ਅਸਹਿਣਸ਼ੀਲਤਾ ਤੇ ਧਾਰਮਿਕ ਜਨੂੰਨ ਦਰਮਿਆਨ ਰੌਸ਼ਨ ਹਨ ‘ਭਾਈਚਾਰੇ ਦੇ ਚਿਰਾਗ’
Wednesday, Mar 04, 2026 - 05:43 AM (IST)
ਜਿੱਥੇ ਦੇਸ਼ ’ਚ ਇਕ ਪਾਸੇ ਅਸਹਿਣਸ਼ੀਲਤਾ ਅਤੇ ਧਾਰਮਿਕ ਜਨੂੰਨ ਵਰਗੇ ਮੁੱਦੇ ਤਣਾਅ ਦਾ ਕਾਰਨ ਬਣੇ ਹੋਏ ਹਨ, ਉੱਥੇ ਹੀ ਕਈ ਥਾਵਾਂ ’ਤੇ ਹਿੰਦੂ-ਮੁਸਲਿਮ ਭਾਈਚਾਰਿਆਂ ਦੇ ਵੱਖ-ਵੱਖ ਲੋਕਾਂ ਦਰਮਿਆਨ ਆਪਸੀ ਭਾਈਚਾਰੇ ਦੀਆਂ ਮਿਸਾਲੀ ਉਦਾਹਰਣਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚੋਂ ਬੀਤੇ 2 ਹਫ਼ਤਿਆਂ ’ਚ ਸਾਹਮਣੇ ਆਈਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 15 ਫਰਵਰੀ, 2026 ਨੂੰ ਕੇਰਲ ਦੇ ਕੋਟਾਯਮ ’ਚ ਸਥਿਤ ‘ਕੁਮਰਨੱਲੂਰ ਮੱਕਾ ਮਸਜਿਦ’ ਨੇ ਭਾਈਚਾਰੇ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਜਦੋਂ 62 ਸਾਲਾ ਹਿੰਦੂ ਔਰਤ ‘ਓਮਾਨਾ’ ਦੇ ਘਰ ’ਚ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਲਈ ਜਗ੍ਹਾ ਨਹੀਂ ਸੀ, ਤਾਂ ਉੱਥੋਂ ਦੀ ਮਸਜਿਦ ਕਮੇਟੀ ਨੇ ਆਪਣੇ ਮਦਰੱਸਾ ਹਾਲ ’ਚ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਦੀ ਮਨਜ਼ੂਰੀ ਦਿੱਤੀ।
* 25 ਫਰਵਰੀ, 2026 ਨੂੰ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਵੀਡੀਓ ਵਾਇਰਲ ਹੋਈ ਜਿਸ ’ਚ ਇਕ ਹਿੰਦੂ ਨੌਜਵਾਨ ਆਪਣੇ ਮੁਸਲਿਮ ਦੋਸਤ ਲਈ ‘ਸਹਰੀ’ (ਰੋਜ਼ੇਦਾਰ ਦਾ ਸਵੇਰ ਦਾ ਭੋਜਨ) ਤਿਆਰ ਕਰਦਾ ਨਜ਼ਰ ਆ ਰਿਹਾ ਹੈ।
* 27 ਫਰਵਰੀ, 2026 ਨੂੰ ‘ਤਿਰੂਵਨੰਤਪੁਰਮ’ (ਕੇਰਲ) ਦੀ ਪ੍ਰਾਚੀਨ ਅਤੇ ਲੱਗਭਗ 200 ਸਾਲ ਪੁਰਾਣੀ ‘ਪਾਲਯਮ ਜੁਮਾ ਮਸਜਿਦ’ ਦੇ ਇਮਾਮ ‘ਸੁਹੈਲ’ ਨੇ ਆਪਣੇ ਮੁਸਲਿਮ ਪੈਰੋਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਹਫ਼ਤੇ ‘ਅੱਟੂਕਲ ਭਗਵਤੀ ਮੰਦਰ’ ਦੇ ‘ਪੋਂਗਲ ਉਤਸਵ’ ਲਈ ਸ਼ਹਿਰ ’ਚ ਆਉਣ ਵਾਲੀਆਂ (ਹਿੰਦੂ) ਔਰਤਾਂ ਅਤੇ ਬੱਚਿਆਂ ਲਈ ਮਸਜਿਦਾਂ ਅਤੇ ਆਪਣੇ ਮਕਾਨਾਂ ਨੂੰ ਖੁੱਲ੍ਹਾ ਰੱਖਣ।
ਆਪਣੇ ਭਾਸ਼ਣ ’ਚ ਉਨ੍ਹਾਂ ਕਿਹਾ, ‘‘ਪੋਂਗਲ ਇਸ ਵਾਰ ਰਮਜ਼ਾਨ ਦੇ ਮਹੀਨੇ ’ਚ ਹੋ ਰਿਹਾ ਹੈ। ਅਸੀਂ ‘ਅੱਟੂਕਲ ਪੋਂਗਲ’ ਦੇ ਰੀਤੀ-ਰਿਵਾਜਾਂ ਅਤੇ ਪ੍ਰੋਗਰਾਮਾਂ ਦਾ ਹਿੱਸਾ ਨਹੀਂ ਹਾਂ ਪਰ ਸੈਂਕੜੇ ਭੈਣਾਂ (ਔਰਤਾਂ) ਅਤੇ ਬੱਚੇ ‘ਤਿਰੂਵਨੰਤਪੁਰਮ’ ਸ਼ਹਿਰ ’ਚ ਮਹਿਮਾਨ ਬਣ ਕੇ ਆਉਣਗੇ। ਸਾਨੂੰ ਉਨ੍ਹਾਂ ਦਾ ਬਿਹਤਰੀਨ ਸਵਾਗਤ ਕਰਨਾ ਹੋਵੇਗਾ। ਸਾਨੂੰ ਉਨ੍ਹਾਂ ਨੂੰ ਪੀਣ ਦਾ ਪਾਣੀ ਅਤੇ ਰਮਜ਼ਾਨ ਦੇ ਪਕਵਾਨ ਦੇਣੇ ਹੋਣਗੇ।’’
* 28 ਫਰਵਰੀ, 2026 ਨੂੰ ‘ਕਾਸਰਗੋਡ’ (ਕੇਰਲ) ’ਚ ਸਦੀਆਂ ਪੁਰਾਣੇ ‘ਥਚਾਂਗਡ’ ਸਥਿਤ ‘ਸ਼੍ਰੀ ਪੂਥਨਮ ਕੁਝੀ ਮੰਦਰ’ ’ਚ ‘ਬ੍ਰਹਮਕਲਸ਼ੋਤਸਵ’ ਦੇ ਅਧੀਨ ਮੁਸਲਿਮ ਭਾਈਚਾਰੇ ਲਈ ‘ਇਫ਼ਤਾਰ’ (ਰਮਜ਼ਾਨ ਦੇ ਦਿਨਾਂ ’ਚ ਸ਼ਾਮ ਦਾ ਵਰਤ ਖੋਲ੍ਹਣਾ) ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ’ਚ ਮੁਸਲਿਮ ਰੋਜ਼ੇਦਾਰਾਂ ਨੇ ਵਿਸ਼ਾਲ ਮੰਦਰ ਕੰਪਲੈਕਸ ’ਚ ਕਰੀਨੇ ਨਾਲ ਸਜੀਆਂ ਮੇਜ਼ਾਂ ’ਤੇ ਖ਼ਜੂਰਾਂ ਅਤੇ ਹੋਰ ਸੁਆਦੀ ਵਿਅੰਜਨਾਂ ਨਾਲ ਰੋਜ਼ਾ ਖੋਲ੍ਹਿਆ।
* 28 ਫਰਵਰੀ, 2026 ਨੂੰ ਹੀ ਕੇਰਲ ਦੇ ਇਕ ਮੰਦਰ ਨੇ ਫਿਰਕੂ ਏਕਤਾ ਦੀ ਮਿਸਾਲ ਪੇਸ਼ ਕਰਦੇ ਹੋਏ ਰਮਜ਼ਾਨ ਦੌਰਾਨ ਆਪਣੇ ਮੁਸਲਿਮ ‘ਮਹਾਵਤ’ (ਹਾਥੀ ਦੀ ਦੇਖਭਾਲ ਕਰਨ ਵਾਲਾ) ਲਈ ‘ਸਹਰੀ’ (ਸਵੇਰ ਦਾ ਭੋਜਨ) ਦਾ ਪ੍ਰਬੰਧ ਕੀਤਾ।
ਇਹੀ ਨਹੀਂ ‘ਬੁਰਹਾਨਪੁਰ’ (ਮੱਧ ਪ੍ਰਦੇਸ਼) ਦੇ ਬੋਦਰਲੀ ਪਿੰਡ ’ਚ ਜਿੱਥੇ ਇਕ ਵੀ ਮੁਸਲਿਮ ਪਰਿਵਾਰ ਨਹੀਂ ਰਹਿੰਦਾ, ਉੱਥੋਂ ਦਾ ਹਿੰਦੂ ਸਮਾਜ ਪੀੜ੍ਹੀਆਂ ਤੋਂ ਹਜ਼ਰਤ ਸੱਯਦ ਬੋਦਲਸ਼ਾਹ ਵਲੀ ਬਾਬਾ ਦੀ ਦਰਗਾਹ ਦੀ ਦੇਖਭਾਲ ਅਤੇ ਸੇਵਾ ਕਰ ਰਿਹਾ ਹੈ।
‘ਹਿੰਦੂ-ਮੁਸਲਿਮ ਭਾਈਚਾਰੇ’ ਦੀਆਂ ਉਕਤ ਖ਼ਬਰਾਂ ਦੇ ਨਾਲ ਹੀ ‘ਬਾੜਮੇਰ’ (ਰਾਜਸਥਾਨ) ਜ਼ਿਲੇ ’ਚ ਸਾਲਾਂ ਤੋਂ ਹਿੰਦੂ-ਮੁਸਲਿਮ ਏਕਤਾ ਅਤੇ ਭਾਈਚਾਰੇ ਦੇ ਪ੍ਰਤੀਕ ‘ਸੋੜੀਯਾਰ’ ਪਿੰਡ ਦਾ ਜ਼ਿਕਰ ਵੀ ਜ਼ਰੂਰੀ ਹੈ। ਇੱਥੇ ਰਮਜ਼ਾਨ ਦੇ ਪਵਿੱਤਰ ਮਹੀਨੇ ਅਤੇ ਫੱਗਣ ਦੇ ਹੋਲੀ ਮਹਾਉਤਸਵ ਦੌਰਾਨ ਹਿੰਦੂ ਅਤੇ ਮੁਸਲਮਾਨ ਫਿਰਕੂ ਸਦਭਾਵਨਾ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹਨ।
ਮੁਸਲਿਮ ਭਰਾ ਦਿਨ ’ਚ ਰੋਜ਼ਾ ਰੱਖਦੇ ਹਨ ਅਤੇ ਰਾਤ ਹੁੰਦੇ ਹੀ ਹਿੰਦੂ ਭਰਾਵਾਂ ਦੇ ਨਾਲ ਰਵਾਇਤੀ ਪਹਿਰਾਵੇ ’ਚ ਢੋਲਕ ਦੀ ਥਾਪ ’ਤੇ ਇਕੱਠਿਆਂ ਸਮੂਹਿਕ ‘ਗੈਰ’ ਨ੍ਰਿਤ ਕਰਦੇ ਹਨ। 85 ਸਾਲਾ ‘ਸੁਲੇਮਾਨ ਚਾਚਾ’ ਲੰਬੇ ਸਮੇਂ ਤੋਂ ਦੋਵਾਂ ਭਾਈਚਾਰਿਆਂ ਦੀ ਨਵੀਂ ਪੀੜ੍ਹੀ ਦੇ ਮੈਂਬਰਾਂ ਨੂੰ ਗੈਰ ਨ੍ਰਿਤ ਸਿਖਾਉਂਦੇ ਆ ਰਹੇ ਹਨ। ਇਹ ਪ੍ਰੰਪਰਾ ਘੱਟੋ-ਘੱਟ ਚਾਰ ਪੀੜ੍ਹੀਆਂ ਤੋਂ ਚਲੀ ਆ ਰਹੀ ਹੈ।
ਹੋਲੀ ਦੇ ਦਿਨ ਪਿੰਡ ਦਾ ਮੈਦਾਨ ਇਕ ਰੰਗੀਨ ਉਤਸਵ ’ਚ ਬਦਲ ਜਾਂਦਾ ਹੈ। ਮੁਸਲਿਮ ਨੌਜਵਾਨ ਵੀ ਰਵਾਇਤੀ ਢੋਲ-ਨਗਾਰਿਆਂ ਦੇ ਨਾਲ ‘ਗੈਰ’ ’ਚ ਸ਼ਾਮਲ ਹੁੰਦੇ ਹਨ, ਰੰਗ ਲਾਉਂਦੇ ਹਨ ਅਤੇ ਇਕ-ਦੂਜੇ ਨੂੰ ਹੋਲੀ ਦੀ ਵਧਾਈ ਦਿੰਦੇ ਹਨ। ਇਹ ‘ਗੰਗਾ-ਜਮੁਨੀ’ ਤਹਿਜ਼ੀਬ ਦੀ ਸੱਚੀ ਮਿਸਾਲ ਹੈ।
ਪਾਠਕਾਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਸਭ ਲੋਕਾਂ ਦੇ ਜੀਵਨ ’ਚ ਹਰ ਪਾਸੇ ਖ਼ੁਸ਼ੀ ਅਤੇ ਪ੍ਰੇਮ ਪਿਆਰ ਦੇ ਰੰਗ ਬਿਖਰੇ ਰਹਿਣ ਅਤੇ ਲੋਕਾਂ ’ਤੇ ਪਿਆਰ ਦਾ ਇੰਨਾ ਗੂੜ੍ਹਾ ਰੰਗ ਚੜ੍ਹੇ ਕਿ ਉਸ ਦੇ ਸਾਹਮਣੇ ਦੂਜੇ ਸਾਰੇ ਰੰਗ ਫਿੱਕੇ ਪੈ ਜਾਣ ਅਤੇ ਭਾਈਚਾਰੇ ਦੇ ਚਿਰਾਗ ਇਸੇ ਤਰ੍ਹਾਂ ਰੌਸ਼ਨ ਰਹਿਣ।
—ਵਿਜੇ ਕੁਮਾਰ
