ਜਰਮਨੀ ਤੇ ਈਰਾਨ ਦੀਆਂ ਨਜ਼ਰਾਂ ਨਾਕਆਊਟ ''ਚ ਜਗ੍ਹਾ ਪੱਕੀ ਕਰਨ ''ਤੇ

10/10/2017 5:05:14 AM

ਮਡਗਾਂਵ —ਜਰਮਨੀ ਤੇ ਈਰਾਨ ਦੀ ਟੀਮ ਫੀਫਾ ਅੰਡਰ-17 ਵਿਸ਼ਵ ਕੱਪ ਦੇ ਗਰੁੱਪ-ਸੀ ਵਿਚ ਆਪਣੇ-ਆਪਣੇ ਪਹਿਲੇ ਮੈਚ ਜਿੱਤਣ ਤੋਂ ਬਾਅਦ ਇਥੋਂ ਦੇ ਨਹਿਰੂ ਸਟੇਡੀਅਮ ਵਿਚ ਕੱਲ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਦਾ ਟੀਚਾ ਨਾਕਆਊਟ 'ਚ ਜਗ੍ਹਾ ਬਣਾਉਣ 'ਤੇ ਹੋਵੇਗਾ।
ਅੰਡਰ-17 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਬੀਤੇ ਸ਼ਨੀਵਾਰ ਜਰਮਨੀ ਨੇ ਕੋਸਟਾਰਿਕਾ ਨੂੰ 2-1 ਨਾਲ ਤੇ ਈਰਾਨ ਨੇ ਗਿਨੀ ਨੂੰ 3-1 ਨਾਲ ਹਰਾਇਆ ਸੀ। ਹਾਲਾਂਕਿ ਜਰਮਨੀ ਦੀ ਸ਼ੁਰੂਆਤ ਉੁਮੀਦਾਂ ਮੁਤਾਬਕ ਨਹੀਂ ਰਹੀ ਤੇ ਮੈਚ ਦੇ ਪਹਿਲੇ ਹਾਫ ਵਿਚ ਸਟਾਰ ਸਟ੍ਰਾਈਕਰ ਜਾਨ-ਫਿਏਟੇ ਅਰਪ ਨੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ ਪਰ ਦੂਜੇ ਹਾਫ ਵਿਚ ਕੋਸਟਾਰਿਕਾ ਦੇ ਆਂਦ੍ਰੇਸ ਗੋਮੇਜ਼ ਨੇ ਜਵਾਬੀ ਗੋਲ ਕਰ ਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਆਖਰੀ ਪਲਾਂ ਵਿਚ ਜਦੋਂ ਲੱਗ ਰਿਹਾ ਸੀ ਕਿ ਮੈਚ ਬਰਾਬਰੀ 'ਤੇ ਛੁੱਟੇਗਾ, ਉਦੋਂ ਜਰਮਨੀ ਦੇ ਬਦਲਵੇਂ ਖਿਡਾਰੀ ਨੋਆਹ ਅਵੁਕੂ ਨੇ ਗੋਲ ਕਰ ਕੇ ਟੀਮ ਨੂੰ ਮੈਚ ਦੇ ਪੂਰੇ ਅੰਕ ਦਿਵਾ ਦਿੱਤੇ।
ਦੂਜੇ ਪਾਸੇ ਈਰਾਨ ਨੂੰ ਗਿਨੀ ਵਿਰੁੱਧ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਤੇ ਟੀਮ ਨੇ ਮੈਚ ਵਿਚ ਮਿਲੇ ਮੌਕੇ ਦਾ ਪੂਰਾ ਫਾਇਦਾ ਚੁੱਕਦਿਆਂ 3-1 ਨਾਲ ਜਿੱਤ ਦਰਜ ਕੀਤੀ। 
ਕੱਲ ਦੇ ਮੈਚ ਵਿਚ ਈਰਾਨ ਦੀ ਮਜ਼ਬੂਤ ਰੱਖਿਆ ਲਾਈਨ ਸਾਹਮਣੇ ਨਿਕੋਲਸ ਕਯੇਨ, ਅਵੁਕੂ ਤੇ ਜਾਨ ਯੇਬੋ ਆਹ ਨਾਲ ਅਰਪ ਜਰਮਨੀ ਦੇ ਹਮਲੇ ਦੀ ਅਗਵਾਈ ਕਰੇਗਾ।
ਜਰਮਨੀ ਦੇ ਕੋਚ ਕ੍ਰਿਸਟੀਅਨ ਵੁਸਕੂ ਨੇ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਦੀ ਸ਼ੁਰੂਆਤ ਚਾਹੀਦੀ ਸੀ, ਉਹੋ ਜਿਹੀ ਨਹੀਂ ਮਿਲੀ। ਕੋਸਟਾਰਿਕਾ ਨਾਲ ਪਹਿਲੇ ਮੈਚ ਵਿਚ ਸਾਡੇ ਖਿਡਾਰੀ ਥੋੜ੍ਹਾ ਦਬਾਅ ਵਿਚ ਸਨ ਪਰ ਬਾਅਦ ਵਿਚ ਉਹ ਲੈਅ ਵਿਚ ਆਏ ਤੇ ਕੋਸਟਾਰਿਕਾ ਨੂੰ ਹਰਾਇਆ। ਇਨ੍ਹਾਂ ਖਿਡਾਰੀਆਂ ਵਿਚ ਹੋਰ ਚੰਗਾ ਖੇਡਣ ਦੀ ਸਮਰੱਥਾ ਹੈ ਤੇ ਈਰਾਨ ਦੇ ਨਾਲ ਮੈਚ ਵਿਚ ਮੈਂ ਉਸ ਨੂੰ ਪੂਰੇ ਦਮਖਮ ਨਾਲ ਖੇਡਦੇ ਦੇਖਣਾ ਚਾਹੁੰਦਾ ਹਾਂ ਕਿਉਂਕਿ ਉਹ ਰਣਨੀਤਕ ਖੇਡ ਖੇਡਦੇ ਹਨ ਤੇ ਉਨ੍ਹਾਂ ਦੀ ਰੱਖਿਆ ਲਾਈਨ ਮਜ਼ਬੂਤ ਹੈ। ਈਰਾਨੀ ਟੀਮ ਪਿਛਲੇ ਮੈਚ ਦੇ ਪ੍ਰਦਰਸ਼ਨ ਨੂੰ ਇਕ ਵਾਰ ਫਿਰ ਦੁਹਰਾਉਣਾ ਚਾਹੇਗੀ। 


Related News