ਗਲਬੇ ਨੂੰ ਨਕਾਰਨਾ ਭਾਰਤੀ ਸੰਘ ਦਾ ਸਵੈ-ਧਰਮ ਹੈ

Wednesday, Feb 25, 2026 - 04:11 PM (IST)

ਗਲਬੇ ਨੂੰ ਨਕਾਰਨਾ ਭਾਰਤੀ ਸੰਘ ਦਾ ਸਵੈ-ਧਰਮ ਹੈ

ਹੁਣ ਤੱਕ ਅਸੀਂ ਭਾਰਤ ਗਣਰਾਜ ਦੇ ਸਵੈ-ਧਰਮ ਦੇ ਤਿੰਨ ਸੂਤਰਾਂ ਦੀ ਵਿਆਖਿਆ ਕਰ ਚੁੱਕੇ ਹਾਂ। ਅੰਤਿਮ ਕੜੀ ’ਚ ਇੱਥੇ ਅਸੀਂ ਚੌਥੇ ਸੂਤਰ ਭਾਵ ਸੰਘਵਾਦ ਦੀ ਚਰਚਾ ਕਰਾਂਗੇ, ਜਿਸ ਨੂੰ ਫੈਡਰਲਿਜ਼ਮ ਕਿਹਾ ਜਾਂਦਾ ਹੈ। ਸੰਵਿਧਾਨ ਦੇ ਪਹਿਲੇ ਆਰਟੀਕਲ ਅਨੁਸਾਰ ਭਾਰਤ ‘ਰਾਜਾਂ ਦਾ ਸੰਘ ਹੋਵੇਗਾ’।

ਪਰ ਅੰਗਰੇਜ਼ੀ ’ਚ ਇਸ ਨੂੰ ‘ਫੈਡਰੇਸ਼ਨ’ ਨਹੀਂ ‘ਯੂਨੀਅਨ ਆਫ ਸਟੇਟਸ’ ਕਿਹਾ ਗਿਆ। ਜ਼ਾਹਿਰ ਹੈ ਇਸ ਅਸਹਿਜਤਾ ਦਾ ਪਿਛੋਕੜ ਦੇਸ਼ ਦੀ ਵੰਡ ਸੀ, ਜਿਸਦਾ ਪਰਛਾਵਾ ਸੰਵਿਧਾਨ ਨਿਰਮਾਣ ’ਤੇ ਦੇਖਿਆ ਜਾ ਸਕਦਾ ਹੈ। ਸੰਵਿਧਾਨ ਨਿਰਮਾਤਾ ਹੁਣ ਕਿਸੇ ਹੋਰ ਵੰਡ ਤੋਂ ਬਚਣ ਲਈ ਕੇਂਦਰ ਨੂੰ ਖੁੱਲ੍ਹਾ ਹੱਥ ਦੇਣਾ ਚਾਹੁੰਦੇ ਸਨ ਪਰ ‘ਫੈਡਰੇਸ਼ਨ’ ਦੀ ਵਰਤੋਂ ਨਾ ਕਰਨ ਦੇ ਪਿੱਛੇ ਇਹ ਬੇਨਤੀ ਵੀ ਰਹੀ ਹੋਵੇਗੀ ਕਿ ਰਾਸ਼ਟਰੀਅਤਾ ਅਤੇ ਖੇਤਰੀਅਤਾ ਨੂੰ ਬਣੇ-ਬਣਾਏ ਯੂਰਪੀ ਸਾਂਚੇ ’ਚ ਨਾ ਢਾਲਿਆ ਜਾਵੇ।

ਸੰਵਿਧਾਨ ਨਿਰਮਾਤਾ ਸਮਝ ਰਹੇ ਸਨ ਕਿ ਭਾਰਤ ਨਾ ਤਾਂ ਯੂਰਪੀਨ ਅਰਥਾਂ ’ਚ ਇਕਾਤਮਕ ਜਾਂ ਕੇਂਦਰੀਕ੍ਰਿਤ ਹੈ ਅਤੇ ਨਾ ਹੀ ਅਮਰੀਕੀ ਅਰਥਾਂ ’ਚ ਸੰਘਾਤਮਕ। ਭਾਰਤ ਦੀ ਏਕਤਾ ਨਾ ਤਾਂ ਬਰਾਬਰੀ ਦੀ ਇੱਛਾ ਰੱਖਦੀ ਹੈ, ਨਾ ਹੀ ਬਹੁਲਤਾ ਦਾ ਗੁਣਗਾਨ ਕਰਦੀ ਹੈ। ‘ਯੂਨੀਅਨ’ ਜਿਹਾ ਢਿੱਲਾ ਸ਼ਬਦ ਭਾਰਤ ਦੀ ਇਸ ਅਨੋਖੀ ਬਨਾਵਟ ਨੂੰ ਬਣਾਈ ਰੱਖਣ ਅਤੇ ਸਾਨੂੰ ਆਪਣੇ ਰਿਸ਼ਤਿਆਂ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਨ ਦੀ ਆਜ਼ਾਦੀ ਦਿੰਦਾ ਹੈ। ਇਸ ਵਿਲੱਖਣਤਾ ’ਚ ਭਾਰਤ ਗਣਰਾਜ ਦੇ ਸਵੈ-ਧਰਮ ਦਾ ਚੌਥਾ ਸੂਤਰ ਲੁਕਿਆ ਹੋਇਆ ਹੈ। ਇਹ ਇਕ ਮੁੱਲ ਨਹੀਂ ਬਸ ਇਕ ਅਹਿਸਾਸ ਹੈ, ਭਾਰਤ ਦੀ ਬਣਾਵਟ ਦੀ ਸਹਿਜ ਪ੍ਰਵਾਨਗੀ ਹੈ। ਇਹ ਭਾਵ ਭਾਰਤੀ ਦਰਸ਼ਨ ’ਚ ਹੈ, ਇਤਿਹਾਸ ’ਚ ਹੈ, ਸੰਸਕ੍ਰਿਤੀ ’ਚ ਹੈ ਅਤੇ ਆਮ ਲੋਕਾਂ ’ਚ ਹੈ।

ਭਾਰਤੀ ਦਰਸ਼ਨ ਦੀ ਵਿਸ਼ੇਸ਼ਤਾ ਇਹੀ ਹੈ ਕਿ ਇਸਦਾ ਨੈਤਿਕ ਬੋਧ ਕਿਸੇ ਸਦੀਵੀ ਨਿਯਮਾਂ ਨਾਲ ਯਾਂਤਰਿਕ ਰੂਪ ’ਚ ਬੱਝਾ ਨਹੀਂ ਹੈ। ਨੈਤਿਕਤਾ ਦੇਸ਼, ਕਾਲ ਅਤੇ ਪਾਤਰ ਸਾਪੇਖ ਹੈ। ਇਹ ਸਮਝ ਕਿਸੇ ਇਕ ਦਾਰਸ਼ਨਿਕ ਜਾਂ ਧਾਰਮਿਕ ਪਰੰਪਰਾ ਨਾਲ ਨਹੀਂ ਜੁੜੀ ਹੈ। ਵੈਦਿਕ ਕਾਲ ਤੋਂ ਲੈ ਕੇ ਧਰਮ ਸ਼ਾਸਤਰ ਤੱਕ, ਬੌਧ ਅਤੇ ਜੈਨ ਦਰਸ਼ਨ ’ਚ, ਸੂਫ਼ੀ ਸੰਤਾਂ ਤੋਂ ਦਾਰਾ ਸ਼ਿਕੋਹ ਤੱਕ, ਸਾਰਿਆਂ ’ਚ ਇਹ ਭਾਵ ਮੌਜੂਦ ਹੈ। ਭਾਸ਼ਾ ਭਾਵੇਂ ਧਰਮ ਅਤੇ ਵਿਵੇਕ ਦੀ ਹੋਵੇ ਜਾਂ ਅਨੇਕਾਂਤਵਾਦ ਜਾਂ ਫਿਰ ਅਹਵਾਲ, ਇਜਤੇਹਾਦ, ਤਮੀਜ਼ ਅਤੇ ਮੁਨਾਸਬਤ ਦੀ, ਇਨ੍ਹਾਂ ਸਭ ਨੇ ਹਾਲਾਤ ਦੀ ਸਾਪੇਖ ਨੈਤਿਕਤਾ ਦੀ ਵਿਆਖਿਆ ਕੀਤੀ। ਇਨ੍ਹਾਂ ਲਈ ਵੰਨ-ਸੁਵੰਨਤਾ ਇਕ ਮੁੱਲ ਜਾਂ ਆਦਰਸ਼ ਨਹੀਂ ਸੀ, ਸਗੋਂ ਸਮਾਜਿਕ ਸੱਚਾਈ ਸੀ ਜਿਸ ਨੂੰ ਇਨ੍ਹਾਂ ਨੇ ਸਹਿਜ ਰੂਪ ’ਚ ਗ੍ਰਹਿਣ ਕੀਤਾ।

ਇਹੀ ਭਾਵ ਸਮਾਜਿਕ ਅਤੇ ਰਾਜਕੀ ਨਿਯਮ-ਕਾਨੂੰਨ ਨੂੰ ਇਕਾਂਗੀ ਹੋਣ ਤੋਂ ਰੋਕਦਾ ਹੈ। ਦੇਸ਼ਾਚਾਰ ਜਾਂ ਦੇਸ਼ ਧਰਮ ਦੀ ਧਾਰਨਾ ਇਸੇ ਭਾਵ ਦਾ ਪ੍ਰਗਟਾਵਾ ਹੈ। ਹਰ ਇਲਾਕੇ ਅਤੇ ਭਾਈਚਾਰੇ ਦੇ ਆਪਣੇ ਵੱਖਰੇ ਆਚਾਰ-ਵਿਵਹਾਰ ਹਨ, ਰੀਤੀ-ਰਿਵਾਜ ਹਨ। ਸਭ ਨੂੰ ਇਕ ਹੀ ਚਾਲ ’ਚ ਢਾਲਣ ਦੀ ਬਜਾਏ ਇਸ ਵਿਭਿੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਜਿੱਥੇ ਸ਼ਾਸਤਰ ਚੁੱਪ ਹਨ ਉੱਥੇ ਸਮਾਜਿਕ ਮਾਨਤਾ ਮਰਿਆਦਾ ਦਾ ਸਰੋਤ ਹੈ। ਧਰਮ ਹਮੇਸ਼ਾ ਸੰਸਕਾਰ ਦਾ ਸਰੋਤ ਨਹੀਂ ਹੁੰਦਾ। ਸੰਸਕਾਰ ਵੀ ਧਰਮ ਦਾ ਸਰੋਤ ਹੋ ਸਕਦਾ ਹੈ। ਇਹੀ ਵਿਚਾਰ ਸਲਤਨਤ ਅਤੇ ਮੁਗ਼ਲ ਕਾਲ ’ਚ ਵੀ ਵਿਕਸਿਤ ਹੋਇਆ। ਇਸ ਦੇ ਮੱਦੇਨਜ਼ਰ ਸਮੂਹ ਪਰਜਾ ’ਤੇ ਸ਼ਰੀਆ ਅਤੇ ਸ਼ਾਹੀ ਕਾਨੂੰਨ ਥੋਪਣ ਦੀ ਬਜਾਏ ਸੂਬੇ ਦੇ ਵੱਡੇ ਇਲਾਕੇ ਅਤੇ ਭਾਈਚਾਰੇ ਲਈ ‘ਉਰਫ਼’ ਭਾਵ ਸਥਾਨਕ ਤੌਰ-ਤਰੀਕੇ ਅਤੇ ਸਮਾਜਿਕ ਮਾਨਤਾ ਨੂੰ ਸਵੀਕਾਰ ਕੀਤਾ ਗਿਆ। ਇਹ ਨਾ ਸਿਰਫ਼ ਰਣਨੀਤੀ ਸੀ, ਨਾ ਸਿਰਫ਼ ਸਿਆਸੀ ਦਰਸ਼ਨ। ਇਹ ਇਕ ਡੂੰਘੀ ਰਾਜਨੀਤਿਕ ਸਮਝ ਸੀ।

ਇਹ ਭਾਵ ਅਤੇ ਸਮਝ ਭਾਰਤ ਗਣਰਾਜ ਦੀ ਬੁਨਿਆਦ ’ਚ ਹੈ। ਭਾਰਤੀ ਰਾਜ ਸਿਰਫ ਇਕ ਆਧੁਨਿਕ ‘ਸੰਪੂਰਨ ਪ੍ਰਭੂਸੱਤਾ ਸੰਪੰਨ’ ਰਾਜ ਨਹੀਂ ਹੈ। ਉਹ ਤਾਂ ਭਾਰਤੀ ਰਾਜ ਦੀ ਉੱਪਰੀ ਪਰਤ ਹੈ। ਉਸ ਦੇ ਹੇਠਾਂ ਇਤਿਹਾਸ ਦੀਆਂ ਕਈ ਹੋਰ ਪਰਤਾਂ ਹਨ। ਭਾਰਤ ’ਚ ਰਾਜਸੱਤਾ ਕਦੇ ਵੀ ਸੰਪੂਰਨ ਪ੍ਰਭੂਸੱਤਾ ਸੰਪੰਨ ਨਹੀਂ ਰਹੀ। ਪ੍ਰਾਚੀਨ ਕਾਲ ’ਚ ਸਮਰਾਟ ਭਾਵੇਂ ਜਿੰਨਾ ਵੱਡਾ ਹੋਵੇ, ਉਸਦੀ ਸੱਤਾ ਸੀਮਤ ਸੀ। ਨਾ ਤਾਂ ਉਹ ਕਾਨੂੰਨ ਦਾ ਇਕੋ-ਇਕ ਨਿਰਧਾਰਕ ਸੀ, ਨਾ ਉਹ ਧਾਰਮਿਕ ਅਤੇ ਸਮਾਜਿਕ ਤੌਰ-ਤਰੀਕਿਆਂ ’ਚ ਦਖ਼ਲ ਦੇ ਸਕਦਾ ਸੀ ਅਤੇ ਨਾ ਹੀ ਅਣਵੰਡੀ ਵਫ਼ਾਦਾਰੀ ਮੰਗ ਸਕਦਾ ਸੀ। ਰਾਜੇ ਦੀ ਸੱਤਾ ਸਮਾਜ ਦੀ ਸੱਤਾ ਦੇ ਨਾਲ ਸੀ, ਉਸ ਦੇ ਉੱਪਰ ਨਹੀਂ। ਮੁਗ਼ਲ ਰਾਜ ਆਉਣ ਤੋਂ ਬਾਅਦ ਸੂਬੇ ਦੀ ਵਿੱਤੀ, ਸੈਨਿਕ ਅਤੇ ਸੰਸਥਾਗਤ ਸਮਰੱਥਾ ਬਹੁਤ ਵਧੀ ਪਰ ਮੁਗ਼ਲ ਬਾਦਸ਼ਾਹ ਨੂੰ ਵੀ ਆਪਣੀ ਪ੍ਰਭੂਸੱਤਾ ’ਚ ਹਿੱਸੇਦਾਰੀ ਕਰਨੀ ਪੈਂਦੀ ਸੀ-ਜ਼ਿਮੀਂਦਾਰਾਂ, ਸਥਾਨਕ ਰਾਜਿਆਂ, ਧਾਰਮਿਕ ਅਦਾਰਿਆਂ ਅਤੇ ਸਮਾਜਿਕ ਸੰਗਠਨਾਂ ਦੇ ਨਾਲ। ਮੁਗ਼ਲ ਸਾਮਰਾਜ ’ਚ ਨਾ ਤਾਂ ਇਕੋ ਜਿਹਾ ਕਾਨੂੰਨ ਸੀ, ਨਾ ਇਕ ਨਾਗਰਿਕਤਾ ਅਤੇ ਨਾ ਹੀ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਦਾ ਏਕਾਧਿਕਾਰ।

ਰਾਜ ਸੱਤਾ ਦੀ ਇਸ ਬਣਾਵਟ ’ਤੇ ਬਸਤੀਵਾਦੀ ਰਾਜ ਨੇ ਆਧੁਨਿਕ ਰਾਸ਼ਟਰ ਅਤੇ ਰਾਜ ਦੀ ਪਰਤ ਵਿਛਾਈ। ਇਸ ਨੇ ਸਾਡੇ ਸਮਾਜ ਅਤੇ ਰਾਜਨੀਤਿਕ ਸੱਤਾ ਦੇ ਸਰੂਪ ’ਚ ਬੁਨਿਆਦੀ ਬਦਲਾਅ ਕੀਤੇ। ਬੇਸ਼ੱਕ ਭਾਰਤ ਗਣਰਾਜ ਦਾ ਰਸਮੀ ਸਰੂਪ ਇਕ ਰਾਸ਼ਟਰ-ਰਾਜ ਦੀ ਆਧੁਨਿਕ ਰਵਾਇਤ ਦੇ ਮੁਤਾਬਕ ਚੱਲਦਾ ਹੈ ਪਰ ਵਿਵਹਾਰ ’ਚ ਭਾਰਤੀ ਸੱਭਿਅਤਾ ਦੀ ਡੂੰਘੀ ਬਣਾਵਟ ਨੇ ਆਧੁਨਿਕ ਰਾਸ਼ਟਰ, ਪ੍ਰਭੂਸੱਤਾ ਸੰਪੰਨ ਰਾਜ ਅਤੇ ਲੋਕਤੰਤਰਿਕ ਰਾਜਨੀਤੀ ਦਾ ਰੂਪ-ਰੰਗ ਬਦਲ ਦਿੱਤਾ ਹੈ। ਇਕਛਤਰ ਕੇਂਦਰੀਕ੍ਰਿਤ ਪ੍ਰਭੂਤੱਵਸ਼ਾਲੀ ਸੱਤਾ ਸਾਡੀ ਸੱਭਿਅਤਾ ਦਾ ਮਿਜ਼ਾਜ ਨਹੀਂ ਹੈ। ਇਸ ਲਈ ਵਤੀਰੇ ’ਚ ਆਧੁਨਿਕ ਰਾਜ ਦੀ ਸ਼ਕਤੀ ਹਮੇਸ਼ਾ ਮਰਿਆਦਾ ’ਚ ਰਹੀ ਹੈ। ਗੈਰ-ਕੇਂਦਰਿਤ ਸੱਤਾ, ਸਾਂਝੀ ਪ੍ਰਭੂਸੱਤਾ ਅਤੇ ਗੱਠਜੋੜ ਆਧਾਰਿਤ ਸ਼ਕਤੀ ਹੀ ਸਾਡੇ ਸਮਾਜ ਦਾ ਸਵੈ-ਧਰਮ ਰਿਹਾ ਹੈ।

ਭਾਰਤੀ ਸੰਵਿਧਾਨ ’ਚ ਸੰਘ ਜਾਂ ਯੂਨੀਅਨ ਦੀ ਧਾਰਨਾ ਨੂੰ ਇਸ ਰੌਸ਼ਨੀ ’ਚ ਦੇਖਣਾ ਉਚਿਤ ਹੋਵੇਗਾ। ਇਹ ਯੂਰਪ-ਅਮਰੀਕਾ ਦੀ ਕਾਟ ਦਾ ਫੈਡਰੇਸ਼ਨ ਨਹੀਂ ਹੈ। ਭਾਰਤੀ ਸੰਘ ’ਚ ਸੱਤਾ ਦੀ ਵੰਡ ਪੱਛਮੀ ਫੈਡਰੇਸ਼ਨ ਤੋਂ ਵੱਖਰੀ ਕਿਸਮ ਦੀ ਹੈ। ਭਾਰਤੀ ਸੰਘ ਅਮਰੀਕਾ ਦੀ ਤਰਜ਼ ’ਤੇ ਅਨੇਕ ਪ੍ਰਭੂਸੱਤਾ ਸੰਪੰਨ ਰਾਜਾਂ ਦੇ ਸਵੈ-ਇੱਛੁਕ ਸਮਝੌਤੇ ਨਾਲ ਬਣਿਆ ਇਕ ਰਾਜ ਨਹੀਂ ਹੈ।

ਨਾ ਹੀ ਇਹ ਸੋਵੀਅਤ ਸੰਘ ਵਾਲੇ ਅੰਦਾਜ਼ ’ਚ ਅਨੇਕਾਂ ਰਾਸ਼ਟਰਾਂ ਦੇ ਮਿਲਣ ਨਾਲ ਬਣਿਆ ਇਕ ਬਹੁ-ਰਾਸ਼ਟਰੀ ਰਾਜ ਹੈ। ਭਾਰਤ ਗਣਰਾਜ ਦੀ ਬੁਨਿਆਦ ਬਸਤੀਵਾਦੀ ਸੱਤਾ ਦੇ ਖ਼ਿਲਾਫ਼ ਸੰਘਰਸ਼ ਤੋਂ ਪੈਦਾ ਹੋਈ ਇਕਜੁੱਟਤਾ ’ਚ ਹੈ। ਇਸ ਗਣਰਾਜ ਦੀਆਂ ਖੇਤਰੀ ਇਕਾਈਆਂ ਨੇ ਬਾਲਗ ਹੋਣ ਤੋਂ ਬਾਅਦ ਇਕ-ਦੂਜੇ ਨਾਲ ਸਬੰਧ ਬਣਾਉਣ ਦਾ ਫੈਸਲਾ ਨਹੀਂ ਲਿਆ। ਇਨ੍ਹਾਂ ਦੀ ਪੈਦਾਇਸ਼ ਹੀ ਇਕੱਠਿਆਂ ਹੋਈ ਹੈ। ਇੱਥੇ ਸ਼ਕਤੀ ਦੀ ਵੰਡ ਦਾ ਮਤਲਬ ਸਿਰਫ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ’ਚ ਵੰਡ ਨਹੀਂ ਹੈ। ਸਰਕਾਰ ਅਤੇ ਸਮਾਜ ’ਚ ਸੱਤਾ ਦੀ ਵੰਡ ਸਾਡਾ ਸਵੈ-ਧਰਮ ਹੈ। ਇੱਥੇ ਸੱਤਾ ਦੇ ਖ਼ੁਦਮੁਖਤਿਆਰ ਦਾਇਰੇ ਦੀ ਜ਼ਰੂਰਤ ਸਿਰਫ਼ ਕੇਂਦਰ ਅਤੇ ਰਾਜ ਸਰਕਾਰ ਦੇ ਵਿਚਾਲੇ ਨਹੀਂ ਸਗੋਂ ਉਸ ਦੇ ਬਹੁਤ ਹੇਠਾਂ ਪੰਚਾਇਤ ਅਤੇ ਮੁਹੱਲਾ ਸਰਕਾਰ ਤੱਕ ਹੈ। ਇੱਥੇ ਰਾਸ਼ਟਰੀ ਏਕਤਾ ਬਾਕੀ ਸਭ ਭਾਸ਼ਾਈ ਅਤੇ ਖੇਤਰੀ ਪਛਾਣ ਨੂੰ ਖ਼ਤਮ ਕਰ ਕੇ ਨਹੀਂ ਬਣਦੀ। ਇੱਥੋਂ ਦੀਆਂ ਤਮਾਮ ਭਾਸ਼ਾਈ ਸੰਸਕ੍ਰਿਤੀਆਂ ਦੀ ਪਛਾਣ ਭਾਰਤ ਤੋਂ ਵੱਖਰੀ ਨਹੀਂ ਹੈ, ਭਾਰਤ ’ਤੇ ਨਿਰਭਰ ਵੀ ਨਹੀਂ ਹੈ। ਦਰਅਸਲ ਭਾਰਤ ਦੀ ਪਛਾਣ ਇਨ੍ਹਾਂ ਸਭ ਪਛਾਣਾਂ ਨੂੰ ਜੋੜ ਕੇ ਬਣਦੀ ਹੈ।

ਭਾਰਤੀ ਸੰਘ ਦੀ ਬੁਨਿਆਦ ’ਚ ਗਲਬੇ ਨੂੰ ਨਕਾਰਨ ਵਾਲਾ ਇਕ ਅਣਲਿਖਿਆ ਸਮਝੌਤਾ ਹੈ। ਕੇਂਦਰ ਸਰਕਾਰ, ਭਾਸ਼ਾ ਜਾਂ ਫਿਰਕੂ ਲਿਹਾਜ਼ ਨਾਲ ਬਹੁਗਿਣਤੀ ਸਮਾਜ ਜਾਂ ਕੋਈ ਵੀ ਸੱਭਿਆਚਾਰਕ ਭਾਈਚਾਰਾ ਆਪਣਾ ਗਲਬਾ ਸਥਾਪਿਤ ਨਹੀਂ ਕਰੇਗਾ। ਇਸ ਲਈ ਸਾਡੀ ਸੱਭਿਅਤਾ ਦੇ ਮਿਜ਼ਾਜ ਦੇ ਖ਼ਿਲਾਫ਼ ਜਾ ਕੇ ‘ਇਕ ਦੇਸ਼, ਇਕ ਭਾਸ਼ਾ, ਇਕ ਧਰਮ, ਇਕ ਜਾਤ’ ਦੀ ਤਰਜ਼ ’ਤੇ ਰਾਸ਼ਟਰੀ ਏਕਤਾ ਨੂੰ ਸਮਰੂਪਤਾ (ਏਕਤਾ) ਵਾਂਗ ਪਰਿਭਾਸ਼ਿਤ ਕਰਨਾ ਸਾਡੇ ਸਵੈ-ਧਰਮ ਦੇ ਉਲਟ ਹੈ।

ਯੋਗਿੰਦਰ ਯਾਦਵ


author

Rakesh

Content Editor

Related News