ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਠੱਗੀ

Wednesday, Jul 12, 2017 - 08:05 AM (IST)

ਜਲੰਧਰ, (ਪ੍ਰੀਤ)- ਵਿਦੇਸ਼ ਲੈ ਕੇ ਜਾਣ ਦਾ ਲਾਰਾ ਲਾ ਕੇ ਇਕ ਤੋਂ ਬਾਅਦ ਇਕ ਚਾਰ ਵਿਆਹ ਕਰਵਾਉਣ ਵਾਲੇ ਕਥਿਤ ਟ੍ਰੈਫਿਕ ਏਜੰਟ ਨੂੰ ਨਵੀਂ ਦਿੱਲੀ ਏਅਰਪੋਰਟ ਤੋਂ ਸਾਥੀ ਸਣੇ ਕਾਬੂ ਕਰ ਲਿਆ ਗਿਆ। ਕਰੀਬ 4 ਕੇਸਾਂ ਵਿਚ ਲੋੜੀਂਦਾ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਥਾਣਾ ਨੰਬਰ 7 ਵਿਚ ਦਰਜ ਕੇਸ ਦੀ ਜਾਂਚ ਲਈ ਟੀਮ ਬਣਾਈ ਗਈ ਸੀ। ਕੇਸ ਵਿਚ ਨਾਮਜ਼ਦ ਮੁਲਜ਼ਮ ਫਰਾਰ ਸੀ। ਇਸ ਕੇਸ ਨੂੰ ਹੱਲ ਕਰਨ ਲਈ ਏ. ਡੀ. ਸੀ. ਪੀ. ਸੂਡਰ ਵਿਜੀ ਦੀ ਅਗਵਾਈ ਵਿਚ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਵਿਜੇ ਕੁੰਵਰਪਾਲ ਵੱਲੋਂ ਕੰਮ ਕੀਤਾ ਜਾ ਰਿਹਾ ਸੀ। ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਜਗਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗ੍ਰੀਨ ਐਵੇਨਿਊ ਆਪਣੇ ਸਾਥੀ ਰਤਨ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਪਿੰਡ ਧੀਰ, ਰੂਪਨਗਰ ਸ੍ਰੀ ਆਨੰਦਪੁਰ ਸਾਹਿਬ ਨਾਲ ਵਿਦੇਸ਼ ਭੱਜ ਰਿਹਾ ਹੈ। ਸੂਚਨਾ ਮਿਲਦਿਆਂ ਹੀ ਇੰਸ. ਵਿਜੇ ਕੁੰਵਰਪਾਲ ਵੱਲੋਂ ਦਿੱਲੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਦੋਵਾਂ ਮੁਲਜ਼ਮਾਂ ਨੂੰ ਨਵੀਂ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਮੁਲਜ਼ਮ ਜਗਜੀਤ ਸਿੰਘ ਬੇਹੱਦ ਚਲਾਕ ਵਿਅਕਤੀ ਹੈ। ਉਸਨੇ ਹੁਣ ਤੱਕ 4 ਵਿਆਹ ਕੀਤੇ ਹਨ। ਉਹ ਭੋਲੀਆਂ-ਭਾਲੀਆਂ ਲੜਕੀਆਂ ਨੂੰ ਵਿਦੇਸ਼ ਲੈ ਕੇ ਜਾਣ ਦਾ ਲਾਰਾ ਲਾਉਂਦਾ ਤੇ ਵਿਆਹ ਉਪਰੰਤ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਸੀ। ਪੁਲਸ ਮੁਤਾਬਿਕ ਹੁਣ ਤੱਕ ਦੀ ਜਾਂਚ ਮੁਤਾਬਿਕ ਮੁਲਜ਼ਮ ਕਿਸੇ ਵੀ ਲੜਕੀ ਨੂੰ ਵਿਦੇਸ਼ ਨਹੀਂ ਲੈ ਕੇ ਗਿਆ ਤੇ ਨਾਲ ਹੀ ਉਸਨੇ ਲੜਕੀਆਂ ਦੇ ਪਰਿਵਾਰ ਵਾਲਿਆਂ ਕੋਲੋਂ ਲੱਖਾਂ ਰੁਪਏ ਵੀ ਹੜੱਪੇ ਹਨ।
ਜਗਜੀਤ 'ਤੇ ਹਨ ਧੋਖਾਦੇਹੀ ਦੇ 4 
ਕੇਸ : ਪੁਲਸ ਰਿਕਾਰਡ ਮੁਤਾਬਿਕ ਮੁਲਜ਼ਮ ਜਗਜੀਤ ਸਿੰਘ ਦੇ ਖਿਲਾਫ ਸਾਲ 2007 ਵਿਚ ਥਾਣਾ ਸਿਟੀ ਫਗਵਾੜਾ ਵਿਚ ਧੋਖਾਦੇਹੀ, ਸਾਲ 2010 ਵਿਚ ਥਾਣਾ ਗੋਰਾਇਆ ਵਿਚ ਧੋਖਾਦੇਹੀ ਤੇ ਸਾਲ 2011 ਵਿਚ ਸਦਰ ਜਲੰਧਰ ਵਿਚ ਫਰਾਡ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਥਾਣਾ ਨੰਬਰ 7 ਵਿਚ ਕੇਸ ਦਰਜ ਹੋਇਆ। ਜਗਜੀਤ ਸਿੰਘ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਫਰਜ਼ੀ ਦਸਤਾਵੇਜ਼ ਬਣਾ ਕੇ ਲੋਕਾਂ ਨੂੰ ਠੱਗਣ ਦਾ ਦੋਸ਼ ਹੈ।
ਧੋਖਾਦੇਹੀ ਵਿਚ ਭੂਆ, ਉਸਦੀ ਬੇਟੀ ਤੇ ਜਵਾਈ ਵੀ ਸ਼ਾਮਲ : ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਮੁਤਾਬਿਕ ਸ਼ਾਤਿਰ ਜਗਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਠੱਗੀ ਵਿਚ ਉਸਦੀ ਭੂਆ ਗੁਰਦੇਵ ਕੌਰ, ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਲਿੱਤਰਾਂ, ਉਸਦੀ ਬੇਟੀ ਬਲਜੀਤ ਕੌਰ ਤੇ ਉਸਦਾ ਪਤੀ ਸਤਨਾਮ ਸਿੰਘ ਵਾਸੀ ਪਿੰਡ ਜਾਗੋਸੰਘੇ ਨੂਰਮਹਿਲ ਤੇ ਇਕ ਦੋਸਤ ਕਮਲਜੀਤ ਸਿੰਘ ਉਰਫ ਕਮਲ ਬਾਬਾ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਸ਼ਰਕਪੁਰ, ਮਹਿਤਪੁਰ ਵੀ ਸ਼ਾਮਲ ਹਨ। ਪੁਲਸ ਕਮਿਸ਼ਨਰ ਮੁਤਾਬਿਕ  ਮੁਲਜ਼ਮ ਗੁਰਦੇਵ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


Related News