T20 WC ’ਚ ਉਮੀਦ ਜਿਉਂਦੀ ਰੱਖਣ ਲਈ ਪਾਕਿ ਦੀਆਂ ਨਜ਼ਰਾਂ ਕੈਨੇਡਾ ਖਿਲਾਫ ਵੱਡੀ ਜਿੱਤ ’ਤੇ
Tuesday, Jun 11, 2024 - 02:02 PM (IST)
ਨਿਊਯਾਰਕ, (ਭਾਸ਼ਾ)- ਅਮਰੀਕਾ ਤੋਂ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਾਅਦ ਭਾਰਤ ਦੇ ਹੱਥੋਂ ਹਾਰ ਨਾਲ ਪ੍ਰੇਸ਼ਾਨ ਪਾਕਿਸਤਾਨੀ ਟੀਮ ਮੰਗਲਵਾਰ ਨੂੰ ਇਥੇ ਟੀ-20 ਵਿਸ਼ਵ ਕੱਪ ’ਚ ਗਰੁੱਪ ਪੜਾਅ ਦੇ ਮੈਚ ’ਚ ਕੈਨੇਡਾ ਖਿਲਾਫ ਮੁਕਾਬਲੇ ’ਚ ਵੱਡੀ ਜਿੱਤ ਦਰਜ ਕਰਨੀ ਚਾਹੇਗੀ ਕਿਉਂਕਿ ਉਸ ਦੇ ਕੋਲ ਖੇਡਣ ਲਈ ਜ਼ਿਆਦਾ ਕੁਝ ਨਹੀਂ ਬਚਿਆ ਹੈ ਪਰ ਗੁਆਉਣ ਲਈ ਸਭ ਕੁੱਝ ਹੈ।
ਗਰੁੱਪ-ਏ ਦੇ ਸ਼ੁਰੂਆਤੀ ਮੈਚ ’ਚ ਸਹਿ-ਮੇਜ਼ਬਾਨ ਅਮਰੀਕਾ ਕੋਲੋਂ ਸੁਪਰ ਓਵਰ ’ਚ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਐਤਵਾਰ ਮੁੱਖ ਵਿਰੋਧੀ ਭਾਰਤ ਕੋਲੋਂ ਘੱਟ ਸਕੋਰ ਵਾਲੇ ਮੁਕਾਬਲੇ ’ਚ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦਾ ਹੁਣ ਸੁਪਰ 8 ਵਿਚ ਕੁਆਲੀਫਾਈ ਕਰਨ ਦਾ ਮੌਕਾ ਕੈਨੇਡਾ ਅਤੇ ਆਇਰਲੈਂਡ ਖਿਲਾਫ ਵੱਡੀ ਜਿੱਤ ’ਤੇ ਨਿਰਭਰ ਕਰੇਗਾ। ਇਸ ਦੇ ਲਈ ਉਸ ਨੂੰ ਉਮੀਦ ਕਰਨੀ ਹੋਵੇਗੀ ਕਿ ਅਮਰੀਕੀ ਟੀਮ ਭਾਰਤ ਅਤੇ ਆਇਰਲੈਂਡ ਖਿਲਾਫ ਮੁਕਾਬਲਿਆਂ ’ਚ ਬੁਰੀ ਤਰ੍ਹਾਂ ਹਾਰ ਜਾਵੇ। ਇਸ ਹਾਲਾਤ ’ਚ ਦੋਨੋਂ ਟੀਮਾਂ ਦੇ 4-4 ਅੰਕ ਹੋਣਗੇ ਅਤੇ ਫੈਸਲਾ ਬਿਹਤਰ ਨੈੱਟ ਰਨ ਰੇਟ ਨਾਲ ਹੋਵੇਗਾ। ਪਾਕਿਸਤਾਨ ਦੀ ਟੀਮ ਇਸ ਤਰ੍ਹਾਂ ਅੰਕੜੇ ਆਪਣੇ ਪੱਖ ’ਚ ਰਹਿਣ ਦੀ ਬਸ ਦੁਆ ਹੀ ਕਰ ਸਕਦੀ ਹੈ। ਅਮਰੀਕਾ ਦਾ ਨੈੱਟ ਰਨ ਰੇਟ 2 ਜਿੱਤਾਂ ਤੋਂ ਬਾਅਦ 0.626 ਹੈ ਅਤੇ ਆਇਰਲੈਂਡ ਖਿਲਾਫ ਜਿੱਤ ਉਸ ਦੇ ਲਈ ਕਾਫੀ ਹੋਵੇਗੀ। ਉੱਥੇ ਹੀ ਪਾਕਿਸਤਾਨ ਦਾ ਨੈੱਟ ਰਨ ਰੇਟ -0.150 ਹੈ, ਜੋ ਨਿਰਾਸ਼ਾਜਨਕ ਹੈ, ਜਿਸ ਨਾਲ ਉਸ ਨੂੰ ਜਿੱਤ ਨਹੀਂ, ਬਲਕਿ ਵੱਡੇ ਅੰਤਰ ਨਾਲ ਜਿੱਤ ਦੀ ਜ਼ਰੂਰਤ ਹੋਵੇਗੀ।
ਬਾਬਰ ਆਜ਼ਮ ਦੀ ਕਪਤਾਨੀ ’ਚ ਵੀ ਕੋਈ ਸਪੱਸ਼ਟਾ ਨਹੀਂ ਦਿਸਦੀ। ਟੀਮ ’ਚ 2 ਗਰੁੱਪ ਹਨ, ਜਿਸ ’ਚ ਇਕ ਕਪਤਾਨ ਦੀ ਅਗਵਾਈ ਹੇਠ ਉਸ ਦੇ ਕਰੀਬੀ ਮਿੱਤਰ ਮੁਹੰਮਦ ਰਿਜ਼ਵਾਨ ਅਤੇ ਸ਼ਾਦਾਬ ਖਾਨ ਹਨ, ਜਦਕਿ ਦੂਸਰੇ ’ਚ ਹਾਲ ਹੀ ਵਿਚ ਕਪਤਾਨੀ ਤੋਂ ਹਟਾਇਆ ਗਿਆ ਸ਼ਾਹੀਨ ਸ਼ਾਹ ਅਫਰੀਦੀ ਸ਼ਾਮਿਲ ਹੈ। ਅਜੇ ਤੱਕ ਦੋਨੋਂ ਮੈਚਾਂ ’ਚ ਪਾਕਿਸਤਾਨ ਲਈ ਖੇਡ ਦੇ ਕਿਸੇ ਵੀ ਵਿਭਾਗ ’ਚ ਦਮ ਨਹੀਂ ਦਿਖਾਇਆ। ਜੇਕਰ ਉਨ੍ਹਾਂ ਨੇ ਥੋੜ੍ਹੀ ਬਹੁਤ ਉਮੀਦ ਰੱਖਣੀ ਹੈ ਤਾਂ ਮਿਲ ਕੇ ਯਤਨ ਕਰਨੇ ਹੋਣਗੇ। ਬਾਬਰ ਅਤੇ ਸ਼ਾਦਾਬ ਖਾਨ ਦੀ ਬਦੌਲਤ ਪਾਕਿਸਤਾਨ ਨੇ ਅਮਰੀਕਾ ਖਿਲਾਫ 7 ਵਿਕਟਾਂ ’ਤੇ 159 ਦੌੜਾਂ ਬਣਾਈਆਂ ਸਨ ਪਰ ਇਸ ਟੀਚੇ ਦਾ ਬਚਾਅ ਨਹੀਂ ਕਰ ਸਕੇ ਅਤੇ ਸੁਪਰ ਓਵਰ ’ਚ ਹਾਰ ਗਏ। ਉੱਥੇ ਹੀ ਭਾਰਤ ਖਿਲਾਫ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਅਤੇ 50 ਡਾਟ ਗੇਂਦਾਂ ਖੇਡ ਕੇ 7 ਵਿਕਟਾਂ ’ਤੇ ਸਿਰਫ 113 ਦੌੜਾਂ ਹੀ ਬਣਾ ਸਕੇ।
ਅਗਲੇ ਆਉਣ ਵਾਲੇ ਮੁਕਾਬਲਿਆਂ ’ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਚਿੰਤਾ ਉਸ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਹੈ, ਜਿਸ ’ਚ ਫਖਰ ਜਮਾਂ, ਇਮਾਦ ਵਸੀਮ, ਸ਼ਾਦਾਬ ਖਾਨ ਅਤੇ ਇਫਤਿਖਾਰ ਅਹਿਮਦ ਨੇ ਭਾਰਤ ਖਿਲਾਫ ਢਿੱਲੀ ਸ਼ਾਟ ਖੇਡ ਕੇ ਆਪਣੀ ਪ੍ਰੇਸ਼ਾਨੀ ਵਧਾਈ। ਇਸ ਮੈਚ ’ਚ ਮੁਹੰਮਦ ਰਿਜ਼ਵਾਨ ਨੇ 44 ਗੇਂਦਾਂ ਖੇਡ ਕੇ 31 ਦੌੜਾਂ ਬਣਾਈਆਂ, ਜਦਕਿ ਵਸੀਮ ਨੇ 15 ਦੌੜਾਂ ਬਣਾਉਣ ਲਈ 23 ਗੇਂਦਾਂ ਖੇਡੀਆਂ।
ਐਤਵਾਰ ਪਾਕਿਸਤਾਨ ਲਈ ਚੰਗੀ ਚੀਜ਼ ਉਸ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਰਿਹਾ, ਜਿਸ ’ਚ ਨਸੀਮ ਸ਼ਾਹ ਨੇ 21 ਦੌੜਾਂ ਦੇ ਕੇ ਤਿੰਨ, ਜਦਕਿ ਮੁਹੰਮਦ ਆਮਿਰ ਨੇ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ ਪਰ ਬਚੇ ਹੋਏ 2 ਮੈਚਾਂ ’ਚ ਉਸ ਦੇ ਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ।