ਮੁੰਡੇ ’ਤੇ ਮਾਮਲਾ ਦਰਜ ਹੋਣ ਦੇ ਬਹਾਨੇ ਠੱਗੀ ਮਾਰਨ ਵਾਲੇ 2 ਮੁਲਜ਼ਮ ਕਾਬੂ
Monday, Sep 16, 2024 - 01:25 PM (IST)
ਚੰਡੀਗੜ੍ਹ (ਸੁਸ਼ੀਲ) : ਕੈਨੇਡਾ ’ਚ ਪੁੱਤਰ ’ਤੇ ਮਾਮਲਾ ਦਰਜ ਹੋਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਫ਼ਰਾਰ ਦੋ ਭਗੌੜੇ ਨੌਜਵਾਨਾਂ ਨੂੰ ਸਾਈਬਰ ਸੈੱਲ ਨੇ ਪਟਨਾ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵੀ ਤੇ ਬਾਲ ਯੋਗੇਸ਼ ਵਾਸੀ ਪਟਨਾ ਵਜੋਂ ਹੋਈ ਹੈ। ਸਾਈਬਰ ਸੈੱਲ ਨੇ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਸੈਕਟਰ-37 ਦੇ ਰਹਿਣ ਵਾਲੇ ਜਗਦੀਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪੁੱਤਰ ਕੈਨੇਡਾ ਗਿਆ ਹੋਇਆ ਹੈ।
ਸਾਲ 2022 ’ਚ ਕੈਨੇਡਾ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਤੁਹਾਡੇ ਪੁੱਤਰ ਨੇ ਕਲੱਬ ’ਚ ਬੈਠੇ ਨੌਜਵਾਨ ਦੇ ਸਿਰ ’ਤੇ ਬੀਅਰ ਦੀ ਬੋਤਲ ਨਾਲ ਵਾਰ ਕੀਤਾ ਹੈ। ਬੇਟੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਰਿਹਾਅ ਕਰਵਾਉਣ ਲਈ 5 ਲੱਖ ਰੁਪਏ ਅਦਾ ਕਰਨੇ ਪੈਣਗੇ। ਜਗਦੀਸ਼ ਨੇ ਮੁੰਡੇ ਨੂੰ ਪੁਲਸ ਤੋਂ ਛੁਡਵਾਉਣ ਲਈ ਉਕਤ ਖ਼ਾਤੇ ’ਚ 4 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ’ਚ ਜਦੋਂ ਜਗਦੀਸ਼ ਨੇ ਮੁੰਡੇ ਨੂੰ ਫ਼ੋਨ ਕਰ ਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਗ੍ਰਿਫ਼ਤਾਰ ਨਹੀਂ ਕੀਤਾ ਸੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਬੈਂਕ ਖ਼ਾਤੇ ਦੇ ਵੇਰਵੇ ਚੈੱਕ ਕੀਤੇ। ਦੋਵੇਂ ਮੁਲਜ਼ਮ ਪਟਨਾ ਦੇ ਰਹਿਣ ਵਾਲੇ ਦੱਸੇ ਗਏ ਸਨ। ਸਾਈਬਰ ਸੈੱਲ ਦੀ ਟੀਮ ਨੇ ਪਟਨਾ ਜਾ ਕੇ ਰਵੀ ਤੇ ਬਾਲ ਯਗੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ।