‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
Tuesday, Feb 24, 2026 - 05:58 AM (IST)
ਸਰਕਾਰ ਦੇ ਲੱਖਾਂ ਯਤਨਾਂ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਵਲੋਂ ਵੱਖ-ਵੱਖ ਕਿਸਮ ਦੇ ਨਸ਼ਿਆਂ ਦਾ ਕਾਲਾ ਕਾਰੋਬਾਰ ਜਾਰੀ ਹੈ, ਜਿਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ ਅਤੇ ਇਸਦੇ ਲਈ ਚੱਪਲਾਂ ਤੱਕ ਵਰਤ ਰਹੇ ਹਨ। ਇਹ ਬੁਰਾਈ ਕਿੰਨੀ ਵਧ ਚੁੱਕੀ ਹੈ, ਇਹ ਹੇਠਾਂ ਦਰਜ ਸਿਰਫ ਪਿਛਲੇ ਡੇਢ ਮਹੀਨੇ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 11 ਜਨਵਰੀ, 2026 ਨੂੰ ‘ਦੌਸਾ’ (ਰਾਜਸਥਾਨ) ਪੁਲਸ ਨੇ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ‘ਭਾਂਡਾਰੇਜ਼’ ਦੇ ਨੇੜੇ ਇਕ ਟਰੱਕ ਨੂੰ ਰੋਕ ਕੇ ਉਸ ’ਚੋਂ ਚੌਲਾਂ ਦੀਆਂ ਬੋਰੀਆਂ ਦੇ ਹੇਠਾਂ ਲੁਕੋ ਕੇ ਪੰਜਾਬ ਤੋਂ ਗੁਜਰਾਤ (ਜਿੱਥੇ ਸ਼ਰਾਬਬੰਦੀ ਲਾਗੂ ਹੈ) ਲਿਜਾਈ ਜਾ ਰਹੀ ਇਕ ਕਰੋੜ ਰੁਪਏ ਮੁੱਲ ਦੀ ਨਾਜਾਇਜ਼ ਸ਼ਰਾਬ ਜ਼ਬਤ ਕੀਤੀ।
12 ਜਨਵਰੀ, 2026 ਨੂੰ ‘ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ’ ਨੇ ‘ਡੀਡ ਵਾਨਾ-ਕੁਚਾਮਨ’ (ਰਾਜਸਥਾਨ) ਇਲਾਕੇ ’ਚ ਮੁਰਗੀ-ਦਾਣੇ ਦੀ ਖੇਪ ’ਚ ਲੁਕਾ ਕੇ ਲਿਜਾਈ ਜਾ ਰਹੀ 81 ਕਰੋੜ ਰੁਪਏ ਮੁੱਲ ਦੀ 270 ਕਿੱਲੋਂ ‘ਮੈਫੇਡ੍ਰੋਨ’ ਜ਼ਬਤ ਕੀਤੀ।
* 22 ਜਨਵਰੀ, 2026 ਨੂੰ ‘ਜੋਧਪੁਰ’ (ਰਾਜਸਥਾਨ) ਰੇਂਜ ਦੀ ਪੁਲਸ ਦੀ ਸਪੈਸ਼ਲ ਟੀਮ ਨੇ ਥਾਣਾ ਸ਼ਿਵਪੁਰਾ (ਪਾਲੀ) ਦੀ ਪੁਲਸ ਦੇ ਨਾਲ ਮਿਲ ਕੇ ਸਾਂਝੀ ਕਾਰਵਾਈ ’ਚ ਇਕ ਟਰੱਕ ’ਚ ਕਣਕ ਦੀਆਂ ਬੋਰੀਆਂ ’ਚ ਲੁਕਾ ਕੇ ਲਿਜਾਇਆ ਜਾ ਰਹੀ ਦੋ ਕਿੱਲੋ 359 ਗ੍ਰਾਮ ਨਾਜਾਇਜ਼ ‘ਅਫੀਮ’ ਬਰਾਮਦ ਕਰ ਕੇ ਟਰੱਕ ਡਰਾਈਵਰ ਅਤੇ ਉਸ ਦੇ ਸਹਾਇਕ ਨੂੰ ਗ੍ਰਿਫਤਾਰ ਕੀਤਾ।
* 24 ਜਨਵਰੀ, 2026 ਨੂੰ ‘ਪੂਰਣੀਆ’ (ਬਿਹਾਰ) ਪੁਲਸ ਨੇ ਵਿਦੇਸ਼ੀ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਵੱਖ-ਵੱਖ ਬ੍ਰਾਂਡ ਦੀ 14. 250 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ।
* 30 ਜਨਵਰੀ, 2026 ਨੂੰ ‘ਬਗਹਾ’ (ਬਿਹਾਰ) ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੂਜੇ ਰਾਜਾਂ ਨੂੰ ਭੇਜਣ ਲਈ ‘ਪੁਆਲ’ (ਪਰਾਲੀ) ’ਚ ਲੁਕਾ ਕੇ ਰੱਖਿਆ ਹੋਇਆ ਲੱਖਾਂ ਰੁਪਏ ਮੁੱਲ ਦਾ 203 ਿਕੱਲੋ ਗਾਂਜਾ ਬਰਾਮਦ ਕੀਤਾ।
* 30 ਜਨਵਰੀ, 2026 ਨੂੰ ਹੀ ‘ਜਹਾਨਾਬਾਦ’ (ਬਿਹਾਰ) ਦੇ ‘ਹੁਲਾਸਗੰਜ’ ’ਚ ਪੁਲਸ ਨੇ ਇਕ ਪਾਰਸਲ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ ਸੀਟਾਂ ਦੇ ਹੇਠਾਂ ਗੁਪਤ ਜਗ੍ਹਾ ਬਣਾ ਕੇ ਵੱਡੀ ਮਾਤਰਾ ’ਚ ਲੁਕਾਈਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।
* 8 ਫਰਵਰੀ, 2026 ਨੂੰ ‘ਪ੍ਰਤਾਪਗੜ੍ਹ’ (ਰਾਜਸਥਾਨ) ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਵਿਰੁੱਧ ਚਲਾਏ ਜਾ ਰਹੇ ‘ਆਪ੍ਰੇਸ਼ਨ ਚੱਕਰਵਿਊ’ ਦੇ ਅਧੀਨ ਪਲਾਸਟਿਕ ਦੀਆਂ ਚੱਪਲਾਂ ’ਚ ਲੁਕਾ ਕੇ ਲਿਜਾਈ ਜਾ ਰਹੀ 35 ਲੱਖ ਰੁਪਏ ਮੁੱਲ ਦੀ ‘ਬ੍ਰਾਊਨ ਸ਼ੂਗਰ’ ਅਤੇ ‘ਕੈਮੀਕਲ ਪਾਊਡਰ’ ਜ਼ਬਤ ਕਰ ਕੇ ‘ਸੰਜਰ ਖਾਨ’ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਿਗਆ।
* 16 ਫਰਵਰੀ, 2026 ਨੂੰ ‘ਲੁਧਿਆਣਾ’ (ਪੰਜਾਬ) ਪੁਲਸ ਨੇ ਇਕ ਵੱਡੇ ਼ਡਰੱਗ ਸਮੱਗਲਰ ਗਿਰੋਹ ਦਾ ਭਾਂਡਾ ਭੰਨ੍ਹ ਕੇ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 320 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 19 ਫਰਵਰੀ, 2026 ਨੂੰ ‘ਫਗਵਾੜਾ’ (ਪੰਜਾਬ) ’ਚ ਪੁਲਸ ਨੇ ਰੇਖਾ ਨਾਂ ਦੀ ਵਿਆਹੁਤਾ ਮਹਿਲਾ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ।
*19 ਫਰਵਰੀ, 2026 ਨੂੰ ਹੀ ‘ਲੁਧਿਆਣਾ’ (ਪੰਜਾਬ) ਪੁਲਸ ਨੇ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 22 ਫਰਵਰੀ, 2026 ਨੂੰ ‘ਜਾਂਜਗੀਰ ਚਾਂਪਾ’ (ਛੱਤੀਸਗੜ੍ਹ) ’ਚ ਪੁਲਸ ਨੇ ਦੋ ਮੁਲਜ਼ਮਾਂ ਅਤੇ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 4.98 ਲੱਖ ਰੁਪਏ ਮੁੱਲ ਦਾ ਕੁੱਲ 9.744 ਕਿੱਲੋ ਗਾਂਜਾ ਬਰਾਮਦ ਕੀਤਾ।
* 22 ਫਰਵਰੀ, 2026 ਨੂੰ ਹੀ ‘ਫਰੀਦਕੋਟ’ (ਪੰਜਾਬ) ਪੁਲਸ ਦੇ ਸੀ. ਆਈ. ਏ. ਸਟਾਫ ਨੇ 4 ਕਿਲੋ 804 ਗ੍ਰਾਮ ਹੈਰੋਇਨ, 30,000 ਰੁਪਏ ਡਰੱਗ ਮਨੀ ਅਤੇ ਇਕ ਰਿਵਾਲਵਰ ਦੇ ਨਾਲ ਇਕ ਫੌਜੀ, ਇਕ ਬਰਖਾਸਤ ਪੁਲਸ ਮੁਲਾਜ਼ਮ ਅਤੇ ਦੋ ਅੌਰਤਾਂ ਸਮੇਤ 6 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 23 ਫਰਵਰੀ, 2026 ਨੂੰ ਅੰਮ੍ਰਿਤਸਰ ’ਚ ਇਕ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਟੀਮਾਂ ਨੇ 3 ‘ਆਪ੍ਰੇਟਿਵਸ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 6 ਕਿੱਲੋ ਹੈਰੋਇਨ ਅਤੇ 6 ਕਿੱਲੋ ‘ਆਈਸ’ ਬਰਾਮਦ ਕੀਤੀ ਹੈ।
ਇਹ ਤਾਂ ਉਹ ਘਟਨਾਵਾਂ ਹਨ ਜੋ ਅਖਬਾਰਾਂ ’ਚ ਛਪੀਆਂ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਸਮਾਜ ਵਿਰੋਧੀ ਅਨਸਰ ਪਕੜ ’ਚ ਆਏ ਬਿਨਾਂ ਨਿਕਲ ਗਏ ਹੋਣਗੇ। ਇਸ ਲਈ ਇਸ ਬੁਰਾਈ ਨੂੰ ਖਤਮ ਕਰਨ ਲਈ ਇਸ ‘ਜ਼ਹਿਰ’ ਦੇ ਵਪਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ। ਤਾਂ ਹੀ ਇਸ ਬੁਰਾਈ ’ਤੇ ਰੋਕ ਲੱਗ ਸਕੇਗੀ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਸਿਹਤ ਅਤੇ ਚਰਿੱਤਰ ਨਸ਼ਟ ਹੋਣ ਤੋਂ ਬਚ ਸਕੇਗਾ।
-ਵਿਜੇ ਕੁਮਾਰ
