ਸੱਤਾ ਤਬਦੀਲੀ ਨਾਲ ਸੁਧਰਨਗੇ ਭਾਰਤ-ਬੰਗਲਾਦੇਸ਼ ਸਬੰਧ!
Thursday, Feb 19, 2026 - 05:42 PM (IST)
ਭਾਰਤ ਦੇ ਸਭ ਤੋਂ ਅਪ੍ਰਤੱਖ ਅਤੇ ਨਵੇਂ ਦੁਸ਼ਮਣ ਦੇਸ਼ ਬੰਗਲਾਦੇਸ਼ ’ਚ ਨਵੀਂ ਚੁਣੀ ਗਈ ਸਰਕਾਰ ਸੱਤਾ ’ਚ ਆ ਗਈ ਹੈ। 17 ਸਾਲ ਬਾਅਦ ਬ੍ਰਿਟੇਨ ਤੋਂ ਸਵਦੇਸ਼ ਪਰਤ ਕੇ ਚੋਣਾਂ ’ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੀ ਅਗਵਾਈ ਕਰਨ ਵਾਲੇ ਤਾਰਿਕ ਰਹਿਮਾਨ ਨਵੇਂ ਪ੍ਰਧਾਨ ਮੰਤਰੀ ਹਨ। ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਭਾਰਤ ਦੀ ਨੁਮਾਇੰਦਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ। ਭਾਰਤ ਵੱਲੋਂ ਸ਼ੁੱਭਕਾਮਨਾ ਪੱਤਰ ਦਿੰਦੇ ਹੋਏ ਬਿਰਲਾ ਨੇ ਤਾਰਿਕ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।
ਅਗਸਤ 2024 ’ਚ ਸ਼ੇਖ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਦੇ ਸਮੇਂ ਭਾਰਤ-ਬੰਗਲਾਦੇਸ਼ ਸਬੰਧਾਂ ’ਚ ਕੁੜੱਤਣ ਸਿਖਰ ’ਤੇ ਦਿਸੀ। ਬੰਗਲਾਦੇਸ਼ ’ਚ ਹਿੰਦੂ ਨਾਗਰਿਕਾਂ, ਉਨ੍ਹਾਂ ਦੇ ਮੰਦਰਾਂ, ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਹੱਤਿਆਵਾਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੀ ਹੋਈਆਂ।
ਜਿਸ ਭਾਰਤ ਦੇ ਸਹਿਯੋਗ ਨਾਲ 1971 ’ਚ ਪਾਕਿਸਤਾਨ ਦੇ ਸ਼ਿਕੰਜੇ ਅਤੇ ਦਮਨ ਚੱਕਰ ਤੋਂ ਮੁਕਤ ਹੋ ਕੇ ਬੰਗਲਾਦੇਸ਼ ਇਕ ਆਜ਼ਾਦ ਦੇਸ਼ ਬਣ ਸਕਿਆ ਸੀ, ਉਸੇ ਦੇ ਵਿਰੋਧ ’ਚ ਯੂਨਸ ਸਰਕਾਰ ਚੀਨ ਅਤੇ ਪਾਕਿਸਤਾਨ ਨਾਲ ਦੋਸਤੀ ਤੱਕ ਚਲੀ ਗਈ। ਬੇਸ਼ੱਕ ਜੈੱਨ-ਜ਼ੀ ਦੇ ਵਿਦਰੋਹ ਕਾਰਨ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਵੱਲੋਂ ਪਨਾਹ ਦੇਣ ਨਾਲ ਵੀ ਆਪਸੀ ਕੁੜੱਤਣ ਵਧੀ ਪਰ ਇਕ ਦੋਸਤ ਦੇਸ਼ ਦਾ ਦੁਸ਼ਮਣਾਂ ਨਾਲ ਹੱਥ ਮਿਲਾ ਲੈਣਾ ਬੇਹੱਦ ਚੁਣੌਤੀਪੂਰਨ ਸਥਿਤੀ ਹੈ ਕਿਉਂਕਿ ਦੋਵਾਂ ਵਿਚਾਲੇ ਲੰਬੀ ਸਰਹੱਦ ਹੈ। ਇਸੇ ਕੁੜੱਤਣ ਦੇ ਨਤੀਜੇ ਵਜੋਂ ਬੰਗਲਾਦੇਸ਼ ਨੇ ਪਾਕਿਸਤਾਨ ਦੇ ਉਕਸਾਵੇ ’ਚ ਆ ਕੇ ਟੀ-20 ਵਰਲਡ ਕੱਪ ਕ੍ਰਿਕਟ ਦਾ ਬਾਈਕਾਟ ਵੀ ਕਰ ਦਿੱਤਾ।
ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਸੱਤਾ ਤਬਦੀਲੀ ਨਾਲ ਭਾਰਤ-ਬੰਗਲਾਦੇਸ਼ ਸਬੰਧ ਸੁਧਰਨਗੇ? ਬੇਸ਼ੱਕ ਤਾਰਿਕ ਰਹਿਮਾਨ ਨੇ ਚੋਣ ਪ੍ਰਚਾਰ ਦੌਰਾਨ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਸ਼ੱਕ ਪੈਦਾ ਹੋਵੇ। ਜ਼ਿਆਦਾਤਰ ਜਾਣਕਾਰ ਉਨ੍ਹਾਂ ਦੇ 31-ਨੁਕਾਤੀ ਏਜੰਡੇ ਨੂੰ ਬਿਹਤਰ ਸਬੰਧਾਂ ਦੀ ਸੰਭਾਵਨਾ ਦਾ ਹੀ ਸੰਕੇਤ ਮੰਨਦੇ ਹਨ। ਜਮਾਤ-ਏ-ਇਸਲਾਮੀ ਪਾਰਟੀ ਅਤੇ ਸ਼ੇਖ ਹਸੀਨਾ ਸਰਕਾਰ ਵਿਰੁੱਧ ਵਿਦਰੋਹ ਕਰਨ ਵਾਲੀ ਜੈੱਨ-ਜ਼ੀ ਦੀ ਨੈਸ਼ਨਲ ਸਿਟੀਜ਼ਨ ਪਾਰਟੀ (ਐੱਨ. ਸੀ. ਪੀ.) ਵਾਂਗ ਭਾਰਤ ਵਿਰੋਧੀ ਕਾਰਡ ਖੇਡਣ ਤੋਂ ਤਾਰਿਕ ਨੇ ਪ੍ਰਹੇਜ਼ ਹੀ ਕੀਤਾ। ਡਿਜੀਟਲ ਡੋਮੇਨ ਅਤੇ ਇਨਫਰਾਸਟ੍ਰਕਚਰ ’ਤੇ ਫੋਕਸ ਆਦਿ ਦੇ ਜ਼ਰੀਏ ਤਾਰਿਕ ਬੰਗਲਾਦੇਸ਼ ਨੂੰ ‘ਰੇਨਬੋ ਨੇਸ਼ਨ’ ਬਣਾਉਣ ਦਾ ਸੁਪਨਾ ਦਿਖਾ ਰਹੇ ਹਨ, ਜਿਸ ’ਚ ਭਾਰਤ ਨਾਲ ਸਬੰਧ ਸੁਧਾਰਨ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਸਕਦੀਆਂ ਹਨ।
ਤਾਰਿਕ ਮੰਤਰੀ ਮੰਡਲ ’ਚ ਇਕ-ਇਕ ਹਿੰਦੂ ਅਤੇ ਬੋਧੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਪਰ ਇਹ ਵੀ ਸੱਚ ਹੈ ਕਿ ਉਹ ਜ਼ਿਆ-ਉਰ-ਰਹਿਮਾਨ ਅਤੇ ਖਾਲਿਦਾ ਜ਼ੀਆ ਦੇ ਸਿਆਸੀ ਵਾਰਿਸ ਹਨ, ਜੋ ਭਾਰਤ ਵਿਰੋਧ ਦੀ ਹੀ ਰਾਜਨੀਤੀ ਕਰਦੇ ਰਹੇ। ਇਹ ਤਾਂ ਇਤਿਹਾਸਕ ਸੱਚ ਹੈ ਕਿ ਬੰਗਲਾਦੇਸ਼ ਦੇ ਜਨਕ ਮੰਨੇ ਜਾਣ ਵਾਲੇ ਬੰਗਬੰਧੂ ਸ਼ੇਖ ਮੁਜੀਬ-ਉਰ-ਰਹਿਮਾਨ ਅਤੇ ਉਨ੍ਹਾਂ ਦੀ ਬੇਟੀ ਸ਼ੇਖ ਹਸੀਨਾ ਭਾਰਤ ਦੇ ਸਭ ਤੋਂ ਭਰੋਸੇਮੰਦ ਦੋਸਤ ਰਹੇ, ਜਿਨ੍ਹਾਂ ਨੂੰ ਪਹਿਲਾਂ ਜ਼ਿਆ-ਉਰ-ਰਹਿਮਾਨ ਅਤੇ ਫਿਰ ਖਾਲਿਦਾ ਜ਼ੀਆ ਸਿਆਸੀ ਚੁਣੌਤੀ ਦਿੰਦੇ ਰਹੇ। ਇਹ ਵੀ ਕਿ ਜ਼ਿਆ-ਉਰ-ਰਹਿਮਾਨ ਅਤੇ ਖਾਲਿਦਾ ਜ਼ੀਆ ਦੇ ਸ਼ਾਸਨ ’ਚ ਭਾਰਤ-ਬੰਗਲਾਦੇਸ਼ ਸਬੰਧ ਕਦੇ ਵੀ ਸਹਿਜ ਨਹੀਂ ਰਹੇ। ਸੰਸਦ ਦੀਆਂ ਜਿਨ੍ਹਾਂ ਚੋਣਾਂ ’ਚ ਭਾਰੀ ਜਿੱਤ ਦੇ ਜ਼ਰੀਏ ਤਾਰਿਕ ਰਹਿਮਾਨ ਨੇ ਸੱਤਾ ਹਾਸਲ ਕੀਤੀ ਹੈ, ਉਨ੍ਹਾਂ ’ਚ ਸ਼ੇਖ ਹਸੀਨਾ ਦੀ ਅਵਾਮੀ ਲੀਗ ਨੂੰ ਭਾਗ ਨਹੀਂ ਲੈਣ ਦਿੱਤਾ ਗਿਆ। ਸ਼ੇਖ ਹਸੀਨਾ ਇਨ੍ਹਾਂ ਚੋਣਾਂ ਨੂੰ ਮੰਨਣ ਲਈ ਵੀ ਤਿਆਰ ਨਹੀਂ ਹਨ।
ਜ਼ਾਹਿਰ ਹੈ ਕਿ ਯੂਨਸ ਸਰਕਾਰ ਵੱਲੋਂ ਸ਼ੇਖ ਹਸੀਨਾ ਦੇ ਹਵਾਲਗੀ ਦੀ ਕੀਤੀ ਗਈ ਮੰਗ ਨੂੰ ਤਾਰਿਕ ਸਰਕਾਰ ਵੀ ਦੁਹਰਾਏਗੀ। ਲੱਗਭਗ ਡੇਢ ਸਾਲ ਤੋਂ ਭਾਰਤ ’ਚ ਰਹਿ ਰਹੀ ਸ਼ੇਖ ਹਸੀਨਾ ਦੀ ਹਵਾਲਗੀ ਦਾ ਫ਼ੈਸਲਾ ਯਕੀਨਨ ਹੀ ਭਾਰਤ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੇ ਤਖ਼ਤਾ ਪਲਟ ਪਿੱਛੇ ਹੋਰ ਦੇਸ਼ਾਂ ਦੀਆਂ ਭੂਮਿਕਾਵਾਂ ਦੀ ਚਰਚਾ ਵੀ ਆਮ ਰਹੀ ਹੈ। ਅਜਿਹੇ ’ਚ ਦੋਵਾਂ ਪਰਿਵਾਰਾਂ ਦੀ ਰਵਾਇਤੀ ਕੁੜੱਤਣ ਤੋਂ ਇਲਾਵਾ ਮੌਜੂਦਾ ਸਿਆਸੀ ਦ੍ਰਿਸ਼ ’ਚ ਵੀ ਤਾਰਿਕ ਸਰਕਾਰ ਲਈ ਸ਼ੇਖ ਹਸੀਨਾ ਦੀ ਹਵਾਲਗੀ ਦਾ ਮੁੱਦਾ ਗਰਮਾਈ ਰੱਖਣਾ ਹਾਂਪੱਖੀ ਸਾਬਤ ਹੋਵੇਗਾ।
ਤਾਰਿਕ ਕੋਲ ਆਪਣੇ ਪਿਤਾ ਜ਼ਿਆ ਅਤੇ ਮਾਂ ਖਾਲਿਦਾ ਵਰਗਾ ਸਿਆਸੀ ਤਜਰਬਾ ਨਹੀਂ ਹੈ ਪਰ ਵਿਦੇਸ਼ ਪ੍ਰਵਾਸ ਦੇ ਕਾਰਨ ਦੇਸ਼ ਲਈ ਨਵੇਂ ਸੁਪਨੇ ਹੋ ਸਕਦੇ ਹਨ। ਉਨ੍ਹਾਂ ਦੀ ਤਜਰਬਾਹੀਣਤਾ ਦੇ ਕਾਰਨ ਭਾਰਤ ਵਿਰੋਧੀ ਚੀਨ ਅਤੇ ਪਾਕਿਸਤਾਨ ਵੀ ਉਨ੍ਹਾਂ ’ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁਣਗੇ।
ਅਜਿਹੇ ’ਚ ਇਹ ਦੇਖਣਾ ਬੇਹੱਦ ਮਹੱਤਵਪੂਰਨ ਹੋਵੇਗਾ ਕਿ ਰਵਾਇਤੀ ਘਰੇਲੂ ਸਿਆਸਤ ਦੇ ਚੱਕਰਵਿਊ ’ਚ ਫਸਣ ਦੀ ਬਜਾਏ ਤਾਰਿਕ ਦੇਸ਼ ਦੇ ਬਿਹਤਰ ਭਵਿੱਖ ਦੀ ਰਾਹ ’ਤੇ ਚੱਲਣ ਦੀ ਹਿੰਮਤ ਕਰ ਸਕਣਗੇ ਜਾਂ ਨਹੀਂ। ਇਤਿਹਾਸ ਵੀ ਦੱਸਦਾ ਹੈ ਕਿ ਪਾਕਿਸਤਾਨ ਵਾਂਗ ਬੰਗਲਾਦੇਸ਼ ’ਚ ਵੀ ‘ਭਾਰਤ ਵਿਰੋਧ’ ਤਮਾਮ ਸਮੱਸਿਆਵਾਂ ਤੋਂ ਧਿਆਨ ਹਟਾਉਣਾ ਸਰਕਾਰਾਂ ਦਾ ਅਜ਼ਮਾਇਆ ਹੋਇਆ ਨੁਸਖ਼ਾ ਰਿਹਾ ਹੈ।
-ਰਾਜ ਕੁਮਾਰ ਸਿੰਘ
