‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!

Tuesday, Mar 03, 2026 - 05:31 AM (IST)

‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!

ਇਸ ਸਮੇਂ ਵਿਸ਼ਵ ਬੇਹੱਦ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ। ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ ਪਸਰੀ ਹੋਈ ਹੈ। ਕਿਤੇ ਸਿੱਧੀ ਜੰਗ ’ਚ ਮਿਜ਼ਾਈਲ ਹਮਲੇ ਅਤੇ ਏਅਰਸਟ੍ਰਾਈਕ ਕੀਤੀਆਂ ਜਾ ਰਹੀਆਂ ਹਨ ਤਾਂ ਕਿਤੇ ਪ੍ਰਾਕਸੀ-ਵਾਰ ਰਾਹੀਂ ਟਕਰਾਅ ਹੋ ਰਿਹਾ ਹੈ।

ਇਸ ਨੂੰ ਹਾਲ ਹੀ ’ਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਵਿਰੁੱਧ ਸ਼ੁਰੂ ਕੀਤੀ ਗਈ ਭਾਰੀ ਫੌਜੀ ਕਾਰਵਾਈ ਨੇ ਹੋਰ ਵਧਾ ਦਿੱਤਾ ਹੈ। ਹੁਣ ਤੱਕ ਈਰਾਨ ’ਚ ਹੀ ਇਸ ਜੰਗ ਕਾਰਨ 555 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵਿਸ਼ਵ ’ਚ ਜਾਰੀ ਕੁਝ ਹੋਰ ਜੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

* 2014 ਤੋਂ ਜਾਰੀ ‘ਯਮਨ’ ਦੀ ਖਾਨਾਜੰਗੀ ’ਚ ਲੱਖਾਂ ਵਿਅਕਤੀ ਪ੍ਰਭਾਵਿਤ ਅਤੇ ਹਜ਼ਾਰਾਂ ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਹ ਖਾਨਾਜੰਗੀ ਯਮਨ ਦੇ ਸਾਬਕਾ ਅਤੇ ਮੌਜੂਦਾ ਰਾਸ਼ਟਰਪਤੀਆਂ ਦੇ ਵਫ਼ਾਦਾਰ ਧੜਿਆਂ ਵਿਚਾਲੇ ਚੱਲ ਰਹੀ ਹੈ। ‘ਯਮਨ’ ਦੀ ਰਾਜਧਾਨੀ ‘ਸਨਾ’ ਸਥਿਤ ‘ਹੂਤੀ’ ਯੋਧਿਆਂ, ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ‘ਅਲੀ ਅਬਦੁੱਲਾ ਸਾਲੇਹ’ ਦੇ ਵਫ਼ਾਦਾਰ ਯੋਧਿਆਂ ਦਾ ਸਮਰਥਨ ਪ੍ਰਾਪਤ ਹੈ ਅਤੇ ‘ਅਦਨ’ ’ਚ ਸਥਿਤ ‘ਮਨਸੂਰ ਹਾਦੀ’ ਦੀ ਸਰਕਾਰ ਵਿਚਾਲੇ ਇਹ ਜੰਗ ਚੱਲ ਰਹੀ ਹੈ।

*21 ਫਰਵਰੀ, 2026 ਨੂੰ ‘ਹੂਤੀ’ ਫੌਜਾਂ ਵੱਲੋਂ ਰਾਜਧਾਨੀ ਸਨਾ ’ਚ ਹਾਦੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਨਜ਼ਰਬੰਦ ਕਰਨ ਦੇ ਇਕ ਮਹੀਨੇ ਬਾਅਦ ਹੀ ਹਾਦੀ ਉੱਥੋਂ ਭੱਜ ਨਿਕਲਣ ’ਚ ਸਫ਼ਲ ਰਹੇ ਅਤੇ ਅਦਨ ਆ ਗਏ ਅਤੇ ਕਿਹਾ ਕਿ ਹੂਤੀ ਕਬਜ਼ਾ ਗ਼ੈਰ-ਕਾਨੂੰਨੀ ਸੀ ਅਤੇ ਉਹ ਹੁਣ ਵੀ ਯਮਨ ਦੇ ਸੰਵਿਧਾਨਿਕ ਰਾਸ਼ਟਰਪਤੀ ਹਨ।

* ਉਧਰ ਇਥੋਪੀਆ ’ਚ 2020 ’ਚ ਤਤਕਾਲੀ ਪ੍ਰਧਾਨ ਮੰਤਰੀ ‘ਅਬੀ ਅਹਿਮਦ’ ਵੱਲੋਂ ਵਿਰੋਧੀ ਪਾਰਟੀ ਐੱਲ. ਪੀ. ਟੀ. ਐੱਫ. ਦੇ ਵਿਰੁੱਧ ਕੀਤੀ ਗਈ ਫੌਜੀ ਕਾਰਵਾਈ ਕਾਰਨ ਸ਼ੁਰੂ ਹੋਈ ਖਾਨਾਜੰਗੀ ਨਾਲ ਲੱਖਾਂ ਲੋਕ ਉੱਜੜ ਗਏ ਅਤੇ ਸੈਂਕੜੇ ਲੋਕ ਮਾਰੇ ਗਏ। ਹਾਲਾਂਕਿ ਨਵੰਬਰ, 2022 ’ਚ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਝਗੜੇ ਘਟੇ ਹਨ ਪਰ ਤਣਾਅ ਅਜੇ ਬਣਿਆ ਹੋਇਆ ਹੈ।

* ਮਿਆਂਮਾਰ ’ਚ 1 ਫਰਵਰੀ, 2021 ਨੂੰ ਉੱਥੋਂ ਦੇ ਮਿਲਟਰੀ ‘ਜੁੰਟਾ’ ਨੇ ‘ਆਂਗ ਸਾਨ ਸੂ ਕੀ’ ਦੀ ਸਰਕਾਰ ਦਾ ਤਖ਼ਤਾ ਪਲਟ ਕੇ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਇਸ ਦੇ ਤੁਰੰਤ ਬਾਅਦ ਹੀ ‘ਜੁੰਟਾ’ ਕਹਾਉਣ ਵਾਲੇ ਫੌਜੀ ਹਾਕਮਾਂ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਅਤੇ ਇਸ ਨੇ ਇਕ ਭਿਆਨਕ ਖਾਨਾਜੰਗੀ ਦਾ ਰੂਪ ਲੈ ਲਿਆ ਹੈ। ਇਸ ਖ਼ੂਨੀ ਖਾਨਾਜੰਗੀ ’ਚ ਪਿਛਲੇ 5 ਸਾਲਾਂ ਦੌਰਾਨ 73,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

* 24 ਫਰਵਰੀ, 2022 ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਪੰਜਵੇਂ ਸਾਲ ’ਚ ਦਾਖ਼ਲ ਹੋ ਚੁੱਕੀ ਹੈ। ਇਸ ਜੰਗ ’ਚ ਅੰਤਰਰਾਸ਼ਟਰੀ ਅੰਦਾਜ਼ਿਆਂ ਅਨੁਸਾਰ ਦੋਵਾਂ ਧਿਰਾਂ ਦੇ ਫੌਜੀਆਂ ਅਤੇ ਨਾਗਰਿਕਾਂ ਨੂੰ ਮਿਲਾ ਕੇ ਲੱਖਾਂ ਲੋਕਾਂ ਦੀ ਮੌਤ ਅਤੇ ਲੱਖਾਂ ਲੋਕ ਜ਼ਖ਼ਮੀ ਤੇ ਉੱਜੜ ਚੁੱਕੇ ਹਨ।

* 7 ਅਕਤੂਬਰ, 2023 ਨੂੰ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜ਼ਮੀਨ, ਸਿਆਸੀ ਮਲਕੀਅਤ ਅਤੇ ਧਾਰਮਿਕ ਦਾਅਵਿਆਂ ਨਾਲ ਸੰਬੰਧਤ ਦਹਾਕਿਆਂ ਪੁਰਾਣਾ ਵਿਵਾਦ ਹਮਾਸ ਵੱਲੋਂ ਇਜ਼ਰਾਈਲ ’ਤੇ ਵੱਡਾ ਹਮਲਾ ਕੀਤੇ ਜਾਣ ਤੋਂ ਬਾਅਦ ਵੱਧ ਤੇਜ਼ੀ ਨਾਲ ਭੜਕ ਉੱਠਿਆ। ਦੋਵੇਂ ਧਿਰਾਂ ਇਕ-ਦੂਜੇ ਦੀ ਜ਼ਮੀਨ ’ਤੇ ਕਬਜ਼ੇ ਅਤੇ ਇਕ-ਦੂਜੇ ’ਤੇ ਆਪਸੀ ਸੁਰੱਖਿਆ ਖ਼ਤਰੇ ਦੇ ਦੋਸ਼ ਲਗਾਉਂਦੀਅਾਂ ਆ ਰਹੀਅਾਂ ਹਨ। ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ ਇਜ਼ਰਾਈਲੀ ਹਮਲਿਆਂ ਕਾਰਨ ਗਾਜ਼ਾ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ, ਜਿਸ ਦੇ ਮੁੜ ਨਿਰਮਾਣ ’ਚ 20 ਸਾਲ ਤੋਂ ਵੀ ਵੱਧ ਸਮਾਂ ਲੱਗਣ ਦਾ ਅੰਦਾਜ਼ਾ ਹੈ। ਇਸ ਲੜਾਈ ’ਚ ਹਜ਼ਾਰਾਂ ਲੋਕ ਮਾਰੇ ਗਏ ਹਨ।

* ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਰਹੱਦੀ ਝਗੜਾ ਤੇਜ਼ ਹੋਇਆ ਹੈ। ਪਾਕਿਸਤਾਨ ਦਾ ਦੋਸ਼ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਤੋਂ ਅੱਤਵਾਦੀ ਸੰਗਠਨ ਪਾਕਿਸਤਾਨ ’ਚ ਹਮਲੇ ਕਰ ਰਹੇ ਹਨ ਅਤੇ ਇਨ੍ਹਾਂ ਹਮਲਿਆਂ ’ਚ ਕਈ ਪਾਕਿਸਤਾਨੀ ਫੌਜੀ ਮਾਰੇ ਜਾ ਚੁੱਕੇ ਹਨ।

* ਅਫ਼ਰੀਕੀ ਦੇਸ਼ ‘ਸੂਡਾਨ’ ਵੀ ‘ਸੂਡਾਨੀ ਹਥਿਆਰਬੰਦ ਫੌਜਾਂ’ (ਐੱਸ. ਏ. ਐੱਫ.) ਅਤੇ ਅਰਧ-ਫੌਜੀ ‘ਰੈਪਿਡ ਸਪੋਰਟ ਫੋਰਸਿਜ਼’ (ਆਰ. ਐੱਸ. ਐੱਫ.) ਵਿਚਾਲੇ 2023 ਤੋਂ ਜਾਰੀ ਜੰਗ ਕਾਰਨ ਇਤਿਹਾਸ ਦੇ ਸਭ ਤੋਂ ਵੱਧ ਚੁੱਕ-ਥੱਲ ਭਰੇ ਦੌਰ ’ਚੋਂ ਲੰਘ ਰਿਹਾ ਹੈ। ਇਸ ਕਾਰਨ ਇਥੋਂ ਦੀ ਜਨਤਾ ਪੂਰੀ ਤਰ੍ਹਾਂ ਤਬਾਹ ਅਤੇ ਬਰਬਾਦ ਹੋ ਗਈ ਹੈ ਅਤੇ ਉਸ ਦੀਆਂ ਮੁਸੀਬਤਾਂ ਨੂੰ ਗ਼ਰੀਬੀ ਆਦਿ ਨੇ ਹੋਰ ਵੀ ਵਧਾ ਦਿੱਤਾ ਹੈ ਅਤੇ ਲੱਗਭਗ 2 ਲੱਖ 80 ਹਜ਼ਾਰ ਵਿਅਕਤੀ ਆਪਣੇ ਘਰ ਛੱਡ ਕੇ ਦੂਜੀਆਂ ਥਾਵਾਂ ’ਤੇ ਜਾ ਚੁੱਕੇ ਹਨ।

ਉਕਤ ਸਾਰੀਆਂ ਜੰਗਾਂ ਵਿਸ਼ਵ ਪੱਧਰੀ ਸਿਆਸਤ, ਆਰਥਿਕਤਾ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕੁੱਲ ਮਿਲਾ ਕੇ ਅੱਜ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੀ ਸੱਤਾ ਦੀ ਭੁੱਖ ਅਤੇ ਨਿੱਜੀ ਸਵਾਰਥਾਂ ਕਾਰਨ ਦੁਨੀਆ ‘ਬਾਰੂਦ ਦੇ ਢੇਰ’ ’ਤੇ ਬੈਠੀ ਨਜ਼ਰ ਆ ਰਹੀ ਹੈ।

ਇਸ ਲਈ ਜੇਕਰ ਹੁਣ ਵੀ ਉਨ੍ਹਾਂ ਨੇ ਸਬਕ ਨਾ ਸਿੱਖਿਆ ਤਾਂ ਅੱਜਕਲ ਦੇ ਹਥਿਆਰ ਪਹਿਲਾਂ ਨਾਲੋਂ ਬਿਹਤਰ ਹੋਣ ਕਾਰਨ ਤੀਜੀ ਵਿਸ਼ਵ ਜੰਗ ਦੀ ਸਥਿਤੀ ਵਿਚ ਨੁਕਸਾਨ ਪਿਛਲੀਆਂ ਦੋ ਵਿਸ਼ਵ ਜੰਗਾਂ ਵਿਚ ਹੋਏ ਨੁਕਸਾਨ ਨਾਲੋਂ ਕਿਤੇ ਵੱਧ ਹੋਵੇਗਾ।

—ਵਿਜੇ ਕੁਮਾਰ


author

Sandeep Kumar

Content Editor

Related News