‘ਵਿਕਸਿਤ ਭਾਰਤ’ ਦੀ ਰਾਹ ’ਚ ਪਿਛਾਂਹਖਿੱਚੂ ਰੁਕਾਵਟਾਂ
Thursday, Feb 26, 2026 - 04:08 PM (IST)
ਭਾਰਤ ਨੇ ਹੁਣੇ-ਹੁਣੇ ਵਰਲਡ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਮਿਟ ਹੋਸਟ ਕੀਤਾ ਹੈ ਅਤੇ ਸਾਡੇ ਨੇਤਾ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਤੱਕ ‘ਵਿਕਸਿਤ ਭਾਰਤ’ ਜਾਂ ਇਕ ਡਿਵੈਲਪਡ ਦੇਸ਼ ਬਣਨ ਦੀ ਗੱਲ ਕਰ ਰਹੇ ਹਨ ਪਰ ਸਾਡੀ ਰਾਸ਼ਟਰੀ ਕਹਾਣੀ ਦੇਸ਼ ਨੂੰ ਉਲਟੀ ਦਿਸ਼ਾ ’ਚ ਲੈ ਕੇ ਜਾ ਰਹੀ ਹੈ।
ਅਜਿਹਾ ਲੱਗਦਾ ਹੈ ਕਿ ਅਸੀਂ ਡਿਵੈਲਪਡ ਜਾਂ ਡਿਵੈਲਪਿੰਗ ਦੇਸ਼ਾਂ ਨਾਲ ਨਹੀਂ, ਸਗੋਂ ਰਿਗਰੈਸਿਵ ਅਤੇ ਕੱਟੜਪੰਥੀ ਦੇਸ਼ਾਂ ਨਾਲ ਮੁਕਾਬਲਾ ਕਰ ਰਹੇ ਹਾਂ ਅਤੇ ਅਸੀਂ ਅਸਲ ’ਚ ਉਨ੍ਹਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ।
ਕਦੇ-ਕਦੇ ਸਾਡੇ ਨੇਤਾ ਹੀ ਗਲਤ ਅਤੇ ਪਿਛਾਂਹਖਿੱਚੂ ਕਦਮ ਉਠਾ ਰਹੇ ਹਨ ਅਤੇ ਕਦੇ-ਕਦੇ ਆਮ ਲੋਕਾਂ ਦਾ ਇਕ ਹਿੱਸਾ, ਸ਼ਾਇਦ ਲੀਡਰਸ਼ਿਪ ਦੇ ਅਸਰ ’ਚ, ਕਿਸੇ ਖ਼ਾਸ ਭਾਈਚਾਰੇ ਜਾਂ ਕਿਸੇ ਖ਼ਾਸ ਇਲਾਕੇ, ਜਿਵੇਂ ਨੌਰਥ-ਈਸਟ ਦੇ ਲੋਕਾਂ ਨੂੰ ਬੇਇੱਜ਼ਤ ਕਰਨ ’ਚ ਕੋਈ ਝਿਜਕ ਨਹੀਂ ਦਿਖਾਉਂਦਾ।
ਮੈਂ ਪਿਛਲੇ ਇਕ ਹਫ਼ਤੇ ’ਚ ਫੈਲੀਆਂ ਕੁਝ ਨਾਂਹ-ਪੱਖੀ ਗੱਲਾਂ ਦੀਆਂ ਉਦਾਹਰਣਾਂ ਦੱਸਣਾ ਚਾਹਾਂਗਾ। ਇਨ੍ਹਾਂ ’ਚ ਸਰਕਾਰਾਂ, ਨਿਆਂਪਾਲਿਕਾ, ਵਿਧਾਨਪਾਲਿਕਾ ਦੇ ਨਾਲ-ਨਾਲ ਆਮ ਲੋਕ ਵੀ ਸ਼ਾਮਲ ਹਨ।
ਪਹਿਲਾਂ ਬਿਹਾਰ ਦੀ ਉਦਾਹਰਣ ਲੈਂਦੇ ਹਾਂ। ਇਸ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨ੍ਹਾ ਨੇ ਐਲਾਨ ਕੀਤਾ ਹੈ ਕਿ ਵਿੱੱਦਿਅਕ ਸੰਸਥਾਵਾਂ, ਧਾਰਮਿਕ ਥਾਵਾਂ ਜਾਂ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ਦੇ ਨੇੜੇ ਮੀਟ ਦੀ ਖੁੱਲ੍ਹੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਉਂਝ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੁਝ ਇਲਾਕਿਆਂ ’ਚ ਮੀਟ ਦੀ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਧਰਮ ਨਾਲ ਜੁੜੇ ਕੁਝ ਸ਼ਹਿਰਾਂ ’ਚ ਇਹ ਪਹਿਲਾਂ ਤੋਂ ਹੀ ਹੈ। ਮੀਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੇ ਪਿੱਛੇ ਉਨ੍ਹਾਂ ਨੇ ਜੋ ਵਜ੍ਹਾ ਦੱਸੀ ਹੈ, ਉਹ ਅਜੀਬ ਹੈ। ਇਨ੍ਹਾਂ ਗੁਣੀ ਨੇਤਾਵਾਂ ਦੇ ਮੁਤਾਬਕ, ਅਜਿਹਾ ‘ਬੱਚਿਆਂ ’ਚ ਹਿੰਸਕ ਆਦਤਾਂ ਨੂੰ ਰੋਕਣ ਲਈ’ ਕੀਤਾ ਜਾ ਰਿਹਾ ਹੈ!
ਅਜਿਹਾ ਕੋਈ ਅਧਿਐਨ ਜਾਂ ਡੇਟਾ ਨਹੀਂ ਹੈ ਕਿ ਜੋ ਲੋਕ ਨਾਨ-ਵੈਜੀਟੇਰੀਅਨ ਹੁੰਦੇ ਹਨ, ਉਨ੍ਹਾਂ ’ਚ ਵੈਜੀਟੇਰੀਅਨ ਲੋਕਾਂ ਦੇ ਮੁਕਾਬਲੇ ਜ਼ਿਆਦਾ ਹਿੰਸਕ ਆਦਤਾਂ ਹੁੰਦੀਆਂ ਹਨ। ਉਨ੍ਹਾਂ ਨੂੰ ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨ. ਐੱਫ. ਐੱਚ. ਐੱਸ.)-5 ਦੇ ਨਤੀਜਿਆਂ ’ਤੇ ਵੀ ਹੈਰਾਨੀ ਹੋ ਸਕਦੀ ਹੈ। 33,755 ਔਰਤਾਂ ਅਤੇ 5,048 ਮਰਦਾਂ ਦਾ ਸਰਵੇ ਕਰਨ ਤੋਂ ਬਾਅਦ,(ਐੱਨ. ਐੱਫ. ਐੱਚ. ਐੱਸ. ) -5 ਦੇ ਅੰਕੜਿਆਂ ’ਚ ਕਿਹਾ ਗਿਆ ਕਿ ਭਾਰਤ ’ਚ 71.8 ਫੀਸਦੀ ਔਰਤਾਂ ਅਤੇ 83.2 ਫੀਸਦੀ ਮਰਦਾਂ ਨੇ ਮੀਟ ਖਾਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ।
ਫਿਰ ਗੁਜਰਾਤ ਸਰਕਾਰ ਦਾ ਹੀ ਮਾਮਲਾ ਲਓ। ਇਸ ਨੇ ਸ਼ਾਦੀ ਦੀ ਰਜਿਸਟ੍ਰੇਸ਼ਨ ਲਈ ਮਾਤਾ-ਪਿਤਾ ਦੀ ਮਨਜ਼ੂਰੀ ਜ਼ਰੂਰੀ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਨੇ ਇਸ ਗੈਰ-ਕਾਨੂੰਨੀ ਕਦਮ ਦਾ ਕਾਰਨ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ’ਚ ਕਿਹਾ ਗਿਆ ਕਿ ‘ਲਵ ਜਿਹਾਦ ਦੇ ਨਾਂ ’ਤੇ ਸੂਬੇ ’ਚ ਇਕ ਖੇਡ ਖੇਡੀ ਜਾ ਰਹੀ ਹੈ’ ਅਤੇ ‘ਮੁਟਿਆਰਾਂ ਲਈ ਇਕ ਮਜ਼ਬੂਤ ਕਵਚ ਬਣਾਉਣ ਦੀ ਲੋੜ ਹੈ’। ਕੁਝ ਮਹੀਨੇ ਪਹਿਲਾਂ ਉੱਤਰਾਖੰਡ ਸਰਕਾਰ ਨੇ ਵੀ ਸਾਰੇ ਲਿਵ-ਇਨ ਪਾਰਟਨਰਜ਼ ਲਈ ਜ਼ਰੂਰੀ ਰਜਿਸਟ੍ਰੇਸ਼ਨ ਦਾ ਹੁਕਮ ਜਾਰੀ ਕੀਤਾ ਸੀ, ਭਾਵੇਂ ਉਹ ਬਾਲਗ ਕੰਸਲਟਿੰਗ ਪਾਰਟਨਰ ਹੋਣ।
‘ਜਿਹਾਦੀ’, ‘ਘੁਸਪੈਠੀਆ’ ਜਾਂ ‘ਮੀਆਂ’ ਦੇ ਬਾਰੇ ’ਚ ਲਗਾਤਾਰ ਕਹੀਆਂ ਜਾਣ ਵਾਲੀਆਂ ਗੱਲਾਂ ਨੇ ਪਹਿਲਾਂ ਹੀ ਲੋਕਾਂ ਦੀ ਸੋਚ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਲਿੱਪ ’ਚ ਲੋਕਾਂ ਦਾ ਇਕ ਗਰੁੱਪ ਨਾਅਰੇ ਲਗਾਉਂਦੇ ਹੋਏ ਅਤੇ ਉਸੇ ਟਰੇਨ ਦੇ ਡੱਬੇ ’ਚ ਸਫ਼ਰ ਕਰ ਰਹੇ ਮੁਸਲਮਾਨਾਂ ਦੇ ਇਕ ਗਰੁੱਪ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਦਿਸ ਰਿਹਾ ਹੈ। ਰਾਸ਼ਟਰਵਾਦੀ ਨਾਅਰੇ ਲਗਾਉਣ ’ਚ ਕੁਝ ਵੀ ਗਲਤ ਨਹੀਂ ਹੈ ਪਰ ਕੋਈ ਵੀ ਉਨ੍ਹਾਂ ਲੋਕਾਂ ਦਾ ਮਕਸਦ ਸਮਝ ਸਕਦਾ ਹੈ, ਭਾਵੇਂ ਛੋਟੇ ਬੱਚੇ ਹੈਰਾਨ ਅੱਖਾਂ ਨਾਲ ਦੇਖ ਰਹੇ ਹੋਣ।
ਇਕ ਹੋਰ ਵੀਡੀਓ ਕਲਿੱਪ ਜੋ ਸਾਫ਼ ਤੌਰ ’ਤੇ ਅਰੁਣਾਚਲ ਪ੍ਰਦੇਸ਼ ਦੇ ਸਟੂਡੈਂਟਸ ਨੇ ਸ਼ੂਟ ਕੀਤੀ ਹੈ, ’ਚ ਇਕ ਕਪਲ ਸਟੂਡੈਂਟਸ ਨੂੰ ‘ਪਾਰਲਰ ਵਰਕਰ’ ਕਹਿੰਦਾ ਹੋਇਆ ਅਤੇ ਨਾਰਥ ਈਸਟ ਦੇ ਸਟੂਡੈਂਟਸ ਲਈ ਦੂਜੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਾ ਹੋਇਆ ਦਿਸ ਰਿਹਾ ਹੈ। ਇਹ ਜੋੜਾ ਉੱਤਰਾਖੰਡ ਦੇ ਉਨ੍ਹਾਂ ਆਵਾਰਾ ਲੋਕਾਂ ਦੇ ਉਲਟ ‘ਪੜ੍ਹਿਆ-ਲਿਖਿਆ’ ਲੱਗ ਰਿਹਾ ਸੀ, ਜਿਨ੍ਹਾਂ ਨੇ ਤ੍ਰਿਪੁਰਾ ਦੇ ਇਕ ਲੜਕੇ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਸੀ ਕਿਉਂਕਿ ਉਹ ‘ਚੀਨੀ ਦਿਸਦਾ ਸੀ’। ਜੋੜੇ ਨੇ ਨਾ ਸਿਰਫ਼ ਉਨ੍ਹਾਂ ਨੂੰ ਧਮਕਾਇਆ, ਸਗੋਂ ਇਹ ਦਾਅਵਾ ਕਰ ਕੇ ਆਪਣੀ ਤਾਕਤ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਉਹ ਇਕ ਸਿਆਸੀ ਨੇਤਾ ਦੇ ਰਿਸ਼ਤੇਦਾਰ ਹਨ।
ਮੈਂ ਨਿਆਂਪਾਲਿਕਾ ’ਚ ਦਾਖਲ ਹੋ ਰਹੀ ਫਿਰਕਾਪ੍ਰਸਤੀ ਦੀ ਇਕ ਉਦਾਹਰਣ ਦੇ ਨਾਲ ਗੱਲ ਖ਼ਤਮ ਕਰਦਾ ਹਾਂ। ਮਦਰਾਸ ਹਾਈ ਕੋਰਟ ਦੇ ਜੱਜ ਜੀ. ਆਰ. ਸਵਾਮੀਨਾਥਨ ਹਾਲ ਹੀ ’ਚ ਇਕ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਏ, ਜੋ ਬੇਸ਼ੱਕ ਉਨ੍ਹਾਂ ਦੀ ਨਿੱਜੀ ਪਸੰਦ ਸੀ ਪਰ ਉਨ੍ਹਾਂ ਨੇ ਜਨਤਕ ਪ੍ਰੋਗਰਾਮ ’ਚ ਜੋ ਕਿਹਾ, ਉਹ ਹੈਰਾਨ ਕਰਨ ਵਾਲਾ ਸੀ- “ਜੋ ਲੋਕ ਅਧਿਆਤਮਿਕ ਗੁਰੂਆਂ ’ਚ ਵਿਸ਼ਵਾਸ ਨਹੀਂ ਕਰਦੇ, ਉਹ ਬਦਮਾਸ਼, ਮੂਰਖ ਅਤੇ ਜੰਗਲੀ ਹਨ!” ਅਹੁਦੇ ’ਤੇ ਬਿਰਾਜਮਾਨ ਜੱਜ ਨੇ ਕਿਹਾ। ਅਜਿਹੀਆਂ ਹੋਰ ਵੀ ਉਦਾਹਰਣਾਂ ਹਨ, ਜਿੱਥੇ ਨਿਆਂਇਕ ਅਧਿਕਾਰੀਆਂ ਨੇ ਆਪਣੀ ਨਿੱਜੀ ਪਸੰਦ ਨੂੰ ਜਨਤਕ ਕੀਤਾ ਹੈ, ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।
ਵਰਲਡ ਏ. ਆਈ. ਇੰਪੈਕਟ ਸਮਿਟ ’ਤੇ ਵਾਪਸ ਆਉਂਦੇ ਹਾਂ। ਇਹ ਯਕੀਨੀ ਤੌਰ ’ਤੇ ਯੂਥ ਕਾਂਗਰਸ ਲਈ ‘ਸ਼ਰਟ-ਲੈੱਸ’ ਰੋਸ ਵਿਖਾਵਾ ਕਰਨ ਲਈ ਸਹੀ ਜਗ੍ਹਾ ਨਹੀਂ ਸੀ। ਇਹ ਕੰਮ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਦੇ ਨਾਲ ਵਿਚਾਰਾਂ ਦੇ ਦੀਵਾਲੀਏਪਨ ਨੂੰ ਦਿਖਾਉਂਦਾ ਹੈ। ਨਾਲ ਹੀ, ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਨੌਜਵਾਨਾਂ ਨੂੰ ‘ਦੇਸ਼-ਵਿਰੋਧੀ ਨਾਅਰੇ’ ਲਗਾਉਣ ਅਤੇ ਅਪਰਾਧਿਕ ਸਾਜ਼ਿਸ਼ ਲਈ ਗ੍ਰਿਫ਼ਤਾਰ ਕਰ ਕੇ ਓਵਰ-ਰਿਐਕਟ ਕੀਤਾ ਹੈ।
ਉੱਪਰ ਦਿੱਤੇ ਮਾਮਲੇ ਭਾਵੇਂ ਆਪਸ ’ਚ ਜੁੜੇ ਨਾ ਹੋਣ ਪਰ ਇਹ ਸਭ ਮਿਲ ਕੇ ਫਿਰਕਾਪ੍ਰਸਤੀ, ਨਫ਼ਰਤ ਅਤੇ ਅਸਹਿਣਸ਼ੀਲਤਾ ਦਾ ਅਜਿਹਾ ਤਾਣਾ-ਬਾਣਾ ਬੁਣਦੇ ਹਨ ਜੋ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਤੇਜ਼ੀ ਨਾਲ ਵਧਣ ਦੇ ਵਿਚਾਰ ਲਈ ਸਹੀ ਨਹੀਂ ਹੈ।
ਵਿਪਿਨ ਪੱਬੀ
