ਕਾਰਨੀ ਦੀ ਭਾਰਤ ਦੌਰੇ ’ਚ ਪੰਜਾਬ ਅੱਖੋਂ-ਪਰੋਖੇ, ਦੋਸ਼ੀ ਕੌਣ ?

Thursday, Feb 26, 2026 - 11:01 AM (IST)

ਕਾਰਨੀ ਦੀ ਭਾਰਤ ਦੌਰੇ ’ਚ ਪੰਜਾਬ ਅੱਖੋਂ-ਪਰੋਖੇ, ਦੋਸ਼ੀ ਕੌਣ ?

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਭਾਰਤ ਫੇਰੀ ਦੀ ਘੋਸ਼ਣਾ ਕਰ ਦਿੱਤੀ ਹੈ। ਉਹ ਭਾਰਤ ਵਿਚ ਮੁੰਬਈ ਅਤੇ ਨਵੀਂ ਦਿੱਲੀ ਵਿਖੇ ਕਾਰੋਬਾਰੀਆਂ ਅਤੇ ਸਿਆਸੀ ਲੀਡਰਾਂ ਨਾਲ ਮੁਲਾਕਾਤ ਕਰਨਗੇ, ਜਿੱਥੇ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ ਸਮਝੌਤਿਆਂ ਉੱਪਰ ਗੱਲਬਾਤ ਕੀਤੀ ਜਾਵੇਗੀ।

ਕਾਰਨੀ ਦੀ ਇਹ ਭਾਰਤ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦਰਮਿਆਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ ਸਨ ਪਰ ਕਾਰਨੀ ਨੇ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਬੇੜਾ ਚੁੱਕਿਆ ਹੋਇਆ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹ ਭਾਰਤ ਦੇ ਨਾਲ ਇਕ ਮਜ਼ਬੂਤ ਰਿਸ਼ਤਾ ਚਾਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ-7 ਸਿਖਰ ਸੰਮੇਲਨ ਜੋ ਕੈਨਾਸਕਸ (ਕੈਨੇਡਾ) ਵਿਖੇ ਹੋਇਆ ਸੀ, ਉਸਦਾ ਸੱਦਾ ਪੱਤਰ ਭੇਜ ਕੇ ਕਾਰਨੀ ਨੇ ਇਹ ਦਰਸਾ ਦਿੱਤਾ ਸੀ ਕਿ ਉਹ ਖਾਲਿਸਤਾਨੀ ਧਿਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਮੀਡੀਆ ਦੇ ਦਬਾਅ ਵਿਚ ਆਉਣ ਵਾਲੇ ਨਹੀਂ ਤੇ ਉਨ੍ਹਾਂ ਦੇ ਅਮਲ ਸਿਰਫ ਕੈਨੇਡਾ ਅਤੇ ਕੈਨੇਡੀਅਨ ਲੋਕਾਂ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਹੀ ਅੱਗੇ ਵਧਣਗੇ।

ਇਸ ਦੌਰੇ ਦਾ ਇਕ ਹੋਰ ਅਹਿਮ ਪਹਿਲੂ ਹੈ ਕਿ ਬੀਤੇ ਵਿਚ ਕੋਈ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਜਦੋਂ ਵੀ ਭਾਰਤ ਜਾਂਦਾ ਹੈ ਤਾਂ ਇਸ ਫੇਰੀ ਵਿਚ ਪੰਜਾਬ ਵੀ ਇਕ ਪੜਾਅ ਹੁੰਦਾ ਹੈ, ਚਾਹੇ ਉਹ ਜੋਹਨ ਕ੍ਰਿਸਚਨ ਹੋਣ, ਸਟੀਫਨ ਹਾਰਪਰ ਜਾਂ ਜਸਟਿਨ ਟਰੂਡੋ। ਪਾਲ ਮਾਰਟਿਨ ਤੋਂ ਛੁੱਟ ਸਾਰੇ ਹੀ ਪ੍ਰਧਾਨ ਮੰਤਰੀ ਆਪਣੀ ਭਾਰਤ ਫੇਰੀ ਦੌਰਾਨ ਪੰਜਾਬ ਗਏ ਪਰ ਇਸ ਵਾਰ ਜੋ ਕਾਰਨੀ ਦੀ ਫੇਰੀ ਦੇ ਵੇਰਵੇ ਸਾਹਮਣੇ ਆਏ ਹਨ ਉਨ੍ਹਾਂ ਵਿਚ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਵਿਖੇ ਪੜਾਅ ਨਹੀਂ ਕਰਨਗੇ। ਇਸ ਫੈਸਲੇ ਨੇ ਕੈਨੇਡਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਇਕ ਚਰਚਾ ਛੇੜ ਦਿੱਤੀ ਹੈ। ਜਦੋਂ ਇਸ ਬਾਰੇ ਪ੍ਰਧਾਨ ਮੰਤਰੀ ਦਫਤਰ ਦੇ ਸਟਾਫ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਰਕ ਕਾਰਨੀ ਦੀ ਫੇਰੀ ਇਕਨਾਮਿਕ ਅਤੇ ਰਾਜਨੀਤਿਕ ਮਸਲਿਆਂ ਨੂੰ ਅੱਗੇ ਰੱਖ ਕੇ ਉਲੀਕੀ ਗਈ ਹੈ ਅਤੇ ਸੱਭਿਆਚਾਰਕ ਮਸਲਿਆਂ ਵਿਚ ਤਾਂ ਉਹ ਅਕਸਰ ਕੈਨੇਡਾ ਵਿਖੇ ਵੀ ਸ਼ਿਰਕਤ ਕਰਦੇ ਰਹਿੰਦੇ ਹਨ। ਇਸ ਸਭ ਦੇ ਬਾਵਜੂਦ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਇਸ ਗੱਲ ਨੂੰ ਲੈ ਕੇ ਕੁਝ ਨਿਰਾਸ਼ਾ ਦਿਖਾਈ ਦੇ ਰਹੀ ਹੈ ਪਰ ਅੱਜ ਜਦੋਂ ਪੰਜਾਬ ਅੰਤਰਰਾਸ਼ਟਰੀ ਆਗੂਆਂ ਦੇ ਏਜੰਡੇ ਤੋਂ ਅੱਖੋਂ ਪਰੋਖੇ ਹੋ ਰਿਹਾ ਹੈ ਤਾਂ ਅੱਜ ਸਿੱਖ ਭਾਈਚਾਰੇ ਨੂੰ ਅਤੇ ਪੰਜਾਬੀ ਭਾਈਚਾਰੇ ਨੂੰ ਸਿਰ ਜੋੜ ਕੇ ਇਸ ਦੇ ਉੱਪਰ ਮੰਥਨ ਕਰਨ ਦੀ ਲੋੜ ਹੈ ਕਿ ਪੰਜਾਬ ਦੇ ਹਾਸ਼ੀਏ ’ਤੇ ਜਾਣ ਦਾ ਕਾਰਨ ਕੌਣ ਲੋਕ ਜਾਂ ਕਿਹੜੀ ਧਿਰ ਹੈ।

ਪੰਜਾਬੀ ਭਾਈਚਾਰੇ ਨੇ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਦੌਰਾਨ ਕੈਨੇਡਾ ਵਿਚ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ ਅਤੇ ਸਮਾਜ ਦੇ ਹਰ ਖੇਤਰ ਵਿਚ ਚੰਗਾ ਨਾਮਣਾ ਖੱਟਿਆ ਹੈ। ਪੰਜਾਬੀ ਭਾਈਚਾਰਾ ਰਾਜਨੀਤਕ ਤੌਰ ’ਤੇ ਵੀ ਕੈਨੇਡਾ ਵਿਚ ਬੜਾ ਸਮਰੱਥ ਹੈ ਪਰ ਪਿਛਲੇ ਚਾਰ ਦਹਾਕਿਆਂ ਤੋਂ ਸੰਪਰਦਾਇਕ ਖਾਲਿਸਤਾਨੀ ਧਿਰਾਂ ਵੱਲੋਂ ਚਲਾਈ ਜਾ ਰਹੀ ਨਫਰਤ ਦੀ ਮੁਹਿੰਮ ਪੰਜਾਬ ਅਤੇ ਪੰਜਾਬੀਅਤ ਦੀ ਦੁਸ਼ਮਣ ਬਣ ਕੇ ਸਾਹਮਣੇ ਆਈ ਹੈ। ਜਿੰਨਾ ਨੁਕਸਾਨ ਇਨ੍ਹਾਂ ਵੰਡ ਪਾਊ ਤਾਕਤਾਂ ਨੇ ਪੰਜਾਬ, ਪੰਜਾਬੀਅਤ ਅਤੇ ਕੌਮਾਂਤਰੀ ਪੰਜਾਬੀ ਭਾਈਚਾਰੇ ਦਾ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਤਨਜੀਮ ਜਾਂ ਖਿਆਲ ਨੇ ਕੀਤਾ ਹੋਵੇ।

ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬੀ ਮੂਲ ਦੇ ਕੁਝ ਮੈਂਬਰ ਆਫ ਪਾਰਲੀਮੈਂਟਸ ਜੋ ਖਾਲਿਸਤਾਨੀ ਧਿਰਾਂ ਦੇ ਸਮਰਥਕ ਹਨ ਜਾਂ ਉਨ੍ਹਾਂ ਤੋਂ ਵੋਟਾਂ ਹਾਸਲ ਕਰਨ ਦੇ ਚਾਹਵਾਨ ਹਨ, ਉਨ੍ਹਾਂ ਨੇ ਕਾਰਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਜੀ-7 ਫੇਰੀ ਸੀ, ਚਾਹੇ ਉਹ ਭਾਰਤ ਦੇ ਨਾਲ ਸਿਆਸੀ ਅਤੇ ਸੁਰੱਖਿਆ ਸੰਬੰਧ ਸੁਲਝਾਉਣ ਦੀ ਕੋਈ ਵੀ ਪਹਿਲ ਸੀ। ਗੱਲ ਕੀ ਇਨ੍ਹਾਂ ਲੋਕਾਂ ਨੇ ਹਰੇਕ ਕਦਮ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਸਰਕਾਰ ਨੂੰ ਘੇਰਨ ਅਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੈਨੇਡੀਅਨ ਹਿੱਤਾਂ ਨੂੰ ਛਿੱਕੇ ਟੰਗਦੇ ਹੋਇਆਂ ਇਕ ਖਾਸ ਗਰੁੱਪ ਦੇ ਨਫਰਤੀ ਏਜੰਡੇ ਨੂੰ ਲਾਗੂ ਕਰਨ ਦੀ ਮੰਗ ਸਰਕਾਰਾਂ ਤੋਂ ਸਿੱਧੇ ਢੰਗ ਨਾਲ ਕੀਤੀ ਜਾਣ ਲੱਗੀ, ਜਿਸ ਨਾਲ ਸਾਰਾ ਪੰਜਾਬੀ ਭਾਈਚਾਰਾ ਸ਼ਰਮਸਾਰ ਹੋਇਆ ਅਤੇ ਸਰਕਾਰ ਦੀ ਨਿਗ੍ਹਾ ਵਿਚ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਮਸਲੇ ਵਿਵਾਦਿਤ ਹੋ ਗਏ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਇਨ੍ਹਾਂ ਖਾਲਿਸਤਾਨੀ ਇੰਤਹਾ ਪਸੰਦਾਂ ਨੇ ਵਾਰ-ਵਾਰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਬੀਬੀ ਅਨੀਤਾ ਆਨੰਦ ਦੀ ਤਸਵੀਰ ਨੂੰ ਇੰਦਰਾ ਗਾਂਧੀ ਦੀ ਤਸਵੀਰ ਨਾਲ ਜੋੜ ਕੇ ਉਨ੍ਹਾਂ ਦੇ ਖਿਲਾਫ ਹਿੰਸਾ ਦਰਸਾਈ ਗਈ ਸੀ। ਇਸੇ ਤਰਜ਼ ’ਤੇ ਜਦੋਂ ਫੈਡਰਲ ਇੰਟਰਨੈਸ਼ਨਲ ਟਰੇਡ ਮਨਿਸਟਰ ਮਨਿੰਦਰ ਸਿੱਧੂ ਭਾਰਤ ਨਾਲ ਟਰੇਡ ਡੀਲ ਕਰਨ ਲਈ ਗਏ ਤਾਂ ਓਂਟਾਰੀਓ ਸਿੱਖ ਕੌਂਸਲ ਨੇ ਸਿੱਧੂ ਦਾ ਸਮਾਜਿਕ ਬਾਈਕਾਟ ਕਰਨ ਤੱਕ ਦਾ ਸੱਦਾ ਦੇ ਦਿੱਤਾ ਸੀ। ਕੀ ਅਜਿਹੀਆਂ ਕਾਰਵਾਈਆਂ ਕਿਸੇ ਭਾਈਚਾਰੇ ਨੂੰ ਸੋਭਦੀਆਂ ਹਨ ? ਕਿਉਂ ਚੰਦ ਖਾਲਿਸਤਾਨੀ ਗੁੰਡਿਆਂ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਅਖੌਤੀ ਨੁਮਾਇੰਦਾ ਥਾਪਣ ਦਾ ਕੰਮ ਕੈਨੇਡੀਅਨ ਮੀਡੀਆ ਕਰਦਾ ਆ ਰਿਹਾ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ਦੇ ਨਾਪਾਕ ਕਾਰੇ ਸਾਰੇ ਪੰਜਾਬੀ ਭਾਈਚਾਰੇ ਦੇ ਮੱਥੇ ਮੜੇ ਜਾਂਦੇ ਹਨ, ਇਹ ਵੀ ਇਕ ਸਮਝਣ ਤੇ ਵਿਚਾਰਨ ਦਾ ਵਿਸ਼ਾ ਨਹੀਂ ਹੈ। ਖਾਲਿਸਤਾਨੀ ਵੱਖਵਾਦੀਆਂ ਅਤੇ ਇੰਤਹਾ ਪਸੰਦਾਂ ਦੇ ਕੀਤੇ ਕਾਰਨਾਮਿਆਂ ਦਾ ਮੁੱਲ ਅੱਜ ਸਾਰਾ ਪੰਜਾਬੀ ਭਾਈਚਾਰਾ ਚੁਕਾ ਰਿਹਾ ਹੈ।

ਇਸ ਵਰਤਾਰੇ ਦੇ ਸਿਰ ਚੜ੍ਹਨ ਲਈ ਵੀ ਸਾਡਾ ਭਾਈਚਾਰਾ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਇਹ ਚੰਦ ਟੋਟਰੂ ਸਿੱਖ ਕੌਮ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ ਉਦੋਂ ਅਸੀਂ ਇਸਦਾ ਵਿਰੋਧ ਨਹੀਂ ਕਰਦੇ ਤੇ ਇਸੇ ਚੁੱਪ ਦਾ ਫਾਇਦਾ ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਕਿ ਸਰਕਾਰਾਂ ਤੇ ਹੋਰ ਭਾਈਚਾਰੇ ਸਮਝਦੇ ਹਨ ਕਿ ਸ਼ਾਇਦ ਇਹ ਹੀ ਪੂਰੀ ਕੌਮ ਦੀ ਨੁਮਾਇੰਦਗੀ ਕਰਦੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਖਾਲਿਸਤਾਨ ਕਦੇ ਵੀ ਸਿੱਖਾਂ ਦੀ ਮੰਗ ਨਹੀਂ ਰਿਹਾ।

ਇਨ੍ਹਾਂ ਖਾਸ ਏਜੰਡੇ ਵਾਲੇ ਲੋਕਾਂ ਨੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਭੰਡੀ ਪ੍ਰਚਾਰ ਕਰ ਕੇ ਇਨ੍ਹਾਂ ਸੰਸਥਾਵਾਂ ਦਾ ਅਕਸ ਧੁੰਦਲਾ ਕਰ ਦਿੱਤਾ ਹੈ ਤੇ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕੋਈ ਸੰਸਥਾ ਮੌਜੂਦ ਹੀ ਨਹੀਂ ਹੈ । ਸੋ ਮੁੱਕਦੀ ਗੱਲ ਕਿ ਇਨ੍ਹਾਂ ਨਾਮ- ਨਿਹਾਦ ਖਾਲਿਸਤਾਨੀ ਜਥੇਬੰਦੀਆਂ ਨੇ ਨਫਰਤ ਵਿਚ ਅੰਨੇ ਹੋ ਕੇ ਸਿੱਖਾਂ ਦੇ ਹਿੱਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ ਤੇ ਸਿੱਖਾਂ ਨੂੰ ਸਾਰੀ ਦੁਨੀਆ ਵਿਚ ਨਫਰਤ ਦੇ ਪਾਤਰ ਬਣਾ ਦਿੱਤਾ ਹੈ।

ਅੱਜ ਵੀ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਖਾਲਿਸਤਾਨੀ ਜਥੇਬੰਦੀਆਂ ਅਤੇ ਇਨ੍ਹਾਂ ਦਾ ਸਹਿਯੋਗੀ ਮੀਡੀਆ ਸਿੱਖਾਂ ਦੇ ਲਈ ਨਹੀਂ ਬਲਕਿ ਆਪਣੇ ਨਿੱਜੀ ਹਿੱਤਾਂ ਅਤੇ ਹੋਰ ਜੀਓ ਪੋਲੀਟੀਕਲ ਤਾਕਤਾਂ ਦੇ ਇਸ਼ਾਰੇ ’ਤੇ ਕੰਮ ਕਰਦਾ ਹੈ।

-ਮਨਿੰਦਰ ਸਿੰਘ ਗਿੱਲ
 (ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੀ, ਕੈਨੇਡਾ)


author

Harpreet SIngh

Content Editor

Related News