ਵੈਸਟਇੰਡੀਜ਼ ਦੀਆਂ ਨਜ਼ਰਾਂ PNG ਵਿਰੁੱਧ ਮਜ਼ਬੂਤ ਸ਼ੁਰੂਆਤ ’ਤੇ
Sunday, Jun 02, 2024 - 11:07 AM (IST)
ਜਾਰਜਟਾਊਨ (ਗੁਆਨਾ)- ਈਡਨ ਗਾਰਡਨਸ ਵਿਚ ਕਾਰਲੋਸ ਬ੍ਰੈਥਵੇਟ ਦੇ ਚਾਰ ਛੱਕਿਆਂ ਨਾਲ ਦੂਜਾ ਟੀ-20 ਵਿਸ਼ਵ ਖਿਤਾਬ ਜਿੱਤਣ ਦੇ 8 ਤੋਂ ਵੱਧ ਸਾਲ ਬਾਅਦ ਵੈਸਟਇੰਡੀਜ਼ ਦੀ ਟੀਮ ਐਤਵਾਰ ਨੂੰ ਜਦੋਂ ਇੱਥੇ 9ਵੇਂ ਗੇੜ ਵਿਚ ਘਰੇਲੂ ਮੈਦਾਨ ’ਤੇ ਪਾਪੂਆ ਨਿਊ ਗਿਨੀ (ਪੀ. ਐੱਨ. ਜੀ.) ਵਿਰੁੱਧ ਉਤਰੇਗੀ ਤਾਂ ਉਸਦੀ ਕੋਸ਼ਿਸ਼ ਜਿੱਤ ਨਾਲ ਸ਼ੁਰੂਆਤ ਕਰਕੇ ਮਜ਼ਬੂਤੀ ਹਾਸਲ ਕਰਨ ਦੀ ਹੋਵੇਗੀ। ਬ੍ਰੈੱਥਵੇਟ ਨੇ ਤਦ ਬੇਨ ਸਟੋਕਸ ’ਤੇ ਆਖਰੀ ਓਵਰ ਵਿਚ ਲਗਾਤਾਰ 4 ਛੱਕੇ ਲਾਏ ਸਨ, ਜਿਸ ਨਾਲ ਵੈਸਟਇੰਡੀਜ਼ 2 ਵਾਰ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣੀ ਸੀ। ਇਸ ਤੋਂ ਪਹਿਲਾਂ ਉਸ ਨੇ 2012 ਵਿਚ ਖਿਤਾਬ ਜਿੱਤਿਆ ਸੀ ਪਰ ਇਸ ਤੋਂ ਬਾਅਦ ਟੀਮ ਬਦਲਾਅ ਦੇ ਦੌਰ ਵਿਚ ਖੁਦ ਨੂੰ ਸੰਭਾਲ ਨਹੀਂ ਸਕੀ ਤੇ ਉਸਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। 2021 ਵਿਚ ਉਸ ਨੂੰ 5 ਵਿਚੋਂ 4 ਮੈਚਾਂ ਵਿਚ ਹਾਰ ਮਿਲੀ, ਜਿਸ ਨਾਲ ਟੀਮ ਸੁਪਰ 12 ਵਿਚੋਂ ਬਾਹਰ ਹੋ ਗਈ। ਇਸ ਤੋਂ ਬਾਅਦ ਤਾਂ ਹਾਲਾਤ ਹੋਰ ਖਰਾਬ ਹੋ ਗਏ ਤੇ ਆਸਟ੍ਰੇਲੀਆ ਵਿਚ 2022 ਗੇੜ ਵਿਚ ਵੈਸਟਇੰਡੀਜ਼ ਕਮਜ਼ੋਰ ਸਕਾਟਲੈਂਡ ਤੇ ਆਇਰਲੈਂਡ ਹੱਥੋਂ ਹਾਰ ਕੇ ਮੁੱਖ ਦੌਰ ਲਈ ਕੁਆਲੀਫਾਈ ਵੀ ਨਹੀਂ ਕਰ ਸਕੀ। ਕੋਲਕਾਤਾ ਵਿਚ ਈਡਨ ਗਾਰਡਨਸ ਵਿਚ ਪਿਛਲਾ ਖਿਤਾਬ ਜਿੱਤੇ ਹੋਏ 2982 ਦਿਨ ਹੋ ਗਏ ਹਨ ਤੇ ਹੁਣ ਜਦੋਂ ਟੂਰਨਾਮੈਂਟ ਉਸਦੀ ਧਰਤੀ ’ਤੇ ਹੋ ਰਿਹਾ ਹੈ ਤਾਂ ਉਹ ਟਰਾਫੀ ਜਿੱਤਣ ਲਈ ਬੇਤਾਬ ਹੋਣਗੇ।
ਦੋ ਵਾਰ ਟੀ-20 ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਡੈਰੇਨ ਸੈਮੀ ਹੁਣ ਕੋਚ ਦੇ ਤੌਰ ’ਤੇ ਟੀਮ ਨਾਲ ਹੈ ਤੇ ਰੋਵਮੈਨ ਪਾਵੈਲ ਦੀ ਅਗਵਾਈ ਵਿਚ ਟੀਮ ਨੇ ਅਭਿਆਸ ਮੈਚ ਵਿਚ ਆਸਟ੍ਰੇਲੀਆ ’ਤੇ ਜਿੱਤ ਹਾਸਲ ਕਰ ਕੇ ਆਪਣੇ ਇਰਾਦੇ ਪਹਿਲਾਂ ਹੀ ਜ਼ਾਹਿਰ ਕਰ ਦਿੱਤੇ ਹਨ ਪਰ ਆਸਟ੍ਰੇਲੀਆ ਦੀ ਟੀਮ ਆਪਣੇ ਪੂਰੇ ਖਿਡਾਰੀਆਂ ਦੇ ਨਾਲ ਨਹੀਂ ਖੇਡ ਰਹੀ ਸੀ ਤੇ ਇਸ ਮੈਚ ਵਿਚ ਟੀਮ ਦੇ ਸਿਰਫ 9 ਖਿਡਾਰੀ ਹੀ ਖੇਡ ਸਕੇ ਸਨ।
ਨਿਕੋਲਸ ਪੂਰਨ ਮੱਧਕ੍ਰਮ ਵਿਚ ਅਹਿਮ ਭੂਮਿਕਾ ਨਿਭਾਏਗਾ ਪਰ ਵੈਸਟਇੰਡੀਜ਼ ਦੀ ਟੀਮ ਵਿਚ ਪਾਵੈਲ, ਆਂਦ੍ਰੇ ਰਸੇਲ, ਸ਼ਿਮਰੋਨ ਹੈੱਟਮਾਇਰ, ਸ਼ੇਰਫਾਨੇ ਰਦਰਫੋਰਡ ਤੇ ਰੋਮਾਰੀਓ ਸ਼ੈਫਰਡ ਵਰਗੇ ਖਿਡਾਰੀ ਮੌਜੂਦ ਹਨ, ਜਿਸ ਨਾਲ ਉਹ ਮਜ਼ਬੂਤ ਲਾਈਨ ਅਪ ਵਾਲੀ ਟੀਮ ਵਿਚੋਂ ਇਕ ਹੈ। ਹਾਲ ਹੀ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਤੀਜਾ ਖਿਤਾਬ ਦਿਵਾਉਣ ਤੋਂ ਬਾਅਦ ਰਸੇਲ ਗੇਂਦ ਤੇ ਬੱਲੇ ਦੋਵਾਂ ਵਿਚ ਸ਼ਾਨਦਾਰ ਫਾਰਮ ਵਿਚ ਹੈ। ਵੈਸਟਇੰਡੀਜ਼ ਇਸ ਤਰ੍ਹਾਂ ਘਰੇਲੂ ਧਰਤੀ ’ਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਵੀ ਬਣਨਾ ਚਾਹੇਗੀ।
ਟੀਮ ਨੇ ਜ਼ਖ਼ਮੀ ਤੇ ਤਜਰਬੇਕਾਰ ਜੈਸਨ ਹੋਲਡਰ ਦੀ ਜਗ੍ਹਾ ਤੇਜ਼ ਗੇਂਦਬਾਜ਼ ਓਬੇਦ ਮੈਕਾਏ ਨੂੰ ਉਤਾਰਿਆ ਹੈ ਜਿਹੜਾ ਵੈਸਟਇੰਡੀਜ਼-ਏ ਦੇ ਨੇਪਾਲ ਦੇ ਹਾਲੀਆ ਦੌਰੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ।
ਉੱਥੇ ਹੀ, ਅਸਾਦੁੱਲ੍ਹਾ ਵਾਲਾ ਦੀ ਅਗਵਾਈ ਵਾਲੀ ਪਾਪੂਆ ਨਿਊ ਗਿੰਨੀ (ਪੀ. ਐੱਨ. ਜੀ.) 2021 ਤੋਂ ਬਾਅਦ ਦੂਜੀ ਵਾਰ ਇਸ ਟੂਰਨਾਮੈਂਟ ਵਿਚ ਖੇਡੇਗੀ, ਉਸ ਨੇ ਜੁਲਾਈ 2023 ਵਿਚ ਪੂਰਬੀ ਏਸ਼ੀਆ ਪੈਸੇਫਿਕ ਖੇਤਰੀ ਫਾਈਨਲ ਦੇ ਰਾਹੀਂ ਆਪਣਾ ਸਥਾਨ ਪੱਕਾ ਕੀਤਾ ਸੀ। ਵਾਲਾ 2021 ਮੁਹਿੰਮ ਵਿਚ 10 ਖਿਡਾਰੀਆਂ ਵਿਚੋਂ ਇਕ ਸੀ। ਟੀਮ ਵਿਚ 8 ਆਲਰਾਊਂਡਰ ਹਨ।
ਟੀਮਾਂ ਇਸ ਤਰ੍ਹਾਂ ਹਨ
ਵੈਸਟਇੰਡੀਜ਼ : ਰੋਵਮੈਨ ਪਾਵੈਲ (ਕਪਤਾਨ), ਅਲਜਾਰੀ ਜੋਸੇਫ (ਉਪ ਕਪਤਾਨ), ਜਾਨਸਨ ਚਾਰਲਸ, ਰੋਸਟਨ ਚੇਸ, ਸ਼ਿਮਰੋਨ ਹੈੱਟਮਾਇਰ, ਸ਼ਾਈ ਹੋਪ, ਅਕੀਲ ਹੁਸੈਨ, ਸ਼ਮਰ ਜੋਸੇਫ, ਬ੍ਰੈਂਡਨ ਕਿੰਗ, ਓਬੇਦ ਮੈਕਾਏ, ਗੁਡਾਕੇਸ਼ ਮੋਤੀ, ਨਿਕੋਲਸ ਪੂਰਨ, ਆਂਦ੍ਰੇ ਰਸੇਲ, ਸ਼ੇਰਫੇਨ ਰਦਰਫੋਰਡ ਤੇ ਰੋਮਾਰੀਓ ਸ਼ੈਫਰਡ।
ਪਾਪੂਆ ਨਿਊ ਗਿਨੀ : ਅਸਾਦੁੱਲ੍ਹਾ ਵਾਲਾ (ਕਪਤਾਨ), ਐਲੀ ਨਾਓ, ਚਾਡ ਸੋਪਰ, ਸੀਜੇ ਓਮਿਨੀ, ਹਿਲਾ ਵੇਰੇ, ਹਿਰੀ ਹਿਰੀ, ਜੈਕ ਗਾਰਡਨਰ, ਜਾਨ ਕਾਰਿਕੋ, ਕਾਬੂਆ ਵਾਗੀ ਮੋਰੀਆ, ਕਿਪਲਿੰਗ ਡੋਰਿਗਾ, ਲੇਗਾ ਸਿਆਕਾ, ਨਾਰਮਨ ਵਨੂਆ, ਸੇਮਾ ਕਾਮੀਆ, ਸੇਸੇ ਬਾਓ ਤੇ ਟੋਨੀ ਓਰਾ।