤੇ ਰਾਸ਼ਟਰੀ ਅੰਦੋਲਨ ਅਤੇ ਇਨ੍ਹਾਂ ਤਿੰਨਾਂ ਵੱਡੇ ਅੰਦੋਲਨਾਂ ਨੇ ਇਕ ਸੁਰ ’ਚ ਜਾਤ ਵਿਵਸਥਾ ਨੂੰ ਖਾਰਿਜ ਕੀਤਾ। ਇਸ ਲਈ ਬਰਾਬਰੀ ਦੇ ਵਿਚਾਰ ਦੇ ਪ੍ਰਸਾਰ ਅਤੇ ਇਸ ਦੇ ਭਾਰਤੀ ਸਰੂਪ ਨੂੰ ਅਸੀਂ ਸਿਰਫ ਵਿਦੇਸ਼ੀ ਅਸਰ ਨਾਲ ਨਹੀਂ ਸਮਝ ਸਕਦੇ। ਜ਼ਾਹਿਰ ਹੈ, ਸਮਾਜਵਾਦੀ ਵਿਚਾਰਧਾਰਾ ਭਾਰਤ ’ਚ ਕਿਸੇ ਕੋਰੇ ਕਾਗਜ਼ ’ਤੇ ਨਹੀਂ ਲਿਖੀ ਗਈ ਸੀ। ਪਹਿਲਾਂ ਤੋਂ ਸਥਾਪਿਤ ਵਿਚਾਰਾਂ ਦੇ ਨਾਲ ਦਵੰਦ ਅਤੇ ਗੱਲਬਾਤ ਰਾਹੀਂ ਹੀ ਬਰਾਬਰੀ ਦੇ ਵਿਚਾਰ ਨੇ ਭਾਰਤੀ ਲੋਕਾਂ ’ਚ ਆਪਣੀ ਥਾਂ ਬਣਾਈ।
ਇਸ ਦੇ ਮੂਲ ’ਚ ਹੈ ‘ਦਇਆ’ ਦਾ ਸੰਕਲਪ। ਕਿਸੇ ਦੂਜੇ ਦਾ ਦੁੱਖ ਦੇਖ ਕੇ ਸਾਡੇ ਹਿਰਦੇ ’ਚ ਜੋ ਕੰਬਣੀ ਹੁੰਦੀ ਹੈ, ਉਹ ਹੈ ਦਇਆ। ਪਹਿਲਾਂ ਇਹ ਵਿਚਾਰ ਦਇਆ ਦੇ ਰੂਪ ’ਚ ਆਉਂਦਾ ਹੈ। ਮਹਾਭਾਰਤ ਦਾ ਅਨੁਸ਼ਾਸਨ ਪਰਵ ਦਇਆ ਨੂੰ ਧਰਮ ਦਾ ਮੂਲ ਦੱਸਦਾ ਹੈ ਪਰ ਬੁੱਧ ਦਰਸ਼ਨ ’ਚ ਇਹ ਧਾਰਨਾ ਕਈ ਮਾਇਨਿਆਂ ’ਚ ਬਦਲ ਜਾਂਦੀ ਹੈ। ਤਰਸ ਸਿਰਫ ਦਇਆ ਭਾਵਨਾ ਨਹੀਂ ਹੈ। ਜਿੱਥੇ ਵੀ ਮਨੁੱਖ ਦੁੱਖ ’ਚ ਹੋਣ, ਉਨ੍ਹਾਂ ਦੇ ਦੁੱਖ ਨੂੰ ਹਟਾਉਣ ਦੀ ਡੂੰਘੀ ਇੱਛਾ ਹੀ ਤਰਸ ਹੈ। ਬੁੱਧ ਦਰਸ਼ਨ ਇਸ ਭਾਵਨਾ ਨੂੰ ਸਰਗਰਮ ਕਰਮ ਨਾਲ ਜੋੜਦਾ ਹੈ ਅਤੇ ਇਸ ਕਰਮ ਨੂੰ ਸਮਝਦਾਰੀ ਭਾਵ ‘ਪ੍ਰਗਿਆ’ ਨਾਲ। ਆਪਣੇ ਇਸ ਮੂਲ ਸਰੂਪ ’ਚ ਦਇਆ ਦੀ ਧਾਰਨਾ ’ਚ ਉਨ੍ਹਾਂ ਸਾਰੇ ਵਿਚਾਰਾਂ ਦਾ ਬੀਜ ਹੈ, ਜੋ ਅੱਗੇ ਚੱਲ ਕੇ ਸਮਾਜਵਾਦ ਅਖਵਾਇਆ। ਜੇਕਰ ਦਇਆ ਸੱਚੀ ਹੈ ਤਾਂ ਉਹ ਦੁੱਖ ਨਿਵਾਰਣ ਦੇ ਨਿੱਜੀ ਯਤਨਾਂ ਤੱਕ ਸੀਮਤ ਨਹੀਂ ਰਹਿ ਸਕਦੀ। ਉਸ ਨੂੰ ਸਮਾਜ ’ਚ ਫੈਲੇ ਦੁੱਖ ਦੇ ਢਾਂਚਾਗਤ ਕਾਰਨਾਂ ’ਤੇ ਗੌਰ ਕਰਨਾ ਹੋਵੇਗਾ ਅਤੇ ਉਸ ਦੇ ਲਈ ਆਮੂਲ-ਚੂਲ ਸੰਸਥਾਗਤ ਤਬਦੀਲੀ ਦੀ ਮੰਗ ਕਰਨੀ ਪਵੇਗੀ। ਕਰੁਣਾ ਨੂੰ ਪ੍ਰਗਿਆ ਅਤੇ ਸੱਭਿਅਕ ਦ੍ਰਿਸ਼ਟੀ ਨਾਲ ਜੋੜਨਾ ਬੁੱਧ ਦਰਸ਼ਨ ਨੂੰ ਕਈ ਮਾਇਨਿਆਂ ’ਚ ਬਰਾਬਰੀ ਦੇ ਆਧੁਨਿਕ ਦਰਸ਼ਨ ਤੋਂ ਕਿਤੇ ਅੱਗੇ ਲਿਆ ਕੇ ਖੜ੍ਹਾ ਕਰਦਾ ਹੈ।
ਸੂਫ਼ੀ ਅਤੇ ਭਗਤੀ ਅੰਦੋਲਨ ਨੇ ਬਰਾਬਰੀ ਦੇ ਵਿਚਾਰ ਨੂੰ ਇਕ ਨਵਾਂ ਦਿਸਹਿੱਦਾ ਦਿੱਤਾ। ਸੂਫ਼ੀ ਸੰਤਾਂ ਦੀ ਬਾਣੀ ’ਚ ਤਰਸ ਨੂੰ ‘ਰਹਿਮ’ ਦਾ ਰੂਪ ਦਿੱਤਾ ਗਿਆ ਹੈ। ‘ਬਿਸਮਿੱਲਾਹਿ ਰਹਿਮਾਨਿ ਰਹੀਮ’ ਦੀ ਜੜ੍ਹ ’ਚ ਇਸਲਾਮ ਦੀ ਇਹ ਧਾਰਨਾ ਹੈ ਕਿ ਇਹ ਸ੍ਰਿਸ਼ਟੀ ਅੱਲ੍ਹਾ ਦੀ ਰਹਿਮਤ ਦਾ ਪ੍ਰਗਟਾਵਾ ਹੈ। ਭਾਰਤ ਦੀ ਸੂਫ਼ੀ ਪਰੰਪਰਾ ਨੇ ਇਸ ਬੁਨਿਆਦੀ ਸੂਤਰ ਤੋਂ ਇਕ ਨਵਾਂ ਸਿਧਾਂਤ ਘੜਿਆ। ਜੇਕਰ ਦੁਨੀਆ ਅੱਲ੍ਹਾ ਦੀ ਰਹਿਮਤ ਨਾਲ ਬਣੀ ਹੈ ਤਾਂ ਸਾਨੂੰ ਦੁਨੀਆ ਦੇ ਹਰ ਪ੍ਰਾਣੀ ’ਤੇ ਰਹਿਮ ਰੱਖਣਾ ਚਾਹੀਦਾ ਹੈ। ਰਹਿਮ ਸਿਰਫ਼ ਈਸ਼ਵਰ ਦਾ ਨਹੀਂ, ਸਗੋਂ ਇਨਸਾਨ ਦਾ ਵੀ ਗੁਣ ਬਣੇ, ਇਹੀ ਰੂਹਾਨੀਅਤ ਦਾ ਰਸਤਾ ਹੈ। ਇਹੀ ਇਕ ਸੱਚੇ ਸੂਫ਼ੀ ਦੀ ਪਛਾਣ ਹੈ।
ਸਮਾਜਿਕ ਸੰਦਰਭ ’ਚ ਇਸ ਦਾ ਮਤਲਬ ਹੈ ਕਿ ਇਨਸਾਨ ਦੂਜੇ ਇਨਸਾਨਾਂ ਦੀ ਖ਼ਿਦਮਤ ਕਰੇ, ਸਭ ਨਾਲ ਮੁਹੱਬਤ ਕਰੇ। ਰਹਿਮ ਹੀ ‘ਅਦਲ’ ਜਾਂ ਨਿਆਂ ਦਾ ਆਧਾਰ ਹੈ। ਭਗਤੀ ਅੰਦੋਲਨ ਦੇ ਸੰਤਾਂ ਨੇ ਵੀ ਆਪਣੇ ਤਰੀਕੇ ਨਾਲ ਅਤੇ ਕਈ ਵਾਰ ਸੂਫ਼ੀ ਸੰਤਾਂ ਨਾਲ ਜੁੜ ਕੇ ਬਰਾਬਰੀ ਦੇ ਸੰਸਕਾਰ ਨੂੰ ਗੂੜ੍ਹਾ ਕੀਤਾ। ਆਮ ਤੌਰ ’ਤੇ ਉਨ੍ਹਾਂ ਨੇ ਸਮਾਜਿਕ-ਆਰਥਿਕ ਗੈਰ-ਬਰਾਬਰੀ ਨੂੰ ਸਿੱਧੇ ਤੌਰ ’ਤੇ ਚੁਣੌਤੀ ਦੇਣ ਦੀ ਬਜਾਏ ਉਸ ਦੇ ਦਾਰਸ਼ਨਿਕ ਅਤੇ ਅਧਿਆਤਮਿਕ ਅਾਧਾਰ ’ਤੇ ਸੱਟ ਮਾਰੀ। ਕਬੀਰ ਜੀ, ਰਵਿਦਾਸ ਜੀ, ਤੁਕਾਰਾਮ ਜੀ ਅਤੇ ਬਸਵੰਨਾ ਵਰਗੇ ਕੁਝ ਸੰਤਾਂ ਨੇ ਸਿੱਧੇ-ਸਿੱਧੇ ਜਾਤ ਵਿਵਸਥਾ ਦੀ ਊਚ-ਨੀਚ ’ਤੇ ਵਾਰ ਕੀਤਾ ਪਰ ਜਿਨ੍ਹਾਂ ਨੇ ਅਜਿਹਾ ਨਹੀਂ ਵੀ ਕੀਤਾ, ਉਨ੍ਹਾਂ ਨੇ ਵੀ ਸਮਾਜ ’ਚ ਬਰਾਬਰੀ ਦੇ ਸੰਸਕਾਰ ਨੂੰ ਮਜ਼ਬੂਤ ਕੀਤਾ।
19ਵੀਂ ਸਦੀ ਦੇ ਅੱਧ ’ਚ ਅਤੇ 20ਵੀਂ ਸਦੀ ਦੇ ਸ਼ੁਰੂ ’ਚ ਸਰਬ-ਧਰਮ ਦੇ ਇਸ ਅੰਸ਼ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੇ ਦੋ ਤਰ੍ਹਾਂ ਦੇ ਯਤਨ ਹੋਏ। ਪਹਿਲਾ, ਪੱਛਮ ਦੀ ਸਮਾਜਵਾਦੀ ਵਿਚਾਰਧਾਰਾ ਅਤੇ ਫਿਰ ਰੂਸ ਦੀ ਬੋਲਸ਼ੇਵਿਕ ਕ੍ਰਾਂਤੀ ਤੋਂ ਪ੍ਰੇਰਨਾ ਲੈ ਕੇ ਆਰਥਿਕ ਬਰਾਬਰੀ ਸਥਾਪਿਤ ਕਰਨ ਦਾ ਯਤਨ ਸੀ। ਦੂਜਾ, ਬਸਤੀਵਾਦੀ ਰਾਜ ਅਤੇ ਸਿੱਖਿਆ ਤੋਂ ਮਿਲੇ ਮੌਕੇ ਦੀ ਵਰਤੋਂ ਕਰਕੇ ਜਾਤ ਵਿਵਸਥਾ ਅਤੇ ਮਰਦ ਪ੍ਰਧਾਨ ਸੱਤਾ ਨੂੰ ਚੁਣੌਤੀ ਦੇ ਕੇ ਸਮਾਜਿਕ ਸਮਾਨਤਾ ਸਥਾਪਿਤ ਕਰਨ ਦਾ ਯਤਨ ਸੀ। ਇਹ ਭਾਰਤ ਦੇ ਸਰਬ-ਧਰਮ ’ਚ ਕੋਈ ਉਲਟ-ਫੇਰ ਨਹੀਂ ਸੀ, ਸਗੋਂ ਉਸ ’ਚ ਨਵੇਂ ਦਿਸਹਿੱਦੇ ਜੋੜ ਕੇ ਉਸ ਦਾ ਵਿਸਥਾਰ ਸੀ। ਇਸ ਵਿਸਥਾਰ ਦੇ 3 ਪੱਖ ਸਨ :
ਬਰਾਬਰੀ ਹੁਣ ਇਕ ਅਧਿਆਤਮਿਕ ਸਿਧਾਂਤ ਦੀ ਜਗ੍ਹਾ ਸਮਾਜਿਕ ਦਰਸ਼ਨ ਦਾ ਸਿਧਾਂਤ ਬਣੀ। ਇਸ ਦਰਸ਼ਨ ਨੇ ਈਸ਼ਵਰ ਦੇ ਸਾਹਮਣੇ ਬਰਾਬਰੀ ਦੀ ਜਗ੍ਹਾ ਭੌਤਿਕ ਜਗਤ ’ਚ ਬਰਾਬਰੀ ’ਤੇ ਧਿਆਨ ਦਿੱਤਾ।
ਬਰਾਬਰੀ ਦਾ ਵਿਚਾਰ ਅਨੇਕਾਂ ਕਦਰਾਂ-ਕੀਮਤਾਂ ’ਚੋਂ ਇਕ ਨਹੀਂ ਸੀ, ਸਗੋਂ ਇਹ ਆਦਰਸ਼ ਸਮਾਜ ਨਿਰਮਾਣ ਦਾ ਕੇਂਦਰ ਬਿੰਦੂ ਬਣਿਆ।
ਹੁਣ ਬਰਾਬਰੀ ਦੀ ਜ਼ਿੰਮੇਵਾਰੀ ਖੁਦ ਵਿਅਕਤੀ ’ਤੇ ਨਹੀਂ ਸਗੋਂ ਰਾਜ (ਸਟੇਟ) ’ਤੇ ਸੀ। ਬਰਾਬਰੀ ਵਾਲਾ ਸਮਾਜ ਬਣਾਉਣਾ ਹੁਣ ਸਿਰਫ ਇਕ ਨਿੱਜੀ ਸੰਸਕਾਰ ਬਣਾਉਣ ਦੀ ਚੁਣੌਤੀ ਨਹੀਂ ਰਹੀ, ਸਗੋਂ ਇਹ ਹੁਣ ਇਕ ਵਿਵਸਥਾ ਤਬਦੀਲੀ ਦੀ ਚੁਣੌਤੀ ਬਣੀ।
ਭਾਰਤ ਦੇ ਸੰਵਿਧਾਨ ਨੇ ਇਨ੍ਹਾਂ ਤਿੰਨਾਂ ਅਰਥਾਂ ’ਚ ਸਮਾਨਤਾ ਦੇ ਆਦਰਸ਼ ਨੂੰ ਸਮੋਇਆ ਹੈ। ‘ਸੈਕੂਲਰਵਾਦ’ ਵਾਂਗ ਇੱਥੇ ਵੀ ਇਹ ਬਹਿਸ ਬੇਮਾਅਨੀ ਹੋਵੇਗੀ ਕਿ ‘ਸਮਾਜਵਾਦ’ ਸੰਵਿਧਾਨ ’ਚ ਕਦੋਂ ਅਤੇ ਕਿਉਂ ਪਾਇਆ ਗਿਆ। ਸੱਚ ਇਹ ਹੈ ਕਿ ਆਪਣੇ ਮੂਲ ਸਰੂਪ ’ਚ ਹੀ ਭਾਰਤ ਦਾ ਸੰਵਿਧਾਨ ਬਰਾਬਰੀ ਦੇ ਵਿਚਾਰ ਨਾਲ ਓਤ-ਪੋਤ ਹੈ। ਆਪਣੇ ਵਿਲੱਖਣ ਭਾਰਤੀ ਅੰਦਾਜ਼ ’ਚ ਸਮਾਨਤਾ ਦਾ ਵਿਚਾਰ ਗਣਰਾਜ ਦੇ ਸਰਬ-ਧਰਮ ਨੂੰ ਪਰਿਭਾਸ਼ਿਤ ਕਰਦਾ ਹੈ।
ਯੋਗੇਂਦਰ ਯਾਦਵ
