ਸਕੂਲ ਆਫ਼ ਐਮੀਨੈਂਸ 'ਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ JEE ਤੇ NEET ਦੀ ਮੁਫ਼ਤ ਕੋਚਿੰਗ
Saturday, Sep 21, 2024 - 05:19 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਨੇਕਾਂ ਕਦਮ ਚੁੱਕ ਰਹੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲ ਕੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਵਿੱਚ ਨਵਾਂ ਅਧਿਆਏ ਲਿਖਿਆ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੂਲਾਂ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਜੇ. ਈ. ਈ., ਨੀਟ ਦੀ ਕੋਚਿੰਗ ਲਈ ਮੁਫ਼ਤ ਵਿਚ ਕੈਂਪ ਵੀ ਲਗਾਏ ਗਏ ਹਨ। ਸਕੂਲ ਆਫ਼ ਐਮੀਨੈਂਸ (School of Eminence)ਵਿਚ NEET (ਨੈਸ਼ਨਲ ਐਲਿਜਬਿਲਟੀ ਕਮ ਐਂਟ੍ਰੈਂਸ ਟੈਸਟ) ਅਤੇ JEE (ਜਵਾਹਰਲਾਲ ਨੇਹਰੂ ਯੂਨੀਵਰਸਿਟੀ ਐਂਟ੍ਰੈਂਸ ਐਗਜ਼ਾਮ) ਦੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਇਹ ਕੋਚਿੰਗ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਾਰਤੀ ਮੈਡੀਕਲ ਅਤੇ ਇੰਜੀਨੀਅਰਿੰਗ ਇਮਤਿਹਾਨਾਂ ਲਈ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉੱਚ ਪੱਧਰੀ ਸਿੱਖਿਆ ਦੇ ਆਧਾਰ ਮੁਹੱਈਆ ਕਰਦਾ ਹੈ। ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਵੱਕਾਰੀ ਜੇ. ਈ. ਈ. ਦੀ ਪ੍ਰੀਖਿਆ ਪਾਸ ਕੀਤੀ ਹੈ।
ਲੁਧਿਆਣਾ ਦੇ ਇਕ ਸਕੂਲ ਵਿਚ ਵਿਦਿਆਰਥੀਆਂ ਨੂੰ ਜੇ. ਈ. ਈ. ਤੇ ਨੀਟ ਦੀ ਟਰੇਨਿੰਗ ਦੇਣ ਪਹੁੰਚੇ ਅਧਿਆਪਕ ਨੇਮੀ ਚੰਦ ਨੇ ਪੰਜਾਬ ਸਰਕਾਰ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਟਰੇਨਿੰਗ ਦੇ ਕੈਂਪਾਂ ਵਿਚ ਜੇ. ਈ. ਈ, ਨੀਟ ਦੀ ਕੋਚਿੰਗ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਟਰੇਨਿੰਗ ਲਈ ਭੇਜਣ ਤੋਂ ਪਹਿਲਾਂ ਸਕੂਲ ਆਫ਼ ਐਮੀਨੈਂਸ ਵਿਚ ਵਿਦਿਆਰਥੀਆਂ ਤੋਂ ਇਕ ਪ੍ਰੀ-ਐਡਮਿਸ਼ਨ ਟੈਸਟ ਲਿਆ ਜਾਂਦਾ ਹੈ। ਇਸ ਦੇ ਬਾਅਦ ਸ਼ਾਰਟ ਲਿਸਟ ਕਰਕੇ ਬੱਚਿਆਂ ਨੂੰ ਜੇ. ਈ. ਈ. ਅਤੇ ਨੀਟ ਦੀ ਕੋਚਿੰਗ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਬੱਚੇ ਵੀ ਬਹੁਤ ਵਧੀਆ ਹਨ ਅਤੇ ਅਧਿਆਪਕਾਂ ਵੱਲੋਂ ਦਿੱਤੀ ਜਾ ਰਹੀ ਕੋਚਿੰਗ ਨੂੰ ਵੀ ਬੇਹੱਦ ਧਿਆਨ ਨਾਲ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਸਟਾਫ਼ ਵੀ ਬੇਹੱਦ ਵਧੀਆ ਹੈ। ਬੱਚਿਆਂ ਨੂੰ ਨੀਟ, ਜੇ. ਈ. ਈ. ਦੀ ਕੋਚਿੰਗ ਲਈ ਹੋਰ ਸੂਬਿਆਂ ਵਿਚ ਜਾਣਾ ਪੈਂਦਾ ਹੈ, ਜਿੱਥੇ ਲੱਖਾਂ ਰੁਪਏ ਖ਼ਰਚ ਕਰਕੇ ਬੱਚੇ ਕੋਚਿੰਗ ਲੈਂਦੇ ਹਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਮੁਫ਼ਤ ਵਿਚ ਬੱਚਿਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ, ਜੋਕਿ ਇਕ ਬਹੁਤ ਸ਼ਲਾਘਾਯੋਗ ਕਦਮ ਹੈ।