ਈਰਾਨ ਦੇ ਸਰਵਉੱਚ ਨੇਤਾ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ''ਚ ਭਾਰੀ ਗਿਣਤੀ ''ਚ ਵੋਟਿੰਗ ਦੀ ਕੀਤੀ ਅਪੀਲ
Tuesday, Jun 25, 2024 - 06:03 PM (IST)
ਦੁਬਈ (ਏਜੰਸੀ)- ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੇ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ 'ਦੁਸ਼ਮਣ 'ਤੇ ਕਾਬੂ ਪਾਉਣ' ਲਈ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਉਨ੍ਹਾਂ ਨੇਤਾਵਾਂ ਦੀ ਨਿੰਦਾ ਕੀਤੀ, ਜਿਨ੍ਹਾਂ ਦਾ ਮੰਨਣਾ ਹੈ ਕਿ ਹਰ ਚੰਗੀ ਚੀਜ਼ ਅਮਰੀਕਾ ਤੋਂ ਆਉਂਦੀ ਹੈ। ਖਾਮੇਨੇਈ ਨੇ ਕਿਸੇ ਵਿਸ਼ੇਸ਼ ਉਮੀਦਵਾਰ ਦਾ ਨਾਂ ਲਏ ਬਿਨਾਂ ਇਹ ਟਿੱਪਣੀ ਕੀਤੀ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਬਿਆਨ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਇਕਮਾਤਰ ਸੁਧਾਰਵਾਦੀ ਉਮੀਦਵਾਰ ਅਤੇ ਦਿਲ ਦੇ ਸਰਜਨ ਮਸੂਦ ਪੇਜੇਸ਼ਕੀਅਨ (69) ਨੂੰ ਨਿਸ਼ਾਨਾ ਬਣਾ ਕੇ ਦਿੱਤਾ ਗਿਆ। ਪੇਜੇਸ਼ਕੀਅਨ ਨੇ ਆਪਣੇ ਹਾਲੀਆ ਭਾਸ਼ਣਾਂ 'ਚ ਈਰਾਨ ਤੋਂ 2015 'ਚ ਹੋਏ ਪਰਮਾਣੂ ਸਮਝੌਤੇ 'ਤੇ ਆਉਣ ਅਤੇ ਪੱਛਮ ਤੱਕ ਆਪਣੀ ਪਹੁੰਚ ਵਧਾਉਣ ਦੀ ਅਪੀਲ ਕੀਤੀ ਸੀ।
ਖਾਮੇਨੇਈ ਨੇ ਕਿਹਾ,"ਕੋਈ ਵੀ ਜੋ ਕ੍ਰਾਂਤੀ ਜਾਂ ਇਸਲਾਮੀ ਪ੍ਰਣਾਲੀ ਦਾ ਥੋੜ੍ਹਾ ਜਿਹਾ ਵੀ ਵਿਰੋਧ ਕਰਦਾ ਹੈ, ਉਹ ਤੁਹਾਡੇ ਲਈ ਲਾਭਦਾਇਕ ਨਹੀਂ ਹੈ। ਉਹ ਤੁਹਾਡਾ ਚੰਗਾ ਸਹਿਯੋਗੀ ਸਾਬਤ ਨਹੀਂ ਹੋਵੇਗਾ।'' ਖਾਮੇਨੇਈ ਨੇ ਮੰਗਲਵਾਰ ਨੂੰ ਸ਼ੀਆ ਭਾਈਚਾਰੇ ਦੇ ਤਿਉਹਾਰ ਈਦ ਅਲ-ਗ਼ਦੀਰ ਦੇ ਮੌਕੇ 'ਤੇ ਦਿੱਤੇ ਭਾਸ਼ਣ 'ਚ ਇਹ ਟਿੱਪਣੀਆਂ ਕੀਤੀਆਂ, ਜਿਸ ਤੋਂ ਬਾਅਦ ਲੋਕਾਂ ਨੇ 'ਅਮਰੀਕਾ ਮੁਰਦਾਬਾਦ' ਅਤੇ 'ਇਜ਼ਰਾਈਲ ਮੁਰਦਾਬਾਦ' ਦੇ ਨਾਅਰੇ ਲਗਾਏ। ਖਾਮੇਨੇਈ ਦੇ ਸਮਰਥਕ ਅਤੇ ਈਰਾਨ ਦੇ ਕੱਟੜਪੰਥੀ ਰਾਸ਼ਟਰਪਤੀ ਇਬਰਾਹਿਮ ਰਈਸੀ ਮਈ 'ਚ ਹੋਏ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਸਨ, ਜਿਸ ਕਾਰਨ ਦੇਸ਼ 'ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਕਰਵਾਉਣਾ ਜ਼ਰੂਰੀ ਹੋ ਗਿਆ। ਇਸ ਦੀ ਸ਼ੁਰੂਆਤ 'ਚ ਦੇਸ਼ 'ਚ ਹੋਈਆਂ ਸੰਸਦੀ ਚੋਣਾਂ 'ਚ ਘੱਟ ਤੋਂ ਘੱਟ ਵੋਟਿੰਗ ਹੋਈ ਸੀ। ਈਰਾਨ ਪੱਛਮੀ ਦੇਸ਼ਾਂ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e