ਪਟਿਆਲਾ ਲੋਕ ਸਭਾ ਸੀਟ ''ਤੇ ਅੰਕੜਿਆਂ ਦੀ ਖੇਡ ’ਚ ਉਲਝੇ ਮਾਹਿਰ, ਨਤੀਜਿਆਂ ''ਤੇ ਸਭ ਦੀਆਂ ਨਜ਼ਰਾਂ

Monday, Jun 03, 2024 - 12:57 PM (IST)

ਪਟਿਆਲਾ ਲੋਕ ਸਭਾ ਸੀਟ ''ਤੇ ਅੰਕੜਿਆਂ ਦੀ ਖੇਡ ’ਚ ਉਲਝੇ ਮਾਹਿਰ, ਨਤੀਜਿਆਂ ''ਤੇ ਸਭ ਦੀਆਂ ਨਜ਼ਰਾਂ

ਪਟਿਆਲਾ/ਸਨੌਰ (ਮਨਦੀਪ ਜੋਸਨ) : ਪਟਿਆਲਾ ਲੋਕ ਸਭਾ ਸੀਟ ’ਤੇ 63.63 ਫੀਸਦੀ ਵੋਟਿੰਗ ਹੋਣ ਤੋਂ ਬਾਅਦ ਸਖ਼ਤ ਟੱਕਰ ’ਚ ਜਿੱਤਣ ਦਾ ਦਾਅਵਾ ਕਰਨ ਵਾਲੇ 4 ਮਹਾਰਥੀ ਅਤੇ ਰਾਜਸੀ ਮਾਹਿਰ ਇਸ ਸਮੇਂ ਪੂਰੀ ਤਰ੍ਹਾਂ ਅੰਕੜਿਆਂ ਦੀ ਖੇਡ ’ਚ ਉਲਝੇ ਹੋਏ ਹਨ। ਹਾਲਾਂਕਿ ਪਟਿਆਲਾ ਸੀਟ ’ਤੇ ਪਹਿਲਾਂ-ਪਹਿਲਾਂ ਇਸ ਤਰ੍ਹਾਂ ਲੱਗਦਾ ਸੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਪ੍ਰਮੁੱਖ ਟੱਕਰ ਹੈ ਪਰ ਪਿਛਲੇ ਕੁਝ ਦਿਨਾਂ ਨੇ ਸਥਿਤੀ ਨੂੰ ਬਦਲ ਦਿੱਤਾ। ਵੋਟਿੰਗ ਵਾਲੇ ਦਿਨ ਸ਼ਹਿਰੀ ਖੇਤਰ ’ਚੋਂ ਭਾਜਪਾ ਨੂੰ ਦਿਲ ਖੋਲ੍ਹ ਕੇ ਪਈਆਂ ਵੋਟਾਂ ਅਤੇ ਅਕਾਲੀ ਦਲ ਨੂੰ ਪੇਂਡੂ ਖੇਤਰ ਦੀ ਪਈ ਵੋਟ ਨੇ ਚਾਰੇ ਮਹਾਰਥੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਿਸ ਦੀ ਜਿੱਤ ਦੀ ਪਿਟਾਰੀ ਖੁੱਲ੍ਹੇਗੀ। ਹਾਲਾਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਪੱਸ਼ਟ ਅਤੇ ਵੱਡੀ ਜਿੱਤ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ, ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ, ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਅਤੇ ਅਕਾਲੀ ਦਲ ਦੇ ਉਮੀਦਵਾਰ ਐੱਨ. ਕੇ. ਸ਼ਰਮਾ ਸਾਰੇ ਹੀ ਜਿੱਤ ਲਈ ਪੂਰੀ ਤਰ੍ਹਾਂ ਆਸਵੰਦ ਹਨ ਪਰ ਜਿੱਤ ਤਾਂ ਕਿਸੇ ਇਕ ਉਮੀਦਵਾਰ ਦੀ ਹੋਣੀ ਹੈ। ਕੁਝ ਕੁ ਰਾਜਸੀ ਹਲਕੇ ਇਹ ਕਹਿ ਰਹੇ ਹਨ ਕਿ ਇਸ ਵਾਰ ਜਿੱਤ 2014 ਵਾਂਗ ਹੋਵੇਗੀ। 2014 ’ਚ ਡਾ. ਧਰਮਵੀਰ ਗਾਂਧੀ ਸਿਰਫ਼ 20 ਹਜ਼ਾਰ ਵੋਟਾਂ ਦੇ ਮਾਰਜ਼ਨ ਨਾਲ ਪ੍ਰਨੀਤ ਕੌਰ ਤੋਂ ਜਿੱਤੇ ਸਨ। ਸ਼ਹਿਰੀ ਖੇਤਰਾਂ ਦੀ ਵੋਟ ਨੇ ਸਭ ਗਿਣਤੀਆਂ-ਮਿਣਤੀਆਂ ਉਲਝਾ ਦਿੱਤੀਆਂ ਹਨ। ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਵੱਡਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀ ਸ਼ਹਿਰੀ ਖੇਤਰ ਦੀ ਵੋਟ ਬਹੁਤ ਜ਼ਿਆਦਾ ਪੋਲ ਹੋਈ ਹੈ ਪਰ ਪੋਲਿੰਗ ਬੂਥਾਂ ਤੋਂ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਹਿਰੀ ਵੋਟ ਨੇ ਮੋਦੀ ਦੀ ਜੈ ਜੈ ਕਾਰ ਕੀਤੀ ਹੈ। ਦੂਸਰੇ ਪਾਸੇ ਆਏ ਵੱਖ-ਵੱਖ ਸਰਵੇਖਣਾਂ ਨੇ ਵੀ ਪੰਜਾਬ ਅੰਦਰ 2 ਤੋਂ 3 ਸੀਟਾਂ ਭਾਜਪਾ ਨੂੰ ਦੇ ਦਿੱਤੀਆਂ ਹਨ, ਜਿਸ ਕਾਰਨ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਨਾਂ ਹੋਰ ਤੇਜ਼ ਹੋ ਗਈਆਂ ਹਨ। ਹਾਲਾਂਕਿ 4 ਜੂਨ ਨੂੰ ਸਵੇਰੇ 8 ਵਜੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਨਤੀਜੇ ਆਉਣ ’ਚ ਸਿਰਫ਼ ਕੁਝ ਕੁ ਘੰਟੇ ਬਾਕੀ ਬਚੇ ਹਨ ਪਰ ਫਿਰ ਵੀ ਲਗਾਤਾਰ ਫੋਨਾਂ ਦੀਆਂ ਵੱਜ ਰਹੀਆਂ ਘੰਟੀਆਂ ਕੌਣ ਜਿੱਤੇਗਾ, ਕੌਣ ਹਾਰੇਗਾ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਹਰ ਆਦਮੀ ਸਿਆਸਤ ’ਤੇ ਚਰਚਾ ਕਰ ਰਿਹਾ ਹੈ। ਅੰਕੜਿਆਂ ਨੂੰ ਆਪਣੇ ਅਨੁਸਾਰ ਜੋੜ ਰਿਹਾ ਹੈ, ਜਿਸ ਕਾਰਨ ਗਣਿਤ ਉਲਝਦਾ ਜਾ ਰਿਹਾ ਹੈ। ਹੁਣ 4 ਜੂਨ ਹੀ ਇਹ ਦੱਸੇਗਾ ਕਿ ਜਿੱਤ ਦਾ ਝੰਡਾ ਕਿੱਸਦੇ ਸਿਰ ਸੱਜੇਗਾ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਨੇ ਸਾਂਝੀ ਕੀਤੀ ਵਿਸ਼ੇਸ਼ ਜਾਣਕਾਰੀ

ਲਗਭਗ 3.25 ਵੋਟਾਂ ਲੈਣ ਵਾਲਾ ਉਮੀਦਵਾਰ ਕਰੇਗਾ ਜਿੱਤ ਹਾਸਲ

ਲੋਕ ਸਭਾ ਚੋਣ 2024 ਪਿਛਲੀਆਂ ਚੋਣਾਂ ਨਾਲੋਂ ਇਸ ਵਾਰ ਵੱਖਰੀ ਨਜ਼ਰ ਆ ਰਹੀ ਹੈ। 2009 ਤੱਕ ਦੋ ਪ੍ਰਮੁੱਖ ਪਾਰਟੀਆਂ ’ਚ ਹੀ ਮੁਕਾਬਲਾ ਹੁੰਦਾ ਰਿਹਾ ਹੈ ਪਰ 2014 ਵਿਚ 3 ਪ੍ਰਮੁੱਖ ਪਾਰਟੀਆਂ ਵਿਚਕਾਰ ਮੁਕਾਬਲਾ ਹੋਇਆ ਸੀ ਅਤੇ 2019 ’ਚ ਵੀ ਸਥਿਤੀ ਇਹੋ ਸੀ ਪਰ 2024 ’ਚ ਹੁਣ 4 ਪ੍ਰਮੁੱਖ ਪਾਰਟੀਆਂ ਨੇ ਚੋਣ ਲੜੀ ਹੈ। ਇਥੇ ਕੁੱਲ 18 ਲੱਖ 6 ਹਜ਼ਾਰ 424 ਵੋਟਾਂ ’ਚੋਂ 11 ਲੱਖ 49 ਹਜ਼ਾਰ 417 ਵੋਟਾਂ ਪੋਲ ਹੋਈਆਂ ਹਨ। ਜਿਸ ਦੇ ਚਲਦਿਆਂ ਸਵਾ 3 ਲੱਖ ਦੇ ਲਗਭਗ ਦਾ ਅੰਕੜਾ ਛੂਹਣ ਵਾਲਾ ਉਮੀਦਵਾਰ ਜਿੱਤ ਜਾਵੇਗਾ। 2014 ਵਿਚ ਵੀ ਡਾ. ਧਰਮਵੀਰ ਗਾਂਧੀ 3 ਲੱਖ 65 ਹਜ਼ਾਰ ਵੋਟਾਂ ਲੈ ਕੇ ਲਗਭਗ 20 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਉਸ ਸਮੇਂ ਤਿੰਨੋਂ ਉਮੀਦਵਾਰਾਂ ਨੂੰ 3 ਲੱਖ 65 ਹਜ਼ਾਰ, 3 ਲੱਖ 44 ਹਜ਼ਾਰ ਅਤੇ 3 ਲੱਖ 40 ਹਜ਼ਾਰ ਵੋਟਾਂ ਪਈਆਂ ਸਨ। ਇਸ ਵਾਰ ਵੀ ਇਸੇ ਤਰ੍ਹਾਂ ਦੀ ਸਥਿਤੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਮੁਕਤਸਰ, ਬੱਸ ਸਟੈਂਡ 'ਤੇ ਭਰੇ ਬਾਜ਼ਾਰ 'ਚ ਨੌਜਵਾਨ ਦਾ ਕਤਲ

‘ਆਪ’ ਲਈ ਵੱਡੀ ਪ੍ਰੀਖਿਆ ਦੀ ਘੜੀ, ਸਮੁੱਚੇ ਵਿਧਾਇਕਾਂ ਦੀ ਸਾਖ ਦਾਅ ’ਤੇ

ਲਗਭਗ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਪਟਿਆਲਾ ਲੋਕ ਸਭਾ ਅੰਦਰ ਪੈਂਦੇ 9 ਹਲਕਿਆਂ ’ਚ ਇਸ ਵਾਰ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹੁਣ ਇਕ ਜੂਨ 2024 ਨੂੰ ਵੋਟਿੰਗ ਤੋਂ ਬਾਅਦ ਸਮੁੱਚੇ ਵਿਧਾਇਕਾਂ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਲੋਕ ਸਭਾ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ’ਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ 6 ਲੱਖ 34 ਹਜ਼ਾਰ 960 ਵੋਟਾਂ ਪਈਆਂ ਸਨ। ਇਸ ਵਾਰ ਲੋਕ ਸਭਾ ਚੋਣਾਂ ’ਚ ਸਿਰਫ ਸਵਾ 3 ਲੱਖ ਵੋਟ ਲੈਣ ਵਾਲਾ ਉਮੀਦਵਾਰ ਜੇਤੂ ਹੋ ਜਾਵੇਗਾ। ਹੁਣ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਆਪਣਾ ਇਹ ਵੋਟ ਬੈਂਕ ਕਾਇਮ ਰੱਖ ਪਾਵੇਗੀ। 2022 ਦੇ ਅੰਕੜਿਆਂ ਅਨੁਸਾਰ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕਾ ਤੋਂ ਡਾ. ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਚੋਣ ਲੜ ਰਹੇ ਹਨ, ਨੂੰ 77155 ਵੋਟਾਂ ਪਈਆਂ ਸਨ, ਜਦੋਂ ਕਿ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਨੂੰ 48104 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਰਾਜਪੁਰਾ ਦੇ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ 54839 ਵੋਟਾਂ ਪਈਆਂ ਸਨ। ਸ਼ੁਤਰਾਣਾ ਹਲਕਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ 81751 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਨਾਭਾ ਹਲਕਾ ਦੇ ਵਿਧਾਇਕ ਦੇਵਮਾਨ ਨੂੰ 82033 ਵੋਟਾਂ ਪਈਆਂ ਸਨ ਜਦੋਂ ਕਿ ਘਨੌਰ ਹਲਕਾ ਦੇ ਵਿਧਾਇਕ ਗੁਰਲਾਲ ਘਨੌਰ ਨੂੰ 62783 ਵੋਟਾਂ ਪਈਆਂ ਸਨ। ਸਮਾਣਾ ਦੇ ਵਿਧਾਇਕ ਤੇ ਮੌਜੂਦਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ 74325 ਵੋਟਾਂ ਪਈਆਂ ਸਨ। ਜ਼ਿਲੇ ’ਚ ਸਭ ਤੋਂ ਵੱਧ ਸਨੌਰ ਹਲਕਾ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 83893 ਵੋਟਾਂ ਲੈ ਕੇ ਜੇਤੂ ਰਹੇ ਸਨ। ਇਸੇ ਤਰ੍ਹਾਂ ਲੋਕ ਸਭਾ ਹਲਕਾ ’ਚ ਜ਼ਿਲਾ ਮੋਹਾਲੀ ਦੇ ਪੈਂਦੇ ਹਲਕਾ ਡੇਰਾਬੱਸੀ ਵਿਖੇ ਕੁਲਜੀਤ ਰੰਧਾਵਾ ਨੂੰ 70032 ਵੋਟਾਂ ਪਈਆਂ ਸਨ।

ਇਹ ਵੀ ਪੜ੍ਹੋ : ਅੱਤ ਦੀ ਗਰਮੀ 'ਚ ਡਿਊਟੀ ਨਿਭਾਅ ਰਹੇ ਪੰਜਾਬ ਪੁਲਸ ਦੇ ਅਫਸਰ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News