ਭਾਰਤ ਦੀ ਵਿਸ਼ਵਵਿਆਪੀ ਯਾਤਰਾ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ
Monday, Feb 23, 2026 - 04:53 PM (IST)
ਪਿਛਲੇ ਕੁਝ ਦਿਨਾਂ ’ਚ ਦਿੱਲੀ ਨੇ ਆਵਾਜਾਈ ਦੀ ਭਾਰੀ ਅਵਿਵਸਥਾ ਦਾ ਸਾਹਮਣਾ ਕੀਤਾ ਹੈ। ਜਦੋਂ ਵੀ. ਆਈ. ਪੀ. ਮਹਿਮਾਨ ਆਪਣੇ ਸਮਾਗਮ ਵਾਲੀ ਥਾਂ ਲਈ ਨਿਕਲੇ, ਤਾਂ ਸਾਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਸਾਨੂੰ ਆਪਣੇ ਦੇਸ਼ ’ਚ ਹੋਣ ਵਾਲੇ ਇਨ੍ਹਾਂ ਸਮਾਗਮਾਂ ’ਤੇ ਮਾਣ ਹੈ, ਇਸ ਲਈ ਇੱਥੇ-ਉੱਥੇ ਦੀ ਥੋੜ੍ਹੀ-ਬਹੁਤ ਅਵਿਵਸਥਾ ਬਾਰੇ ਕੋਈ ਸ਼ਿਕਾਇਤ ਨਹੀਂ ਹੈ।
ਭਾਰਤ ਅੱਜ ਆਪਣੀ ਯਾਤਰਾ ਦੇ ਇਕ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਪਿਛਲੇ ਇਕ ਦਹਾਕੇ ’ਚ ਦੇਸ਼ ਨੇ ਆਰਥਿਕ ਸ਼ਕਤੀ, ਵਿਸ਼ਵਵਿਆਪੀ ਪ੍ਰਭਾਵ ਅਤੇ ਤਕਨੀਕੀ ਆਤਮਵਿਸ਼ਵਾਸ ’ਚ ਲਗਾਤਾਰ ਵਾਧਾ ਕੀਤਾ ਹੈ। ਮੁੱਖ ਤੌਰ ’ਤੇ ਇਕ ਵਿਕਾਸਸ਼ੀਲ ਰਾਸ਼ਟਰ ਵਜੋਂ ਦੇਖੇ ਜਾਣ ਤੋਂ ਲੈ ਕੇ ਹੁਣ ਭਾਰਤ ਇਕ ਗੰਭੀਰ ਵਿਸ਼ਵ ਖਿਡਾਰੀ ਬਣ ਗਿਆ ਹੈ। ਦੁਨੀਆ ਭਾਰਤ ਨੂੰ ਨਾ ਸਿਰਫ਼ ਉਸਦੀ ਆਬਾਦੀ ਦੇ ਆਕਾਰ ਕਾਰਨ, ਸਗੋਂ ਉਸਦੇ ਵਿਚਾਰਾਂ, ਉਸਦੇ ਬਾਜ਼ਾਰਾਂ ਅਤੇ ਉਸਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਲਈ ਦੇਖ ਰਹੀ ਹੈ।
ਇਸ ਵਿਸ਼ਵਵਿਆਪੀ ਮਹੱਤਤਾ ਦਾ ਇਕ ਸਪੱਸ਼ਟ ਸੰਕੇਤ ਭਾਰਤ ਦੁਆਰਾ ਪ੍ਰਮੁੱਖ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਾ ਹੈ। ਜਦੋਂ ਭਾਰਤ ਨੇ ਨਵੀਂ ਦਿੱਲੀ ’ਚ ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ, ਤਾਂ ਸ਼ਕਤੀਸ਼ਾਲੀ ਦੇਸ਼ਾਂ ਦੇ ਨੇਤਾ ਆਏ, ਵਿਸ਼ਵਵਿਆਪੀ ਮੀਡੀਆ ਨੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਅਤੇ ਭਾਰਤ ਨੇ ਖੁਦ ਨੂੰ ਆਤਮਵਿਸ਼ਵਾਸੀ ਅਤੇ ਸੰਗਠਿਤ ਰੂਪ ’ਚ ਪੇਸ਼ ਕੀਤਾ। ਅਜਿਹੇ ਆਯੋਜਨ ਸਿਰਫ਼ ਮੀਟਿੰਗਾਂ ਅਤੇ ਭਾਸ਼ਣਾਂ ਬਾਰੇ ਨਹੀਂ ਹੁੰਦੇ। ਇਹ ਅਕਸ, ਭਰੋਸੇ ਅਤੇ ਮੌਕਿਆਂ ਬਾਰੇ ਹੁੰਦੇ ਹਨ।
ਹੁਣ, ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਲੈ ਕੇ ਵਿਸ਼ਵਵਿਆਪੀ ਚਰਚਾਵਾਂ ਭਵਿੱਖ ਲਈ ਕੇਂਦਰੀ ਹੁੰਦੀਆਂ ਜਾ ਰਹੀਆਂ ਹਨ, ਤਾਂ ਏ. ਆਈ. ਸੰਮੇਲਨਾਂ ਦੀ ਮੇਜ਼ਬਾਨੀ ਅਤੇ ਉਨ੍ਹਾਂ ’ਚ ਭਾਗੀਦਾਰੀ ਕਰਨ ’ਚ ਭਾਰਤ ਦੀ ਭੂਮਿਕਾ ਇਹ ਦਰਸਾਉਂਦੀ ਹੈ ਕਿ ਉਹ ਕਿੰਨੀ ਦੂਰ ਆ ਗਿਆ ਹੈ। ਏ. ਆਈ. ਸਿਰਫ਼ ਤਕਨੀਕੀ ਕੰਪਨੀਆਂ ਬਾਰੇ ਨਹੀਂ ਹੈ, ਇਹ ਨੌਕਰੀਆਂ, ਸਿਹਤ ਸੇਵਾਵਾਂ, ਸਿੱਖਿਆ, ਸੁਰੱਖਿਆ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਭਾਰਤ ਵਿਸ਼ਵ ਮੰਚ ’ਤੇ ਏ. ਆਈ. ਬਾਰੇ ਗੱਲ ਕਰਦਾ ਹੈ, ਤਾਂ ਉਹ ਆਪਣੇ ਨੌਜਵਾਨਾਂ ਦੇ ਭਵਿੱਖ ਦੀ ਗੱਲ ਕਰ ਰਿਹਾ ਹੁੰਦਾ ਹੈ। ਸਾਡੇ ਕੋਲ ਇੰਜੀਨੀਅਰਾਂ ਅਤੇ ਤਕਨੀਕੀ ਪੇਸ਼ੇਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ।
ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ਵਰਗੇ ਸ਼ਹਿਰ ਤਕਨੀਕੀ ਕੇਂਦਰ ਬਣ ਗਏ ਹਨ। ਭਾਰਤੀ ਸਟਾਰਟਅੱਪ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਡਿਜੀਟਲ ਭੁਗਤਾਨ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਸਰਕਾਰੀ ਸੇਵਾਵਾਂ ਵਧੇਰੇ ਤਕਨੀਕ-ਅਾਧਾਰਿਤ ਹੋ ਰਹੀਆਂ ਹਨ। ਇਹ ਸਭ ਇਕ ਅਜਿਹੇ ਰਾਸ਼ਟਰ ਦਾ ਅਕਸ ਬਣਾਉਂਦਾ ਹੈ ਜੋ ਆਧੁਨਿਕ, ਦੂਰਦਰਸ਼ੀ ਅਤੇ ਅਭਿਲਾਸ਼ੀ ਹੈ, ਜਿਸ ਨਾਲ ਸਾਡੇ ਨੌਜਵਾਨਾਂ ਨੂੰ ਆਤਮਵਿਸ਼ਵਾਸ ਮਿਲਦਾ ਹੈ।
ਇਸ ਤਰ੍ਹਾਂ ਦਾ ਵਿਕਾਸ ਸਾਕਾਰਾਤਮਕਤਾ ਲਿਆਉਂਦਾ ਹੈ। ਭਾਰਤੀ ਵਿਦਿਆਰਥੀ ਵਿਸ਼ਵ ਪੱਧਰ ’ਤੇ ਮੁਕਾਬਲਾ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਸਭ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਜਦੋਂ ਭਾਰਤ ਏ. ਆਈ. ਸਿਖਰ ਸੰਮੇਲਨ ਵਰਗੇ ਵਿਸ਼ਵਵਿਆਪੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਹੈ, ਤਾਂ ਪੂਰੀ ਦੁਨੀਆ ਨਾ ਸਿਰਫ਼ ਸਰਕਾਰ ਨੂੰ, ਸਗੋਂ ਪੂਰੇ ਰਾਸ਼ਟਰ ਨੂੰ ਦੇਖ ਰਹੀ ਹੁੰਦੀ ਹੈ।
ਇੱਥੇ ਹੀ ਰਾਜਨੀਤਿਕ ਵਿਵਹਾਰ ਮਹੱਤਵਪੂਰਨ ਹੋ ਜਾਂਦਾ ਹੈ। ਭਾਰਤ ਇਕ ਲੋਕਤੰਤਰ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਪੂਰਾ ਅਧਿਕਾਰ ਹੈ। ਬਹਿਸ ਸਿਹਤਮੰਦ ਹੈ। ਆਲੋਚਨਾ ਜ਼ਰੂਰੀ ਹੈ। ਵਿਰੋਧ ਪ੍ਰਦਰਸ਼ਨ ਲੋਕਤੰਤਰੀ ਜੀਵਨ ਦਾ ਹਿੱਸਾ ਹਨ ਪਰ ਸਮਾਂ ਅਤੇ ਲਹਿਜ਼ਾ ਬਹੁਤ ਮਾਇਨੇ ਰੱਖਦਾ ਹੈ।
ਜਦੋਂ ਪ੍ਰਮੁੱਖ ਵਿਸ਼ਵਵਿਆਪੀ ਪ੍ਰੋਗਰਾਮ ਹੋ ਰਹੇ ਹੋਣ, ਤਾਂ ਲਗਾਤਾਰ ਸ਼ੋਰ-ਸ਼ਰਾਬਾ, ਹਮਲਾਵਰ ਵਿਰੋਧ ਅਤੇ ਜਨਤਕ ਰਾਜਨੀਤਿਕ ਨਾਟਕ ਵਿਦੇਸ਼ੀ ਮਹਿਮਾਨਾਂ ਨੂੰ ਭਰਮਾਉਣ ਵਾਲੇ ਸੰਕੇਤ ਭੇਜ ਸਕਦੇ ਹਨ, ਜੋ ਸ਼ਰਮਨਾਕ ਵੀ ਹੋ ਸਕਦਾ ਹੈ। ਵਿਦੇਸ਼ੀ ਨਿਵੇਸ਼ਕ ਅਕਸਰ ਰਾਜਨੀਤਿਕ ਸਥਿਰਤਾ ਦੀ ਤਲਾਸ਼ ਕਰਦੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਨੀਤੀਆਂ ਜਾਰੀ ਰਹਿਣਗੀਆਂ। ਉਹ ਜਾਣਨਾ ਚਾਹੁੰਦੇ ਹਨ ਕਿ ਵਪਾਰਕ ਮਾਹੌਲ ਅਨੁਮਾਨਿਤ ਹੈ। ਜੇਕਰ ਵਿਸ਼ਵਵਿਆਪੀ ਪ੍ਰੋਗਰਾਮਾਂ ਦੌਰਾਨ ਸੁਰਖੀਆਂ ਸਿਖਰ ਸੰਮੇਲਨ ਦੀ ਬਜਾਏ ਰਾਜਨੀਤਿਕ ਟਕਰਾਅ ’ਤੇ ਵਧੇਰੇ ਕੇਂਦਰਿਤ ਹੁੰਦੀਆਂ ਹਨ, ਤਾਂ ਇਹ ਧਿਆਨ ਭਾਰਤ ਦੀਆਂ ਉਪਲਬਧੀਆਂ ਤੋਂ ਹਟਾ ਦਿੰਦੀਆਂ ਹਨ। ਨਵੀਨਤਾ, ਸਟਾਰਟਅੱਪ ਅਤੇ ਵਿਸ਼ਵਵਿਆਪੀ ਸਾਂਝੇਦਾਰੀ ’ਤੇ ਚਰਚਾ ਕਰਨ ਦੀ ਬਜਾਏ, ਚਰਚਾ ਘਰੇਲੂ ਰਾਜਨੀਤਿਕ ਸੰਘਰਸ਼ ਵੱਲ ਮੁੜ ਜਾਂਦੀ ਹੈ।
ਲੋਕਤੰਤਰ ’ਚ ਰਚਨਾਤਮਕ ਆਲੋਚਨਾ ਅਤੇ ਲਗਾਤਾਰ ਵਿਘਨ ਦੇ ਵਿਚਾਲੇ ਫਰਕ ਹੁੰਦਾ ਹੈ। ਪਰਿਪੱਕ ਲੋਕਤੰਤਰ ਅਕਸਰ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੌਰਾਨ ਇਕਜੁੱਟ ਚਿਹਰਾ ਦਿਖਾਉਂਦੇ ਹਨ, ਭਾਵੇਂ ਪਰਦੇ ਦੇ ਪਿੱਛੇ ਅੰਦਰੂਨੀ ਬਹਿਸ ਜਾਰੀ ਰਹੇ। ਜਦੋਂ ਦੁਨੀਆ ਦੇਖ ਰਹੀ ਹੋਵੇ, ਤਾਂ ਧਿਆਨ ਭਾਰਤ ਦੀ ਤਾਕਤ ’ਤੇ ਰਹਿਣਾ ਚਾਹੀਦਾ ਹੈ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ, ਰਾਜਨੀਤਿਕ ਲੜਾਈ ਸੰਸਦ ਅਤੇ ਜਨਤਕ ਮੰਚਾਂ ’ਤੇ ਜਾਰੀ ਰਹਿ ਸਕਦੀ ਹੈ।
ਭਾਰਤ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਇਕ ਸਾਕਾਰਾਤਮਕ ਮਾਹੌਲ ਦੀ ਲੋੜ ਹੈ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਡੇਟਾ ਸਾਇੰਸ ਅਤੇ ਡਿਜੀਟਲ ਉੱਦਮਤਾ ਵਰਗੇ ਖੇਤਰਾਂ ’ਚ ਪ੍ਰਵੇਸ਼ ਕਰ ਰਹੇ ਹਨ। ਉਹ ਵਿਸ਼ਵਵਿਆਪੀ ਮੌਕੇ ਚਾਹੁੰਦੇ ਹਨ। ਜਦੋਂ ਭਾਰਤ ਏ. ਆਈ. ਚਰਚਾਵਾਂ ਦੀ ਮੇਜ਼ਬਾਨੀ ਕਰਦਾ ਹੈ, ਤਾਂ ਇਹ ਨੌਜਵਾਨ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦਾ ਹੈ। ਇਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦਾ ਦੇਸ਼ ਸਿਰਫ ਵਿਸ਼ਵਵਿਆਪੀ ਰੁਝਾਨਾਂ ਦਾ ਪਿੱਛਾ ਨਹੀਂ ਕਰ ਰਿਹਾ, ਸਗੋਂ ਉਨ੍ਹਾਂ ਨੂੰ ਨਵਾਂ ਰੂਪ ਦੇ ਰਿਹਾ ਹੈ।
ਨਾਲ ਹੀ, ਇਕ ਸਥਿਰ ਲੋਕਤੰਤਰ ਵਜੋਂ ਭਾਰਤ ਦਾ ਅਕਸ ਉਸਦੀਆਂ ਸਭ ਤੋਂ ਵੱਡੀਆਂ ਤਾਕਤਾਂ ’ਚੋਂ ਇਕ ਹੈ। ਨਿਵੇਸ਼ਕ ਅਕਸਰ ਦੂਜੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਭਾਰਤ ਦੀ ਤੁਲਨਾ ਕਰਦੇ ਹਨ। ਰਾਜਨੀਤਿਕ ਸ਼ੋਰ-ਸ਼ਰਾਬਾ ਆਮ ਗੱਲ ਹੈ, ਪਰ ਮਹੱਤਵਪੂਰਨ ਵਿਸ਼ਵਵਿਆਪੀ ਸੰਮੇਲਨਾਂ ਦੌਰਾਨ ਬਹੁਤ ਜ਼ਿਆਦਾ ਵਿਘਨ ਬੇਲੋੜੇ ਸਵਾਲ ਖੜ੍ਹੇ ਕਰ ਸਕਦਾ ਹੈ। ਜਦੋਂ ਨਾਗਰਿਕ ਉਨ੍ਹਾਂ ਪਲਾਂ ਦੌਰਾਨ ਲਗਾਤਾਰ ਸੰਘਰਸ਼ ਦੇਖਦੇ ਹਨ, ਜਿਨ੍ਹਾਂ ਤੋਂ ਮਾਣ ਮਹਿਸੂਸ ਹੋਣਾ ਚਾਹੀਦਾ ਹੈ, ਤਾਂ ਇਸ ਨਾਲ ਰਾਸ਼ਟਰੀ ਆਤਮਵਿਸ਼ਵਾਸ ਕਮਜ਼ੋਰ ਹੁੰਦਾ ਹੈ। ਵਿਕਾਸ ਲਈ ਸਭ ਤੋਂ ਮਹੱਤਵਪੂਰਨ ‘ਵਿਸ਼ਵਾਸ’ ਦੀ ਲੋੜ ਹੁੰਦੀ ਹੈ। ਜੋ ਰਾਸ਼ਟਰ ਆਪਣੇ ਆਪ ’ਤੇ ਵਿਸ਼ਵਾਸ ਕਰਦਾ ਹੈ, ਉਹ ਸਾਂਝੇਦਾਰੀ ਅਤੇ ਸਨਮਾਨ ਨੂੰ ਆਕਰਸ਼ਿਤ ਕਰਦਾ ਹੈ।
ਭਾਰਤ ਦਾ ਵਿਸ਼ਵਵਿਆਪੀ ਉਭਾਰ ਕਿਸੇ ਇਕ ਪਾਰਟੀ ਦੀ ਪ੍ਰਾਪਤੀ ਨਹੀਂ ਹੈ। ਇਹ ਸਰਕਾਰਾਂ, ਉੱਦਮੀਆਂ, ਵਿਗਿਆਨੀਆਂ ਅਤੇ ਆਮ ਨਾਗਰਿਕਾਂ ਦੇ ਦਹਾਕਿਆਂ ਦੇ ਯਤਨਾਂ ਦਾ ਨਤੀਜਾ ਹੈ। ਅੱਜ ਅਸੀਂ ਜੋ ਭਾਰਤ ਦੇਖ ਰਹੇ ਹਾਂ, ਉਸ ਨੂੰ ਬਣਾਉਣ ’ਚ ਹਰ ਰਾਜਨੀਤਿਕ ਪਾਰਟੀ ਨੇ ਕਿਸੇ ਨਾ ਕਿਸੇ ਰੂਪ ’ਚ ਯੋਗਦਾਨ ਪਾਇਆ ਹੈ। ਉਹ ਸਾਂਝਾ ਇਤਿਹਾਸ ਨੇਤਾਵਾਂ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਰਾਸ਼ਟਰੀ ਅਕਸ ਇਕ ਸਾਂਝੀ ਜ਼ਿੰਮੇਵਾਰੀ ਹੈ।
ਜਿਵੇਂ-ਜਿਵੇਂ ਭਾਰਤ ਤਕਨੀਕ, ਕੂਟਨੀਤੀ ਅਤੇ ਆਰਥਿਕ ਵਿਕਾਸ ’ਚ ਅੱਗੇ ਵਧ ਰਿਹਾ ਹੈ, ਪ੍ਰਮੁੱਖ ਵਿਸ਼ਵਵਿਆਪੀ ਪ੍ਰੋਗਰਾਮਾਂ ਦੌਰਾਨ ਏਕਤਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਬਹਿਸ ਜਾਰੀ ਰਹਿਣੀ ਚਾਹੀਦੀ ਹੈ। ਜਵਾਬਦੇਹੀ ਮਜ਼ਬੂਤ ਬਣੀ ਰਹਿਣੀ ਚਾਹੀਦੀ ਹੈ ਪਰ ਜਦੋਂ ਦੁਨੀਆ ਮਹਿਮਾਨ ਬਣ ਕੇ ਆਈ ਹੋਵੇ, ਤਾਂ ਸੰਦੇਸ਼ ਸਪੱਸ਼ਟ ਹੋਣਾ ਚਾਹੀਦਾ ਹੈ-ਭਾਰਤ ਆਤਮਵਿਸ਼ਵਾਸੀ ਹੈ, ਸਮਰੱਥ ਹੈ ਅਤੇ ਭਵਿੱਖ ਲਈ ਤਿਆਰ ਹੈ। ਦੇਸ਼ ਮੌਕੇ ਦੇ ਇਕ ਮੋੜ ’ਤੇ ਖੜ੍ਹਾ ਹੈ। ਦੁਨੀਆ ਸੁਣ ਰਹੀ ਹੈ। ਭਾਰਤ ਕੀ ਕਹਿੰਦਾ ਹੈ ਅਤੇ ਭਾਰਤ ਕਿਹੋ ਜਿਹਾ ਵਿਵਹਾਰ ਕਰਦਾ ਹੈ—ਇਹ ਤੈਅ ਕਰੇਗਾ ਕਿ ਉਹ ਭਵਿੱਖ ਕਿਵੇਂ ਸਾਹਮਣੇ ਆਵੇਗਾ।
-ਦੇਵੀ ਚੇਰੀਅਨ
