ਆਪਣੇ ਅਰਥ, ਸੰਦਰਭ ਅਤੇ ਮਿਜ਼ਾਜ ’ਚ ਭਾਰਤੀ ਹੈ ਸਾਡਾ ਲੋਕਤੰਤਰ

Wednesday, Feb 18, 2026 - 04:42 PM (IST)

ਆਪਣੇ ਅਰਥ, ਸੰਦਰਭ ਅਤੇ ਮਿਜ਼ਾਜ ’ਚ ਭਾਰਤੀ ਹੈ ਸਾਡਾ ਲੋਕਤੰਤਰ

ਗਣਤੰਤਰ ਦੇ ਸਰਬਧਰਮ ਦੀ ਸ਼ਨਾਖ਼ਤ ਕਰਦੀ ਹੋਈ ਇਸ ਲੜੀ ’ਚ ਅਸੀਂ ਅੱਜ ਤੀਜੇ ਸੂਤਰ ਭਾਵ ਲੋਕਤੰਤਰ ਦੀ ਚਰਚਾ ਕਰਾਂਗੇ। ਸੈਕੂਲਰਵਾਦ ਅਤੇ ਸਮਾਜਵਾਦ ਦੀ ਤਰ੍ਹਾਂ ਲੋਕਤੰਤਰ ਬਾਰੇ ਵੀ ਇਹੀ ਮਾਨਤਾ ਹੈ ਕਿ ਇਹ ਇਕ ਆਧੁਨਿਕ ਪੱਛਮੀ ਵਿਚਾਰ ਹੈ ਪਰ ਆਪਣੇ ਖ਼ਾਲਸ ਭਾਰਤੀ ਅਰਥ, ਸੰਦਰਭ ਅਤੇ ਮਿਜ਼ਾਜ ’ਚ ਲੋਕਤੰਤਰ ਭਾਰਤ ਗਣਰਾਜ ਦਾ ਸਰਬਧਰਮ ਹੈ। ਇੱਥੇ ਸਵਾਲ ਇਹ ਨਹੀਂ ਹੈ ਕਿ ਅਸੀਂ ਪੱਛਮੀ ਲੋਕਤੰਤਰ ਤੋਂ ਕੁਝ ਅਪਣਾਇਆ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਜਿਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ, ਉਸ ਦੀਆਂ ਜੜ੍ਹਾਂ ਕੀ ਸਿਰਫ਼ ਆਧੁਨਿਕ ਕਾਲ ’ਚ ਅਤੇ ਸਿਰਫ਼ ਪੱਛਮੀ ਲੋਕਤੰਤਰ ਤੋਂ ਸਿੱਖੇ ਤੌਰ-ਤਰੀਕਿਆਂ ’ਚ ਹਨ?

ਇਸ ਖੋਜ ਦੀ ਸ਼ੁਰੂਆਤ ਪ੍ਰਾਚੀਨ ਭਾਰਤੀ ਗਣਤੰਤਰ ਤੋਂ ਕਰਨੀ ਹੋਵੇਗੀ। ਇਸ ਲਈ ਨਹੀਂ ਕਿ ਭਾਰਤ ਗਣਰਾਜ ਦੀ ਕੋਈ ਤਾਰ ਸਿੱਧੀ ਵੈਸ਼ਾਲੀ ਜਾਂ ਲਿੱਛਵੀ ਗਣਤੰਤਰ ਨਾਲ ਜੁੜੀ ਹੈ। ਇਨ੍ਹਾਂ ਪ੍ਰਾਚੀਨ ਗਣਤੰਤਰਾਂ ਨਾਲ ਸਾਡਾ ਰਿਸ਼ਤਾ ਕੁਝ ਅਜਿਹਾ ਹੀ ਹੈ, ਜਿਹਾ ਅੱਜ ਦੇ ਯੂਰਪ ਦਾ ਏਥਨਜ਼ ਅਤੇ ਸਪਾਰਟਾ ਦੇ ਨਗਰ-ਰਾਜਾਂ ਨਾਲ। ਭਾਵ ਕਿ ਰਿਸ਼ਤਾ ਸਿੱਧਾ ਨਹੀਂ, ਸਗੋਂ ਇਤਿਹਾਸ ਦੀ ਤਲਹੱਟੀ ’ਚ ਰਚੀਆਂ-ਵਸੀਆਂ ਯਾਦਾਂ ਦੇ ਰਾਹੀਂ ਹੈ। ਆਧੁਨਿਕ ਗਣਰਾਜ ਨੂੰ ਭਾਵੇਂ ਹੀ ਪ੍ਰਾਚੀਨ ‘ਗਣ’ ਦਾ ਸੰਸਥਾਗਤ ਢਾਂਚਾ ਵਿਰਾਸਤ ’ਚ ਨਹੀਂ ਮਿਲਿਆ, ਪਰ ਉਸ ’ਚ ਗਣ ਦੀ ਧਾਰਨਾ, ਉਸ ਦੀ ਸ਼ਬਦਾਵਲੀ ਅਤੇ ਉਸ ਦੇ ਪ੍ਰਤੀਕ ਜ਼ਰੂਰ ਘੁਲ-ਮਿਲ ਗਏ।

ਪ੍ਰਾਚੀਨ ਭਾਰਤ ਦੇ ਗਣਤੰਤਰ ਰਾਜ ਈਸਾ ਪੂਰਵ 5ਵੀਂ ਅਤੇ ਚੌਥੀ ਸਦੀ ’ਚ ਉੱਭਰੇ ਸਨ, ਠੀਕ ਉਸੇ ਸਮੇਂ, ਜਦੋਂ ਏਥਨਜ਼ ’ਚ ਲੋਕਤੰਤਰ ਦਾ ਜਨਮ ਹੋਇਆ ਸੀ। ਇਨ੍ਹਾਂ ਦੋਵਾਂ ਨੂੰ ਆਧੁਨਿਕ ਅਰਥਾਂ ’ਚ ਲੋਕਤੰਤਰ ਨਹੀਂ ਕਿਹਾ ਜਾ ਸਕਦਾ ਪਰ ਉੱਤਰ ਭਾਰਤ ਦੇ ਇਨ੍ਹਾਂ ਕਬਾਇਲੀ ਗਣਤੰਤਰ ਰਾਜਾਂ ’ਚ ਅਜਿਹੇ ਅਨੇਕਾਂ ਤੱਤ ਮੌਜੂਦ ਸਨ ਜਿਨ੍ਹਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾ ਸਕਦਾ ਹੈ-ਇਕ ਪ੍ਰਭੂਸੱਤਾ ਸੰਪੰਨ ਰਾਜੇ ਦੀ ਥਾਂ ਇਕ ਸਮੂਹ ਦੁਆਰਾ ਰਾਜ, ਸਾਂਝੀ ਪ੍ਰਭੂਸੱਤਾ, ਆਮ ਸਭਾ ’ਚ ਅਤੇ ਆਮ ਸਹਿਮਤੀ ਨਾਲ ਫੈਸਲਾ ਅਤੇ ਜ਼ਰੂਰਤ ਹੋਵੇ ਤਾਂ ਵੋਟਾਂ ਪਾਉਣ ਦੀ ਪ੍ਰਕਿਰਿਆ। ਗਣ, ਸਭਾ, ਸਮਿਤੀ, ਪ੍ਰੀਸ਼ਦ-ਜੇਕਰ ਸਾਡਾ ਲੋਕਤੰਤਰ ਅੱਜ ਵੀ ਇਨ੍ਹਾਂ ਸ਼ਬਦਾਂ ਨਾਲ ਪਲ ਰਿਹਾ ਹੈ ਤਾਂ ਇਨ੍ਹਾਂ ਦੇ ਅਰਥ ਵੀ ਕਿਤੇ ਨਾ ਕਿਤੇ ਸਾਡੀ ਲੋਕ-ਸੰਸਕ੍ਰਿਤੀ ਦਾ ਹਿੱਸਾ ਹਨ।

ਪ੍ਰਾਚੀਨ ਭਾਰਤ ਦੀ ਵਿਰਾਸਤ ਨੂੰ ਸਾਡੇ ਗਣਤੰਤਰ ਨਾਲ ਜੋੜਨ ਦਾ ਕੰਮ ‘ਵਿਨੈ’ ਦੀ ਧਾਰਨਾ ਕਰਦੀ ਹੈ। ਅੱਜਕੱਲ੍ਹ ਅਸੀਂ ਵਿਨੈ ਦੀ ਵਰਤੋਂ ਨਿਮਰਤਾ ਦੇ ਅਰਥਾਂ ’ਚ ਕਰਦੇ ਹਾਂ। ਪੂਰਵ ਵੈਦਿਕ ਅਤੇ ਵੈਦਿਕ ਕਾਲ ’ਚ ਵੀ ਵਿਨੈ ਨੂੰ ਇਕ ਵਿਦਿਆਰਥੀ ਦੇ ਨਿੱਜੀ ਸ਼ੀਲ ਦਾ ਅੰਗ ਸਮਝਿਆ ਗਿਆ—ਸ਼ਾਲੀਨਤਾ, ਸ਼ਿਸ਼ਟਤਾ, ਸੰਜਮ ਅਤੇ ਗੁਰੂਜਨਾਂ ਦਾ ਸਤਿਕਾਰ ਪਰ ਗੌਤਮ ਬੁੱਧ ਨੇ ਵਿਨੈ ਦੀ ਵਿਆਖਿਆ ਨੈਤਿਕ ਅਨੁਸ਼ਾਸਨ ਦੀ ਜ਼ਾਬਤੇ ਵਜੋਂ ਕੀਤੀ। ਪਹਿਲਾਂ ਜ਼ੁਬਾਨੀ ਅਤੇ ਫਿਰ ਲਿਖਤੀ ਰੂਪ ’ਚ ਵਿਨੈਪਿਟਕ ਨੇ ਸੰਘ ਨਾਲ ਜੁੜਨ ਵਾਲੇ ਸਾਰੇ ਬੌਧ ਭਿਕਸ਼ੂਆਂ ਦੇ ਆਚਾਰ-ਵਿਵਹਾਰ ਨੂੰ ਮਰਿਆਦਾ ’ਚ ਰੱਖਣ ਲਈ ਇਕ ਵਿਸਤ੍ਰਿਤ ਜ਼ਾਬਤਾ ਬਣਾਇਆ। ਬੌਧ ਸੰਘ ਦੀ ਵਿਨੈਪਿਟਕ ਨੇ ਉਸ ਜ਼ਮਾਨੇ ਦੇ ਗਣਤੰਤਰਾਂ ਦੀ ਅਣਲਿਖੀ ਨਿਯਮਾਵਲੀ ਨੂੰ ਲਿਪੀਬੱਧ ਕਰ ਦਿੱਤਾ। ਇਹ ਜ਼ਾਬਤਾ ਭਿਕਸ਼ੂਆਂ ਦੇ ਨਿੱਜੀ ਆਚਾਰ-ਵਿਵਹਾਰ ਅਤੇ ਇਕ ਧਾਰਮਿਕ ਸੰਗਠਨ ਦੇ ਅੰਦਰੂਨੀ ਅਨੁਸ਼ਾਸਨ ਲਈ ਬਣਿਆ ਸੀ, ਕਿਸੇ ਰਾਜਨੀਤਿਕ ਭਾਈਚਾਰੇ ਲਈ ਨਹੀਂ ਪਰ ਇਕ ਮਾਇਨੇ ’ਚ ਵਿਨੈਪਿਟਕ ਭਾਰਤ ਦਾ ਪਹਿਲਾ ਲਿਖਤੀ ਸੰਵਿਧਾਨ ਹੈ।

ਜ਼ਿਕਰਯੋਗ ਹੈ ਕਿ ਸੰਘ ਦੀ ਫੈਸਲਾ ਲੈਣ ਦੀ ਪ੍ਰਕਿਰਿਆ ’ਚ ਊਚ-ਨੀਚ ਲਈ ਕੋਈ ਥਾਂ ਨਹੀਂ ਹੈ। ਸੰਘ ’ਚ ਆਉਣ ਤੋਂ ਬਾਅਦ ਅਮੀਰ-ਗਰੀਬ ਜਾਂ ਜਾਤ ਦਾ ਕੋਈ ਮਤਲਬ ਨਹੀਂ ਹੈ। ਹਰ ਭਿਕਸ਼ੂ ਦੀ ਇਕ ਵੋਟ ਹੈ-ਸੀਨੀਅਰ ਹੋਵੇ ਜਾਂ ਜੂਨੀਅਰ, ਮਰਦ ਹੋਵੇ ਜਾਂ ਔਰਤ, ਸੰਘ ਦਾ ਸਮੂਹਿਕ ਫੈਸਲਾ ਸਰਵਉੱਚ ਹੈ। ਵਿਨੈਪਿਟਕ ਦੀ ਇਹ ਪਰੰਪਰਾ ਬੌਧ ਧਰਮ ਦੇ ਨਾਲ ਹੀ ਅਲੋਪ ਨਹੀਂ ਹੋ ਗਈ। ਬਾਅਦ ’ਚ ਜੈਨ, ਸ਼ੈਵ, ਵੈਸ਼ਨਵ ਸਮੇਤ ਅਨੇਕਾਂ ਸੰਪਰਦਾਵਾਂ ਨੇ ਇਸ ਢਾਂਚੇ ਦੀ ਵਰਤੋਂ ਕੀਤੀ ਅਤੇ ਧਰਮ ਸ਼ਾਸਤਰ ਰਾਹੀਂ ਇਹ ਸਮੂਹਿਕ ਜੀਵਨ ਬਾਰੇ ਸਾਡੀ ਸੋਚ ਦਾ ਹਿੱਸਾ ਬਣ ਗਿਆ। ਅੱਜ ਇਹ ਭਾਸ਼ਾ ਸਾਡੇ ਲਈ ਅਣਪਛਾਤੀ ਹੈ ਪਰ ਆਮ ਰਾਏ ਨਾਲ ਪੰਚਾਇਤੀ ਫੈਸਲੇ ਲੈਣ ਦੀ ਮਰਿਆਦਾ ਕਿਤੇ ਨਾ ਕਿਤੇ ਵਿਨੈਪਿਟਕ ਨਾਲ ਜੁੜੀ ਹੈ।

ਸਲਤਨਤ ਅਤੇ ਮੁਗ਼ਲ ਰਾਜ ਨੇ ਇਸ ਸੋਚ ’ਚ ਇਕ ਨਵਾਂ ਆਯਾਮ ਜੋੜਿਆ। ਜ਼ਾਹਿਰ ਹੈ ਬਾਦਸ਼ਾਹ ਦੇ ਰਾਜ ’ਚ ਲੋਕਤੰਤਰੀ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਦੀ ਕੋਈ ਥਾਂ ਨਹੀਂ ਸੀ ਪਰ ਸੂਫ਼ੀ ਸੰਤਾਂ ਦੀ ਸਿੱਖਿਆ ਕਾਰਨ ਭਾਰਤ ’ਚ ਇਸਲਾਮ ਦੀ ਰਾਜਨੀਤਿਕ ਭਾਸ਼ਾ ’ਚ ਬਦਲਾਅ ਆਇਆ। ਇੱਥੇ ‘ਅਦਲ’ ਭਾਵ ਇਨਸਾਫ਼ ਅਤੇ ‘ਮਸਲਹ’ ਭਾਵ ਕਲਿਆਣ ਦੀ ਧਾਰਨਾ ’ਚ ਹੋਏ ਬਦਲਾਅ ਮਹੱਤਵਪੂਰਨ ਹਨ। ਰਾਜੇ ਦਾ ਰਾਜ ਸਿਰਫ਼ ਉਸ ਦੇ ਖਾਨਦਾਨ ਜਾਂ ਯੁੱਧ ’ਚ ਜਿੱਤ ਦੇ ਅਾਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਾਦਸ਼ਾਹ ਤਦ ਹੀ ਜ਼ਿੱਲ-ਏ-ਇਲਾਹੀ (ਅੱਲ੍ਹਾ ਦਾ ਪਰਛਾਵਾਂ) ਕਹਾਏਗਾ ਜੇਕਰ ਉਹ ਪਰਜਾ ਦਾ ਨੈਤਿਕ ਸਰਪ੍ਰਸਤ ਬਣੇ, ਖੁਦ ਉਸ ਦੀ ਸ਼ਖ਼ਸੀਅਤ ’ਚ ਇਨਸਾਫ਼ ਝਲਕੇ, ਉਹ ਸ਼ਾਲੀਨਤਾ ਅਤੇ ਸੰਜਮ ਦਾ ਵਿਵਹਾਰ ਕਰੇ, ਜ਼ੁਲਮ ਨਾ ਕਰੇ ਅਤੇ ਕਮਜ਼ੋਰ ਲੋਕਾਂ ਦੀ ਰੱਖਿਆ ਕਰੇ। ਬਾਦਸ਼ਾਹ ਦੀ ਮਾਨਤਾ ਇਸ ’ਤੇ ਵੀ ਨਿਰਭਰ ਕਰਦੀ ਹੈ ਕਿ ਉਹ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਆਪਣੀ ਸਮੁੱਚੀ ਪਰਜਾ ਦਾ ਕਲਿਆਣ ਕਰੇ, ਉਨ੍ਹਾਂ ਦੀ ਖਿਦਮਤ ਕਰੇ। ਰਾਜਸ਼ਾਹੀ ਦੀ ਮਾਨਤਾ ਨੂੰ ਸਥਾਪਿਤ ਸਿਧਾਂਤਾਂ ਦੀ ਬਜਾਏ ਅਦਲ ਅਤੇ ਮਸਲਹ ਨਾਲ ਜੋੜਨਾ ਸਿਰਫ਼ ਇਕ ਨੈਤਿਕ ਉਪਦੇਸ਼ ਨਹੀਂ ਸੀ। ਇਹ ਸ਼ਾਸਕ ਨੂੰ ਮਰਿਆਦਾ ’ਚ ਬੰਨ੍ਹਣ ਦਾ ਇਕ ਵੱਡਾ ਕਦਮ ਸੀ।

ਭਾਰਤ ’ਚ ਲੋਕਤੰਤਰ ਦੀ ਆਧੁਨਿਕ ਭਾਸ਼ਾ ਯੂਰਪ ਤੋਂ ਆਈ ਪਰ ਉਸ ਨੂੰ ਭਾਰਤ ਨੇ ਆਪਣੇ ਤਰੀਕੇ ਨਾਲ ਅਪਣਾਇਆ ਅਤੇ ਉਸ ਦੀ ਆਪਣੀ ਇਬਾਰਤ ਵਿਕਸਤ ਕੀਤੀ। ਨਤੀਜੇ ਵਜੋਂ ਭਾਰਤੀ ਲੋਕਤੰਤਰ ਕਿਸੇ ਬਣੀ-ਬਣਾਈ ਲੀਕ ’ਤੇ ਨਹੀਂ ਚੱਲਿਆ। ਲੋਕਤੰਤਰ ਦਾ ਪੌਦਾ ਉਸ ਮਾਹੌਲ ’ਚ ਫਲਿਆ-ਫੁੱਲਿਆ, ਜਿਸ ’ਚ ਲੋਕਤੰਤਰ ਦੀ ਗੁੰਜਾਇਸ਼ ਨਹੀਂ ਦੱਸੀ ਜਾਂਦੀ ਸੀ। ਭਾਰਤੀ ਲੋਕਤੰਤਰ ਨੇ ਉਹ ਤਮਾਮ ਸੰਕਟ ਝੱਲੇ, ਜਿਨ੍ਹਾਂ ਤੋਂ ਅਕਸਰ ਤੀਜੀ ਦੁਨੀਆ ਦੇ ਲੋਕਤੰਤਰ ਉੱਭਰ ਨਹੀਂ ਪਾਉਂਦੇ ਸਨ। ਇਸ ਲਈ ਭਾਰਤੀ ਲੋਕਤੰਤਰ ਨੇ ਲੋਕਤੰਤਰ ਦੇ ਵਿਚਾਰ ਦਾ ਲੋਕਤੰਤਰੀਕਰਨ ਕਰਕੇ ਇਕ ਵਿਸ਼ਵਵਿਆਪੀ ਵਿਵਸਥਾ ਬਣਾਉਣ ’ਚ ਯੋਗਦਾਨ ਦਿੱਤਾ। ਸਾਡੇ ਇੱਥੇ ਲੋਕਤੰਤਰ ਕਿਸੇ ਰਾਜਸ਼ਾਹੀ ਜਾਂ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ਼ ਤੋਂ ਨਹੀਂ ਆਇਆ। ਸਾਡਾ ਮੁੱਖ ਅੰਦੋਲਨ ਦੇਸ਼ ਦੀ ਆਜ਼ਾਦੀ ਦਾ ਸੀ। ਉਸ ਦੀ ਸਫਲਤਾ ਨਾਲ ਲੋਕਤੰਤਰ ਆਪਣੇ ਆਪ ਹਾਸਲ ਹੋ ਗਿਆ।

ਸੰਵਿਧਾਨ ਨੇ ਪੱਛਮ ਦੇ ਉਦਾਰਵਾਦੀ ਲੋਕਤੰਤਰ ਦਾ ਪੂਰਾ ਤੰਤਰ ਬਣਾ ਦਿੱਤਾ ਪਰ ਉਸ ਤੰਤਰ ’ਚ ਜਾਨ ਫੂਕਣਾ ਸੰਵਿਧਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਨਮਾਨਸ ਦਾ ਮਿਜ਼ਾਜ ਸੰਵਿਧਾਨ ਨਹੀਂ ਲਿਖ ਸਕਦਾ। ਇਸ ਲਈ ਭਾਰਤ ’ਚ ਲੋਕਤੰਤਰ ਦੇ ਪ੍ਰਯੋਗ ਨੇ ਇਕ ਅਨੋਖਾ ਰਾਹ ਅਪਣਾਇਆ। ਲੋਕਤੰਤਰ ਦਾ ਮਤਲਬ ਸੀ ‘ਜਨਤਾ-ਜਨਾਰਦਨ’। ਇਸ ਲਈ ਲੋਕਤੰਤਰ ਦੇ ਤਿਉਹਾਰਾਂ ’ਚ ਜਨਤਾ ਦੀ ਭਾਗੀਦਾਰੀ ਖੂਬ ਵਧੀ ਪਰ ਜਨਤਾ ਨੂੰ ਪ੍ਰਕਿਰਿਆ ਨਹੀਂ, ਨਤੀਜੇ ਨਾਲ ਮਤਲਬ ਸੀ। ਲੋਕਤੰਤਰੀ ਪ੍ਰਣਾਲੀ ਨਾਲ ਚੁਣੇ ਗਏ ਸ਼ਾਸਕ ਨੂੰ ਮਰਿਆਦਾ ’ਚ ਰੱਖਣ ਦੀ ਜ਼ਿੰਮੇਵਾਰੀ ਸੰਸਥਾਵਾਂ ਨੇ ਨਹੀਂ ਨਿਭਾਈ। ਇਹ ਕੰਮ ਜਨ-ਅੰਦੋਲਨਾਂ ਨੇ ਕੀਤਾ।

ਲੋਕਤੰਤਰ ਦਾ ਮਤਲਬ ਸੀ ਬਹੁਮਤ ਦਾ ਰਾਜ। ਇਕ ਲੰਬੇ ਸਮੇਂ ਤੱਕ ਲੋਕਤੰਤਰੀ ਸ਼ਾਸਕਾਂ ਨੇ ਇਸ ਨੂੰ ਬਹੁਗਿਣਤੀ ਭਾਈਚਾਰੇ ਦਾ ਰਾਜ ਹੋਣ ਤੋਂ ਰੋਕੀ ਰੱਖਿਆ। ਵਿਭਿੰਨ ਭਾਸ਼ਾਵਾਂ ਅਤੇ ਖੇਤਰਾਂ ਦਾ ਸਤਿਕਾਰ ਕੀਤਾ। ਭਾਰਤ ਲੋਕਤੰਤਰ ਅਤੇ ਵਿਭਿੰਨਤਾ ਦੇ ਸੁਮੇਲ ਦਾ ਇਕ ਮਾਡਲ ਬਣਿਆ ਪਰ ਇਕ ਸਮੇਂ ਇਸ ’ਚ ਘੱਟਗਿਣਤੀ ਦੇ ਅਧਿਕਾਰ ਦੀ ਚਿੰਤਾ ਦੱਬ ਗਈ। ਬਹੁਮਤਵਾਦੀ ਲੋਕਤੰਤਰ ਦਾ ਉਦੈ ਹੋਇਆ।

ਯੋਗਿੰਦਰ ਯਾਦਵ


author

Rakesh

Content Editor

Related News