ਮੇਰੀ ਭੈਣ ਦਾ ਵਿਆਹ ਹੈ, ਦੋ ਲੱਖ ਦੇ ਗਹਿਣੇ ਦੇ ਦਿਓ ਤੇ ਫਿਰ...

Tuesday, Sep 17, 2024 - 05:37 PM (IST)

ਬਲਾਚੌਰ/ਪੋਜੇਵਾਲ (ਕਟਾਰੀਆ) : ਬਲਾਚੌਰ ਤਹਿਸੀਲ ਦੇ ਪਿੰਡ ਸੜੋਆ ਵਿਖੇ ਸੋਨੇ ਦੇ ਗਹਿਣੇ ਵੇਚਣ ਵਾਲੇ ਇਕ ਦੁਕਾਨਦਾਰ ਨਾਲ-ਨਾਲ ਕਰੀਬ ਦੋ ਲੱਖ ਰੁਪਏ ਦੀ ਠੱਗੀ ਦੇ ਮਾਮਲੇ ਦੀ ਲੋਕਾਂ ਵਿਚ ਖੂਬ ਚਰਚਾ ਹੋ ਰਹੀ ਹੈ। ਠੱਗ ਲੋਕਾਂ ਨੂੰ ਲੁੱਟਣ ਲਈ ਨਵੇਂ ਤਰੀਕੇ ਲੱਭਣ ਲੱਗ ਗਏ ਹਨ। ਜਾਣਕਾਰੀ ਦਿੰਦਿਆਂ ਦੁਕਾਨਦਾਰ ਰਾਜਕੁਮਾਰ ਵਰਮਾ ਪੁੱਤਰ ਹਰਕਮਲ ਸਿੰਘ ਵਰਮਾ ਵਾਸੀ ਪਿੰਡ ਸਹੂੰਗੜਾ ਥਾਣਾ ਪੋਜੇਵਾਲ ਨੇ ਦੱਸਿਆ ਕਿ ਉਹ ਸੋਨੇ ਦੇ ਗਹਿਣੇ ਵੇਚਣ ਦਾ ਕੰਮ ਕੰਡਾ ਜਿਊਲਰ ਦੇ ਨਾਮ ’ਤੇ ਪਿੰਡ ਸੜੋਆ ਵਿਖੇ ਦੁਕਾਨ ਕਰਦਾ ਹੈ।

ਉਨ੍ਹਾਂ ਮੁਤਾਬਿਕ ਕਿਰਾਏ ’ਤੇ ਕਮਰਾ ਲੈ ਕੇ ਇਕ ਸਾਲ ਤੋਂ ਪਿੰਡ ਸੜੋਆ ਵਿਖੇ ਰਜੇਸ਼ ਬੈਂਸ ਪੁੱਤਰ ਮਦਨ ਲਾਲ ਬੈਂਸ ਰਹਿ ਰਿਹਾ ਸੀ ਅਤੇ ਆਪਣੇ-ਆਪ ਨੂੰ ਉਹ ਡਾਕਟਰ ਦੱਸਦਾ ਸੀ ਉਨ੍ਹਾਂ ਦੱਸਿਆ ਕਿ ਰਾਜੇਸ਼ ਬੈਂਸ ਸੁਨਿਆਰੇ ਦੀ ਦੁਕਾਨ ’ਤੇ ਆਇਆ ਅਤੇ ਗਹਿਣੇ ਦਿਖਾਉਣ ਲਈ ਕਿਹਾ। ਇਸ ਤਰ੍ਹਾਂ ਉਹ ਆਪਣੀ ਭੈਣ ਦਾ ਵਿਆਹ ਦੱਸ ਕੇ ਇਕ ਸੋਨੇ ਦਾ ਕੜਾ, 2 ਸੋਨੇ ਦੀਆਂ ਮਰਦਾਨਾ ਮੁੰਦਰੀਆਂ ਤੇ ਇਕ ਜੋੜਾ ਸੋਨੇ ਦੇ ਟਾਪਸ ਕਰੀਬ 2 ਲੱਖ ਦੇ ਗਹਿਣੇ ਲੈ ਗਿਆ ਤੇ ਬਦਲੇ ਵਿਚ ਉਨ੍ਹਾਂ ਨੂੰ ਚੈੱਕ ਦੇ ਗਿਆ ਅਤੇ ਕਿਹਾ ਕਿ ਉਹ ਡਾਕਟਰ ਹੈ ਅਤੇ ਤੁਹਾਡੇ ਗੁਆਂਢ ਵਿਚ ਮੈਂ ਕਾਫੀ ਸਮੇਂ ਤੋਂ ਰਹਿ ਰਿਹਾ ਹੈ, ਉਸਦੀ ਭੈਣ ਦਾ ਵਿਆਹ ਹੈ ਅਤੇ ਇਸ ਕਰ ਕੇ ਉਸਨੂੰ ਐਮਰਜੈਂਸੀ ਵਿਚ ਗਹਿਣੇ ਲੈਣੇ ਪੈ ਰਹੇ ਹਨ ਅਤੇ ਕਿਹਾ ਕਿ ਉਹ ਦੋ ਦਿਨਾਂ ਵਿਚ ਉਨ੍ਹਾਂ ਦੇ ਖਾਤੇ ਵਿਚ ਪੈਸੇ ਪਾ ਦੇਵੇਗਾ ਪਰ ਖਾਤੇ ਵਿਚ ਨਾ ਤਾਂ ਪੈਸੇ ਆਏ ਅਤੇ ਨਾ ਹੀ ਉਸ ਡਾਕਟਰ ਦਾ ਦੁਬਾਰਾ ਫੋਨ ਆਇਆ। ਜਿਥੇ ਉਹ ਕਿਰਾਏ ’ਤੇ ਰਹਿੰਦਾ ਹੈ ਉਥੇ ਵੀ ਉਹ ਨਹੀਂ ਮਿਲਿਆ।

ਬਾਅਦ ਵਿਚ ਜਦੋਂ ਸੁਨਿਆਰੇ ਵੱਲੋਂ ਉਕਤ ਵਿਅਕਤੀ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੇ ਡਾਕਟਰ ਬਣ ਕੇ ਕਈ ਸੁਨਿਆਰਿਆਂ ਨਾਲ ਅਤੇ ਬੈਂਕਾਂ ਨਾਲ ਅਤੇ ਲੋਕਾਂ ਨਾਲ ਠੱਗੀ ਮਾਰੀ ਹੈ ਜੋ ਕਿ ਅਸਲ ਵਿਚ ਡਾਕਟਰ ਨਹੀਂ ਹੈ ਸਿਰਫ ਅੱਠ ਪੜ੍ਹਿਆ ਹੈ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ। ਰਾਜ ਕੁਮਾਰ ਵਰਮਾ ਨੇ ਪੋਜੇਵਾਲ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਪੁਲਸ ਨੇ ਰਾਜੇਸ਼ ਬੈਂਸ ਪੁੱਤਰ ਮਦਨ ਲਾਲ ਬੈਂਸ ਮਕਾਨ ਨੰਬਰ 163 ਸ਼ਿਵਾਲਿਕ ਐਵੀਨਿਊ ਫੇਸ ਨੰਬਰ ਇਕ ਨੰਗਲ ਜ਼ਿਲ੍ਹਾ ਰੋਪੜ ਹਾਲ ਵਾਸੀ ਸੜੋਆ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News