15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਮੁੰਡੇ ਦੀ ਮੌਤ, 12 ਲੱਖ ਖਰਚ ਕੇ ਮਸਾਂ ਮੰਗਵਾਈ ਲਾਸ਼

Friday, Sep 20, 2024 - 11:20 AM (IST)

15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਮੁੰਡੇ ਦੀ ਮੌਤ, 12 ਲੱਖ ਖਰਚ ਕੇ ਮਸਾਂ ਮੰਗਵਾਈ ਲਾਸ਼

ਖਰੜ (ਰਣਬੀਰ)- 8 ਮਹੀਨੇ ਪਹਿਲਾਂ ਸੁਨਹਿਰੇ ਭਵਿੱਖ ਦਾ ਸੁਪਨਾ ਮਨ ’ਚ ਲੈ ਕੇ ਵਿਦੇਸ਼ ਜਾਂਦੇ ਸਮੇਂ ਪਿੰਡ ਸਹੌੜਾਂ ਦੇ ਨੌਜਵਾਨ ਗੁਰਦੀਪ ਸਿੰਘ (25) ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤੋਂ ਬਾਅਦ ਉਹ ਕਦੇ ਵੀ ਆਪਣੇ ਮਾਂ-ਪਿਓ ਤੇ ਭੈਣ-ਭਰਾਵਾਂ ਨੂੰ ਮਿਲ ਨਹੀਂ ਸਕੇਗਾ। ਉਸ ਦੇ ਵਰਕ ਪਰਮਿਟ ’ਤੇ ਜਾਣ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਉਸ ਨੇ ਹਰ ਮਹੀਨੇ ਪਰਿਵਾਰ ਨੂੰ ਆਰਥਿਕ ਮਦਦ ਭੇਜਣੀ ਸ਼ੁਰੂ ਕਰ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਤੜਕਸਾਰ NIA ਦੀ ਰੇਡ

ਘਰ ਵਾਲੇ ਹੁਣ ਉਸ ਦੇ ਵਿਆਹ ਦੀਆਂ ਸਲਾਹਾਂ ਕਰ ਰਹੇ ਸਨ ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਵਿਦੇਸ਼ ਤੋਂ ਆਈ ਇਕ ਫੋਨ ਕਾਲ ਨੇ ਪਰਿਵਾਰ ਦੇ ਸਾਰੇ ਸੁਪਨੇ ਤੇ ਭਵਿੱਖ ਲਈ ਸਜਾ ਕੇ ਰੱਖੀਆਂ ਖ਼ੁਸ਼ੀਆਂ ਨੂੰ ਅੱਖ ਝਪਕਦਿਆਂ ਸਾਰ ਖ਼ਤਮ ਕਰ ਕੇ ਰੱਖ ਦਿੱਤਾ। ਲਗਭਗ ਇਕ ਮਹੀਨਾ ਪਹਿਲਾਂ ਸਮੁੰਦਰ ’ਚ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਪੂਰੇ ਇਕ ਮਹੀਨੇ ਬਾਅਦ ਜਿਉਂ ਹੀ ਪਿੰਡ ਪੁੱਜੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਹੀ ਪੂਰਾ ਪਿੰਡ ਸੋਗ ’ਚ ਡੁੱਬਿਆ ਨਜ਼ਰ ਆਇਆ। ਵੀਰਵਾਰ ਦੇਰ ਸ਼ਾਮ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਜੋ ਵੀ ਕਮਾਉਂਦਾ ਸੀ, ਭੇਜ ਦਿੰਦਾ ਸੀ ਪਰਿਵਾਰ ਨੂੰ

ਗੁਰਦੀਪ ਸਿੰਘ ਆਪਣੇ ਪਰਿਵਾਰ ’ਚ ਤਿੰਨ ਭੈਣ-ਭਰਾਵਾਂ ’ਚੋਂ ਵਿਚਕਾਰਲਾ ਸੀ। ਉਸ ਦੇ ਬਜ਼ੁਰਗ ਪਿਤਾ ਜਗਤਾਰ ਸਿੰਘ ਟੈਂਪੂ ਚਲਾਉਂਦੇ ਹਨ ਜਦਕਿ ਵੱਡਾ ਭਰਾ ਕਿਸੇ ਨਿੱਜੀ ਕਾਲਜ ’ਚ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਛੋਟੀ ਭੈਣ ਆਪਣੇ ਨਾਨਕੇ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਹੋਏ ਧਮਾਕੇ! 5 ਬੱਚਿਆਂ ਸਣੇ 8 ਦੀ ਗਈ ਜਾਨ

ਪਿੰਡ ਵਾਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਦੀ ਭੂਆ ਦਾ ਲੜਕਾ ਪਿਛਲੇ ਕਾਫ਼ੀ ਸਮੇਂ ਤੋਂ ਇਟਲੀ ਗਿਆ ਹੋਇਆ ਹੈ। ਘਰ ਦੀ ਗ਼ਰੀਬੀ ਕਾਰਨ ਗੁਰਦੀਪ ਨੇ ਵੀ ਇਟਲੀ ਜਾਣ ਦਾ ਫ਼ੈਸਲਾ ਕੀਤਾ। ਕਿਤੋਂ ਕੁਝ ਕਰਜ਼ਾ ਲਿਆ ਤੇ ਕੁਝ ਮਦਦ ਭੂਆ ਦੇ ਮੁੰਡੇ ਤੋਂ ਹਾਸਲ ਕਰ ਕੇ ਲਗਭਗ 15 ਲੱਖ ਰੁਪਏ ਖ਼ਰਚ ਕੇ ਉਹ ਇਟਲੀ ਪੁੱਜਾ ਸੀ। ਇੱਥੇ ਉਹ ਘੋੜਿਆਂ ਨਾਲ ਸਬੰਧਿਤ ਫਾਰਮ ਹਾਊਸ ’ਚ ਕੰਮ ਕਰ ਰਿਹਾ ਸੀ। ਜੋ ਵੀ ਕਮਾਉਂਦਾ ਸੀ, ਆਪਣੇ ਪਰਿਵਾਰ ਨੂੰ ਭੇਜ ਦਿੰਦਾ ਤਾਂ ਜੋ ਘਰ ਦੀ ਗ਼ਰੀਬੀ ਦੂਰ ਹੋ ਸਕੇ।

ਰੀਲ ਬਣਾਉਣ ਦੇ ਚੱਕਰ ’ਚ ਗਈ ਜਾਨ

ਸਭ ਕੁਝ ਠੀਕ ਚੱਲ ਰਿਹਾ ਸੀ ਕਿ ਪਿਛਲੇ ਮਹੀਨੇ ਦੀ 17 ਤਰੀਕ ਨੂੰ ਦੋਸਤ ਦਾ ਜਨਮ ਦਿਨ ਮਨਾਉਣ ਲਈ ਸਾਰੇ ਸਮੁੰਦਰ ਵੱਲ ਚੱਲ ਪਏ। ਉੱਥੇ ਸਮੁੰਦਰ ਦੀ ਡੂੰਘਾਈ ਨੂੰ ਦੇਖਦਿਆਂ ਪੱਥਰਾਂ ਤੋਂ ਅੱਗੇ ਜਾਣ ’ਤੇ ਪਾਬੰਦੀ ਲਾਈ ਹੋਈ ਸੀ ਤੇ ਇਸ ਸਬੰਧੀ ਬੋਰਡ ਵੀ ਲੱਗਿਆ ਹੋਇਆ ਸੀ ਪਰ ਰੀਲ ਬਣਾਉਣ ਦੇ ਚੱਕਰ ’ਚ ਗੁਰਦੀਪ ਥੋੜ੍ਹਾ ਅੱਗੇ ਚਲਿਆ ਗਿਆ ਤੇ ਪੱਥਰਾਂ ਤੋਂ ਸੱਜੇ ਪਾਸੇ ਉਤਰਨ ਦੀ ਬਜਾਏ ਉਹ ਡੂੰਘਾਈ ਵਾਲੇ ਖੱਬੇ ਪਾਸੇ ਉਤਰ ਗਿਆ ਅਤੇ ਪਾਣੀ ਦੇ ਵਹਾਅ ’ਚ ਵਹਿ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਤੇ ਗੋਤਾਖੋਰ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਆਖ਼ਿਰਕਾਰ 30 ਘੰਟਿਆਂ ਬਾਅਦ ਹੈਲੀਕਾਪਟਰ ਦੀ ਮਦਦ ਨਾਲ ਲਾਸ਼ ਬਰਾਮਦ ਕਰ ਲਈ ਗਈ।

12 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਪਹੁੰਚ ਸਕੀ ਲਾਸ਼

ਗੁਰਦੀਪ ਸਿੰਘ ਦੇ ਦਿਹਾਂਤ ਦੀ ਸੂਚਨਾ ਪਰਿਵਾਰ ਨੂੰ ਮਿਲ ਗਈ ਪਰ ਸਮੱਸਿਆ ਇਹ ਸੀ ਕਿ ਲੱਖਾਂ ਰੁਪਏ ਖ਼ਰਚ ਕੇ ਗੁਰਦੀਪ ਦੀ ਮ੍ਰਿਤਕ ਦੇਹ ਪਿੰਡ ’ ਵਾਪਸ ਕਿਵੇਂ ਪੁੱਜੇਗੀ ਪਰ ਇਟਲੀ ਦੀ ਸਮਾਜ ਸੇਵੀ ਸੰਸਥਾ ਤੇ ਉੱਥੇ ਰਹਿਣ ਵਾਲੇ ਦੋਸਤਾਂ ਦੀਆਂ ਕੋਸ਼ਿਸ਼ਾਂ ਸਦਕਾ ਲਗਭਗ 12 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਗੁਰਦੀਪ ਦੀ ਮ੍ਰਿਤਕ ਦੇਹ ਇਕ ਮਹੀਨੇ ਬਾਅਦ ਉਸ ਦੇ ਪਿੰਡ ਪਹੁੰਚ ਸਕੀ। ਜਿਉਂ ਹੀ ਉਸ ਦੀ ਮ੍ਰਿਤਕ ਦੇਹ ਤਾਬੂਤ ’ਚ ਪਿੰਡ ਪਹੁੰਚੀ ਤਾਂ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਬਜ਼ੁਰਗ ਮਾਂ ਮਾਨਸਿਕ ਰੋਗੀ ਹੋਣ ਕਾਰਨ ਪਹਿਲਾਂ ਹੀ ਆਪਣੀ ਸੂਝ-ਬੂਝ ਗਵਾ ਬੈਠੀ ਸੀ, ਜਿਸ ਨੂੰ ਤਾਂ ਅੱਜ ਇਸ ਗੱਲ ਦਾ ਵੀ ਅਹਿਸਾਸ ਨਹੀਂ ਸੀ ਕਿ ਉਸ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Public Holidays: ਅਕਤੂਬਰ ਮਹੀਨੇ ਇੰਨ੍ਹਾਂ ਦਿਨਾਂ ਨੂੰ ਬੰਦ ਰਹਿਣਗੇ ਸਕੂਲ, ਬੈਂਕ ਤੇ ਦਫ਼ਤਰ

ਉਹ ਲੋਕਾਂ ਨੂੰ ਰੋਂਦੇ ਹੋਏ ਤਾਂ ਵੇਖ ਰਹੀ ਸੀ ਪਰ ਇਹ ਸਮਝਣ ’ਚ ਅਸਮਰੱਥ ਸੀ ਕਿ ਕੀ ਹੋ ਰਿਹਾ ਹੈ। ਇਸੇ ਵੇਲੇ ਪਰਿਵਾਰ ਦੇ ਬਾਕੀ ਮੈਂਬਰ ਵਾਰ-ਵਾਰ ਇਕੋ ਗੱਲ ਕਹਿ ਰਹੇ ਸਨ ਕਿ ਜੇ ਉਨ੍ਹਾਂ ਨੂੰ ਜ਼ਰਾ ਵੀ ਇਸ ਅਣਹੋਣੀ ਦਾ ਅਹਿਸਾਸ ਹੁੰਦਾ ਤਾਂ ਉਹ ਕਦੇ ਵੀ ਆਪਣੇ ਪੁੱਤ ਨੂੰ ਆਪਣੇ ਤੋਂ ਦੂਰ ਵਿਦੇਸ਼ ਨਾ ਭੇਜਦੇ। ਉਹ ਤਾਂ ਉਸ ਦਾ ਵਿਆਹ ਕਰਨ ਦੀ ਸੋਚ ਰਹੇ ਸਨ। ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਇਸ ਹਾਲਤ ’ਚ ਇੱਥੇ ਪਹੁੰਚੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News