2 ਨੌਜਵਾਨਾਂ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਮਾਰੀ 11 ਲੱਖ ਰੁਪਏ ਦੀ ਠੱਗੀ
Monday, Sep 16, 2024 - 10:21 AM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : 2 ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਮਰਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਾਂ ਦੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ ਕਪੂਰ ਅਤੇ ਤਰਸੇਮ ਕੁਮਾਰ ਨੇ ਪੁਲਸ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਨਾਮਜ਼ਦ ਵਿਅਕਤੀ ਨੇ ਸ਼ਿਕਾਇਤਕਰਤਾ ਮੁੱਦਈ ਰਵਿੰਦਰ ਕਪੂਰ ਵਾਸੀ ਦਿੱਲੀ ਗੇਟ ਫਿਰੋਜ਼ਪੁਰ ਸਿਟੀ ਅਤੇ ਤਰਸੇਮ ਕੁਮਾਰ ਨਾਲ 11 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਰਵਿੰਦਰ ਕੁਮਾਰ ਅਤੇ ਤਰਸੇਮ ਕੁਮਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੇ ਬੱਚੇ ਬੇਰੁਜ਼ਗਾਰ ਹਨ ਅਤੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਅਮਰਜੀਤ ਸਿੰਘ ਨੇ ਰਵਿੰਦਰ ਕੁਮਾਰ ਤੋਂ 2 ਲੱਖ ਰੁਪਏ ਅਤੇ ਤਰਸੇਮ ਕੁਮਾਰ ਤੋਂ 9 ਲੱਖ ਰੁਪਏ ਲੈ ਲਏ ਹਨ ਪਰ ਅੱਜ ਤੱਕ ਨਾ ਤਾਂ ਬੱਚਿਆਂ ਨੂੰ ਨੌਕਰੀ ਲਗਵਾਇਆ ਹੈ ਅਤੇ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।