ਮੋਟਾਪਾ ਇਕ ਲੰਬੇ ਸਮੇਂ ਦੀ ਬੀਮਾਰੀ ਹੈ, ਨਾ ਕਿ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ
Tuesday, Feb 24, 2026 - 04:46 PM (IST)
ਤਿਰੂਵਨੰਤਪੁਰਮ ਦੇ 25 ਸਾਲਾ ਇਕ ਟੈਕਨੀਸ਼ੀਅਨ ਨੂੰ ਮਨਚਾਹੀ ਨੌਕਰੀ ਮਿਲੀ ਸੀ, ਜਿਸ ਨਾਲ ਉਸ ਨੂੰ ਹਰ ਮਹੀਨੇ 4 ਲੱਖ ਰੁਪਏ ਦੀ ਤਨਖਾਹ ਅਤੇ ਘਰ ਤੋਂ ਕੰਮ ਕਰਨ ਦੀ ਆਜ਼ਾਦੀ ਮਿਲਦੀ ਸੀ। ਕੰਮ ’ਚ ਡੁੱਬੇ ਰਹਿਣ ਦੇ ਕਾਰਨ ਖਾਣਾ ਹੀ ਉਸ ਦਾ ਇਕਮਾਤਰ ਤਣਾਅ ਘੱਟ ਕਰਨ ਦਾ ਜ਼ਰੀਆ ਸੀ। ਇਸ ਦੇ ਨਾਲ ਹੀ, ਉਪਕਰਨਾਂ ’ਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਉਸ ਦਾ ਵਜ਼ਨ ਬਹੁਤ ਵਧ ਗਿਆ।
ਜਦੋਂ ਉਸ ਦਾ ਵਜ਼ਨ 150 ਕਿਲੋ ਹੋ ਗਿਆ ਅਤੇ ਉਸ ਨੂੰ ਸ਼ੂਗਰ (ਮਧੂਮੇਹ) ਅਤੇ ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਤਾਂ ਉਸ ਨੇ ਸ਼ੂਗਰ ਮਾਹਿਰ ਡਾ. ਜਯੋਤੀਦੇਵ ਕੇਸ਼ਵਦੇਵ ਤੋਂ ਸਲਾਹ ਲਈ, ਜਿਨ੍ਹਾਂ ਦਾ ਮੰਨਣਾ ਹੈ ਕਿ ਮੋਟਾਪਾ ਹੁਣ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਨਹੀਂ, ਇਹ ਇਕ ਜਨਤਕ ਸਿਹਤ ਚਿੰਤਾ ਦਾ ਵਿਸ਼ਾ ਹੈ। ਉਹ ਕਹਿੰਦੇ ਹਨ, ‘‘ਮੋਟਾਪੇ ਨੂੰ ਇਕ ਲੰਬੇ ਸਮੇਂ ਦੀ ਬੀਮਾਰੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ’ਚ ਅਸਾਧਾਰਨ ਜੈਵਿਕ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ, ਇਹ ਉਨ੍ਹਾਂ ਦਾ ਨਤੀਜਾ ਹੈ, ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਦੇ ਸਪੱਸ਼ਟ ਨੈਦਾਨਿਕ ਮਾਪਦੰਡ ਹਨ ਅਤੇ ਇਸ ਦੇ ਲਈ ਡਾਕਟਰੀ ਇਲਾਜ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਦੀ ਲੋੜ ਹੁੰਦੀ ਹੈ।’’
ਇਸੇ ਕਾਰਨ ਉਨ੍ਹਾਂ ਨੇ ਅਤੇ ਹੋਰ ਚੋਟੀ ਦੇ ਸ਼ੂਗਰ ਮਾਹਿਰਾਂ ਨੇ ਇਕ ਵ੍ਹਾਈਟ ਪੇਪਰ (ਸ਼ਵੇਤ ਪੱਤਰ) ਲਿਖਿਆ ਹੈ, ਜਿਸ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਰਤ ’ਚ ਮੋਟਾਪੇ ਦੀ ਦਰ ’ਚ ਕਾਫ਼ੀ ਵਾਧਾ ਹੋਵੇਗਾ। ਪੱਤਰ ਅਨੁਸਾਰ, 2050 ਤੱਕ 17.4 ਫੀਸਦੀ ਔਰਤਾਂ ਅਤੇ 12.1 ਫੀਸਦੀ ਪੁਰਸ਼ ਮੋਟਾਪੇ ਤੋਂ ਪੀੜਤ ਹੋਣਗੇ। ਔਰਤਾਂ ’ਚ ਮੋਟਾਪੇ ਦੀ ਦਰ ਪੁਰਸ਼ਾਂ ਦੇ ਮੁਕਾਬਲੇ 10 ਫੀਸਦੀ ਵੱਧ ਹੋਣ ਦਾ ਅਨੁਮਾਨ ਹੈ। ਬਚਪਨ ਦਾ ਮੋਟਾਪਾ ਸਭ ਤੋਂ ਵੱਧ ਚਿੰਤਾਜਨਕ ਹੈ ਕਿਉਂਕਿ ਬੱਚਿਆਂ ਅਤੇ ਅੱਲੜ੍ਹਾਂ (ਪੰਜ ਤੋਂ 19 ਸਾਲ ਦੀ ਉਮਰ ਦੇ ਵਿਚਾਲੇ) ’ਚ ਇਸ ਦਾ ਪਸਾਰ ਲੜਕੀਆਂ ’ਚ 0.1 ਫੀਸਦੀ ਤੋਂ ਵਧ ਕੇ 3.1 ਫੀਸਦੀ ਅਤੇ ਲੜਕਿਆਂ ’ਚ 0.2 ਫੀਸਦੀ ਤੋਂ ਵਧ ਕੇ 3.7 ਫੀਸਦੀ ਹੋ ਗਿਆ ਹੈ।
1990 ਤੋਂ 2022 ਦੇ ਵਿਚਾਲੇ ਮੋਟਾਪੇ ਤੋਂ ਪੀੜਤ ਲੜਕਿਆਂ ਦੀ ਕੁੱਲ ਸੰਖਿਆ ਵਧ ਕੇ 12.5 ਮਿਲੀਅਨ ਹੋ ਗਈ ਹੈ। ਡਾ. ਜਯੋਤੀਦੇਵ ਕਹਿੰਦੇ ਹਨ, ‘‘ਇਸ ਲਈ, ਅਸੀਂ ਦੇਸ਼ ’ਚ ਵਧਦੇ ਮੋਟਾਪੇ ਦੇ ਭੈੜੇ ਚੱਕਰ ਦੇ ਬਾਰੇ ਧਾਰਨਾ ਬਦਲਣ ਲਈ ਨੀਤੀਗਤ ਬਦਲਾਅ ਚਾਹੁੰਦੇ ਹਾਂ, ਤਾਂ ਜੋ ਇਸ ਨੂੰ ਸਿਰਫ ਇਕ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਦੀ ਬਜਾਏ ਇਕ ਲੰਬੇ ਸਮੇਂ ਦੀ ਬੀਮਾਰੀ ਦੇ ਰੂਪ ’ਚ ਦੇਖਿਆ ਜਾ ਸਕੇ। ਇਸ ਨਾਲ ਸਰੀਰ ਦੇ ਵਜ਼ਨ ਨਾਲ ਜੁੜੇ ਕਲੰਕ ਨੂੰ ਵੀ ਦੂਰ ਕਰਨ ’ਚ ਮਦਦ ਮਿਲੇਗੀ।’’
ਇਹ ਬਹੁ-ਕੇਂਦਰੀ ਅਧਿਐਨ ਦਿੱਲੀ ਸਥਿਤ ਏਮਜ਼, ਵੇਲੋਰ ਸਥਿਤ ਕ੍ਰਿਸ਼ਚੀਅਨ ਮੈਡੀਕਲ ਕਾਲਜ, ਗੁਰੂਗ੍ਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਅਤੇ ਤਿਰੂਵਨੰਤਪੁਰਮ ਸਥਿਤ ਜਯੋਤੀਦੇਵ ਮਧੂਮੇਹ ਖੋਜ ਕੇਂਦਰ ਦੁਆਰਾ ਕੀਤਾ ਗਿਆ ਸੀ।
ਮੋਟਾਪਾ ਬੀਮਾਰੀ ਕਿਉਂ : ਮੋਟਾਪਾ ਸਿਰਫ ਅਨੁਵੰਸ਼ਿਕਤਾ ਨਾਲ ਸਬੰਧਤ ਨਹੀਂ, ਇਹ ਇਕ ਗੁੰਝਲਦਾਰ ਅਤੇ ਬਹੁ-ਪੱਖੀ ਸਥਿਤੀ ਹੈ, ਜੋ ਚਯਾਪਚਯ, ਤੰਤਰਿਕਾ-ਜੈਵਿਕ ਅਤੇ ਵਾਤਾਵਰਣਕ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇਸ ’ਚ ਚਯਾਪਚਯ ਸਬੰਧੀ ਪ੍ਰਕਿਰਿਆਵਾਂ ’ਚ ਗੜਬੜ ਸ਼ਾਮਲ ਹੈ, ਵਿਸ਼ੇਸ਼ ਤੌਰ ’ਤੇ ਭੁੱਖ, ਤ੍ਰਿਪਤੀ ਅਤੇ ਊਰਜਾ ਸੰਤੁਲਨ ਨਾਲ ਸਬੰਧਤ ਸੰਕੇਤ ਸਬੰਧੀ ਸਮੱਸਿਆਵਾਂ। ਵਧੀ ਹੋਈ ਚਰਬੀ ਦੀਆਂ ਕੋਸ਼ਿਕਾਵਾਂ ਸੋਜ ਨੂੰ ਜਨਮ ਦਿੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਇੰਸੁਲਿਨ ਪ੍ਰਤੀਰੋਧ, ਹਿਰਦਾ ਰੋਗ, ਕੋਲੈਸਟ੍ਰਾਲ ਅਤੇ ਚਰਬੀ ਵਾਲੇ ਜਿਗਰ (ਫੈਟੀ ਲਿਵਰ) ਦੀ ਬੀਮਾਰੀ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਮੋਟਾਪੇ ਨਾਲ ਸਬੰਧਤ ਕੈਂਸਰ ਵਧ ਰਹੇ ਹਨ। ਅਗਨੈਸ਼ਯ ਕੈਂਸਰ ’ਚ 30 ਫੀਸਦੀ ਦਾ ਵਾਧਾ ਹੋਇਆ ਹੈ, ਨਾਲ ਹੀ ਮੂਤਰਾਸ਼ਯ ਕੈਂਸਰ ’ਚ ਵੀ, ਜਿਨ੍ਹਾਂ ਦੀ ਘਟਨਾ ਮੋਟਾਪੇ ਨਾਲ ਸਬੰਧਤ ਚਯਾਪਚਯ ਤਬਦੀਲੀਆਂ ਅਤੇ ਜਿਗਰ ’ਚ ਚਰਬੀ ਦੇ ਜਮ੍ਹਾ ਹੋਣ ਨਾਲ ਜੁੜੀ ਹੈ। ਕੋਲੋਰੈਕਟਲ ਕੈਂਸਰ ਦੇ ਮਾਮਲੇ ਵੀ ਵਧ ਰਹੇ ਹਨ। ਔਰਤਾਂ ’ਚ ਸਰੀਰ ’ਚ ਚਰਬੀ ਦੇ ਕਾਰਨ ਵਧੇ ਹੋਏ ਐਸਟ੍ਰੋਜਨ ਪੱਧਰ ਛਾਤੀ ਅਤੇ ਗਰਭਾਸ਼ਯ ਦੇ ਕੈਂਸਰ ਨੂੰ ਉਤਸ਼ਾਹਿਤ ਕਰ ਰਹੇ ਹਨ।
ਮੋਟਾਪੇ ਦੇ ਇਸ ਭੈੜੇ ਚੱਕਰ ਦਾ ਕਾਰਨ ਕੀ ਹੈ? ਇਹ ਭਾਵਨਾਤਮਕ ਰੂਪ ’ਚ ਖਾਣਾ ਖਾਣ ਦੀ ਆਦਤ ਹੀ ਹੋਵੇਗੀ ਜਾਂ ਕੁਝ ਹੋਰ? ਇਸ ਨੂੰ ਅਸੀਂ ਸੁਖਦਾਇਕ ਭੁੱਖ ਕਹਿੰਦੇ ਹਾਂ। ਇਹ ਸਰੀਰਕ ਭੁੱਖ ਨਾ ਹੋਣ ’ਤੇ ਵੀ ਸਵਾਦਿਸ਼ਟ ਭੋਜਨ ਖਾਣ ਦੀ ਇਕ ਆਨੰਦ-ਆਧਾਰਿਤ ਇੱਛਾ ਹੈ, ਜੋ ਭੋਜਨ ਨਾਲ ਸਬੰਧਤ ਸੰਕੇਤਾਂ, ਜਿਵੇਂ ਕਿ ਦੇਖਣ, ਗੰਧ ਅਤੇ ਉਪਲਬਧਤਾ ਦੇ ਸੰਪਰਕ ’ਚ ਆਉਣ ’ਤੇ ਪੈਦਾ ਹੁੰਦੀ ਹੈ। ਵੱਖ-ਵੱਖ ਅਧਿਐਨਾਂ ’ਚ ਭਾਵਨਾਤਮਕ ਭੋਜਨ ਨੂੰ ਅਵਸਾਦ ਅਤੇ ਮੋਟਾਪੇ ਨਾਲ ਜੋੜਿਆ ਗਿਆ ਹੈ। ਰੈਸਟੋਰੈਂਟਾਂ ਦੀ ਵਧਦੀ ਗਿਣਤੀ, ਫੂਡ ਐਪਸ ਦੇ ਮਾਧਿਅਮ ਰਾਹੀਂ ਆਸਾਨ ਉਪਲਬਧਤਾ ਅਤੇ ਸਮਾਜਿਕ ਸਮਾਗਮਾਂ ਦੇ ਕਾਰਨ, ਭਾਵਨਾਤਮਕ ਭੋਜਨ ਆਨੰਦ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਬਣ ਗਿਆ ਹੈ।
ਜੋ ਕੋਈ ਵੀ ਭਾਵਨਾਤਮਕ ਰੂਪ ’ਚ ਖਾਣ ’ਤੇ ਨਿਰਭਰ ਹੈ, ਉਸ ਦਾ ਇਕ ਦਹਾਕੇ ’ਚ ਮੋਟਾਪੇ ਦਾ ਸ਼ਿਕਾਰ ਹੋਣਾ ਤੈਅ ਹੈ। ਯਾਦ ਰੱਖੋ, ਮੋਟਾਪੇ ਨਾਲ ਜੁੜੇ ਸਿਹਤ ਖਰਚੇ ਬਹੁਤ ਜ਼ਿਆਦਾ ਹਨ, ਭਾਵੇਂ ਉਹ ਗੋਡੇ ਬਦਲਾਉਣ, ਦਿਲ ਦੇ ਰੋਗ ਜਾਂ ਕੈਂਸਰ ਦੇ ਇਲਾਜ ਲਈ ਹੋਣ। ਮੋਟਾਪੇ ਨਾਲ ਨਜਿੱਠਣਾ ਅਤਿ ਮਹੱਤਵਪੂਰਨ ਹੈ ਕਿਉਂਕਿ 2060 ਤੱਕ ਆਰਥਿਕ ਬੋਝ 17 ਗੁਣਾ ਵਧਣ ਦਾ ਅਨੁਮਾਨ ਹੈ।
ਕੀ ਨੀਤੀਗਤ ਬਦਲਾਅ ਮੋਟਾਪੇ ਨੂੰ ਰੋਕ ਸਕਦੇ ਹਨ : ਵਰਤਮਾਨ ’ਚ, ਮੋਟਾਪੇ ਦੇ ਪ੍ਰਬੰਧਨ ਲਈ ਕੋਈ ਏਕੀਕ੍ਰਿਤ ਜ਼ਾਬਤਾ ਨਹੀਂ ਹੈ। ਜਨਤਕ ਸਿਹਤ ਕੇਂਦਰਾਂ ’ਚ ਮੋਟਾਪਾ ਕਲੀਨਿਕ ਹੋਣੇ ਚਾਹੀਦੇ ਹਨ। ਖੁਰਾਕ ਅਤੇ ਵਿਵਹਾਰ ਪਰਿਵਰਤਨ ਲਈ ਸਕੂਲਾਂ ’ਚ ਦਖਲਅੰਦਾਜ਼ੀ ਪ੍ਰੋਗਰਾਮ ਹੋਣੇ ਚਾਹੀਦੇ ਹਨ। ਭਾਰਤੀਆਂ ’ਚ ਜ਼ਿਆਦਾਤਰ ਪੇਟ ਦੀ ਚਰਬੀ ਜਾਂ ਐਬਡੋਮੀਨਲ ਮੋਟਾਪਾ ਹੁੰਦਾ ਹੈ। ਉਨ੍ਹਾਂ ਦੇ ਸਰੀਰ ਦਾ ਵਜ਼ਨ ਆਮ ਹੋ ਸਕਦਾ ਹੈ, ਮਾਸਪੇਸ਼ੀਆਂ ਦਾ ਪੁੰਜ ਘੱਟ ਹੋ ਸਕਦਾ ਹੈ ਪਰ ਉਨ੍ਹਾਂ ਦਾ ਪੇਟ ਬਾਹਰ ਨਿਕਲਿਆ ਹੋਇਆ ਹੁੰਦਾ ਹੈ, ਜੋ ਸਾਰੇ ਗੈਰ-ਛੂਤਕਾਰੀ ਰੋਗਾਂ ਦਾ ਇਕ ਆਮ ਜੋਖਮ ਕਾਰਕ ਹੈ। ਭਾਰਤੀਆਂ ਨੂੰ ਆਪਣੀ ਖੁਰਾਕ ਅਤੇ ਕਾਰਬੋਹਾਈਡ੍ਰੇਟਸ ’ਤੇ ਆਪਣੀ ਨਿਰਭਰਤਾ ’ਤੇ ਮੁੜ-ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਨੂੰ ਕਿਸੇ ਕਸਰਤ ਦੀ ਲੋੜ ਨਹੀਂ, ਸਿਰਫ ਸ਼ਕਤੀ ਸਿਖਲਾਈ ਦੀ ਲੋੜ ਹੈ। ਕੰਮ ਦੇ ਸੱਭਿਆਚਾਰ ’ਚ ਹਰ 30 ਮਿੰਟ ਬੈਠਣ ਤੋਂ ਬਾਅਦ ਬ੍ਰੇਕ ਲੈਣਾ ਸ਼ਾਮਲ ਹੋਣਾ ਚਾਹੀਦਾ ਹੈ। ਉਦਾਹਰਣ ਲਈ, ਔਰਤਾਂ ਨੂੰ ਰਜੋਨਿਵਿਰਤੀ ਤੋਂ ਪਹਿਲਾਂ ਦੇ ਸੰਕਰਮਣਕਾਲੀ ਦਹਾਕੇ (ਪੈਰੀਮੈਨੋਪੌਜ਼) ’ਚ ਹਾਰਮੋਨ-ਪ੍ਰੇਰਿਤ ਵਜ਼ਨ ਵਧਣ ਤੋਂ ਬਚਣ ਲਈ ਆਪਣੀ ਖੁਰਾਕ ਅਤੇ ਕਸਰਤ ’ਤੇ ਬਹੁਤ ਧਿਆਨ ਦੇਣ ਦੀ ਲੋੜ ਹੈ।
ਇਨ੍ਹਾਂ ਸਾਰੇ ਕਾਰਨਾਂ ਕਰ ਕੇ ਮੈਡੀਕਲ ਪ੍ਰਬੰਧਨ ਨੂੰ ਮਾਨਕੀਕ੍ਰਿਤ ਕਰਨ ਦੀ ਲੋੜ ਹੈ, ਜਿਸ ’ਚ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਸਿਖਲਾਈ ਦੇਣਾ ਅਤੇ ਸੰਭਵ ਤੌਰ ’ਤੇ ਬੀਮੇ ਦੇ ਮਾਧਿਅਮ ਰਾਹੀਂ ਮੋਟਾਪੇ ਦੇ ਇਲਾਜ ਨੂੰ ਕਵਰ ਕਰਨਾ ਸ਼ਾਮਲ ਹੈ।
—ਰਿੰਕੂ ਘੋਸ਼
