ਇਕ ਵਾਰ ਫ਼ਿਰ ਰਾਹੁਲ ਗਾਂਧੀ ''ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- ''ਵਿਦੇਸ਼ ''ਚ Assylum ਲੈਣ ਲਈ...''

Tuesday, Sep 17, 2024 - 03:14 AM (IST)

ਜਲੰਧਰ- ਬੀਤੇ ਕੁਝ ਦਿਨਾਂ ਤੋਂ ਦੇਸ਼ ਦੀ ਸਿਆਸਤ 'ਚ ਕਾਫ਼ੀ ਵੱਡਾ ਭੂਚਾਲ ਜਿਹਾ ਆਇਆ ਹੋਇਆ ਹੈ, ਜਿਸ ਦਾ ਕਾਰਨ ਇਕ ਬਿਆਨ ਹੈ, ਜਿਸ 'ਚ ਕਾਂਗਰਸੀ ਆਗੂ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ 'ਸਭ ਤੋਂ ਵੱਡਾ' ਅੱਤਵਾਦੀ ਕਿਹਾ ਗਿਆ ਹੈ।

ਇਹ ਬਿਆਨ ਭਾਜਪਾ ਦੇ ਕੇਂਦਰੀ ਰੇਲ ਮੰਤਰੀ ਤੇ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਸਭ ਤੋਂ ਵੱਡੇ ਅੱਤਵਾਦੀ ਹਨ, ਉਹ ਇਕ ਵਿਦੇਸ਼ੀ ਨਾਗਰਿਕ ਹਨ ਅਤੇ ਉਨ੍ਹਾਂ ਦੇ ਅੱਤਵਾਦੀਆਂ ਨਾਲ ਕਾਫੀ ਸਬੰਧ ਹਨ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬੀਤੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿੱਟੂ ਨੂੰ ਝਾੜ ਪਾਈ ਸੀ ਤੇ ਉਨ੍ਹਾਂ ਨੂੰ ਮੰਦਬੁੱਧੀ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਬਿੱਟੂ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਤੇ ਉਨ੍ਹਾਂ ਨੂੰ ਹੁਣ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਬਿੱਟੂ ਅਹਿਸਾਨ ਫਰਾਮੋਸ਼ ਕਹਿੰਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਹੀ ਬਿੱਟੂ ਨੂੰ ਸਿਆਸਤ 'ਚ ਕਾਮਯਾਬ ਬਣਾਇਆ ਹੈ ਤੇ ਉਨ੍ਹਾਂ ਨੂੰ 3 ਵਾਰ ਸੰਸਦ ਮੈਂਬਰ ਬਣਾ ਕੇ ਲੋਕ ਸਭਾ ਭੇਜਿਆ ਸੀ। ਹੁਣ ਉਹੀ ਬਿੱਟੂ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਹੇ ਹਨ। 

ਇਸ ਸਭ ਤੋਂ ਬਾਅਦ ਰਵਨੀਤ ਬਿੱਟੂ ਨੇ ਇਕ ਵਾਰ ਫ਼ਿਰ ਤੋਂ ਆਪਣੀ ਉਹੀ ਗੱਲ ਦੁਹਰਾਈ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ 'ਚ 'ਵੰਦੇ ਭਾਰਤ' ਟ੍ਰੇਨ ਦੀ ਸ਼ੁਰੂਆਤ ਕਰਦੇ ਸਮੇਂ ਮੀਡੀਆ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਨਹੀਂ ਤਾਂ ਫਿਰ ਹੋਰ ਕੀ ਕਹੀਏ ? ਜੋ ਗੱਲਾਂ ਉਹ ਖ਼ੁਦ ਕਰ ਰਹੇ ਹਨ, ਅੱਤਵਾਦੀ ਸੰਗਠਨ ਤੇ ਪੰਨੂੰ ਵਰਗੇ ਵੱਖਵਾਦੀ ਸੋਚ ਵਾਲੇ ਲੋਕ ਵੀ ਤਾਂ ਉਹੀ ਗੱਲਾਂ ਕਰਦੇ ਹਨ। ਉਹ ਜ਼ਿਆਦਾਤਰ ਸਮਾਂ ਤਾਂ ਭਾਰਤ ਤੋਂ ਬਾਹਰ ਹੀ ਰਹਿੰਦੇ ਹਨ ਤੇ ਇਸ ਦੌਰਾਨ ਉਹ ਭਾਰਤ ਬਾਰੇ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਹਨ। ਇਨ੍ਹਾਂ ਦੇ ਸਾਰੇ ਸੱਜਣ-ਮਿੱਤਰ ਤੇ ਰਿਸ਼ਤੇਦਾਰ ਵਿਦੇਸ਼ਾਂ 'ਚ ਰਹਿੰਦੇ ਹਨ, ਸ਼ਾਇਦ ਇਸੇ ਲਈ ਉਨ੍ਹਾਂ ਕੋਲ ਜਾਣ ਲਈ ਤੇ ਉਨ੍ਹਾਂ ਦੇ ਦੇਸ਼ ਦੀ ਅਸਾਈਲਮ ਲੈਣ ਲਈ ਇਹ ਅਜਿਹੇ ਬਿਆਨ ਦਿੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ਾਂ 'ਚ ਜਾ ਕੇ ਧਰਮ ਦੀ ਰਾਜਨੀਤੀ ਖੇਡਦੇ ਹਨ। ਉਨ੍ਹਾਂ ਕਿਹਾ, 'ਮੈਂ ਖ਼ੁਦ ਇਕ ਸਿੱਖ ਹਾਂ ਤੇ ਮੈਨੂੰ ਕਦੇ ਵੀ ਕੜਾ ਪਾਉਣ ਜਾਂ ਪੱਗ ਬੰਨ੍ਹਣ ਤੋਂ ਨਹੀਂ ਰੋਕਿਆ ਗਿਆ।' ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਵੀ ਸੰਸਦ ਦਾ ਸੈਸ਼ਨ ਸ਼ੁਰੂ ਹੋਵੇਗਾ, ਉਹ ਰਾਹੁਲ ਗਾਂਧੀ ਤੋਂ ਸਾਹਮਣੇ ਹੋ ਕੇ ਸਵਾਲ ਪੁੱਛਣਗੇ ਕਿ ਦੱਸੋ ਕਿਹੜੇ ਸਿੱਖਾਂ ਨੂੰ ਦੇਸ਼ 'ਚ ਕੜਾ ਜਾਂ ਪੱਗ ਬੰਨ੍ਹਣ ਤੋਂ ਰੋਕਿਆ ਗਿਆ ਹੈ। 

ਉਨ੍ਹਾਂ ਅੱਗੇ ਕਿਹਾ ਕਿ ਡਾ. ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਪਿੰਜਰੇ 'ਚ ਤੋਤੇ ਵਾਂਗ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਰਾਜ ਦੌਰਾਨ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ 'ਤੇ ਤੋਪਾਂ ਨਾਲ ਹਮਲੇ ਕੀਤੇ ਗਏ, ਜਿਸ ਕਾਰਨ ਕਾਂਗਰਸ ਨੂੰ ਸਿੱਖ ਕਦੇ ਮੁਆਫ਼ ਨਹੀਂ ਕਰਨਗੇ। 

ਅੰਤ 'ਚ ਉਨ੍ਹਾਂ ਇਕ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਰਾਹੁਲ ਗਾਂਧੀ ਕਰ ਰਹੇ ਹਨ, ਜੇਕਰ ਇਸ ਧਰਮ ਦੇ ਨਾਂ 'ਤੇ ਵੰਡਣ ਦੀ ਨੀਤੀ ਕਾਰਨ ਦੇਸ਼ 'ਚ ਕਿਤੇ ਵੀ ਮਾਹੌਲ ਖ਼ਰਾਬ ਹੋਇਆ, ਤਾਂ ਇਸ ਦਾ ਕਾਰਨ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਤੇ ਇਸ ਦੀ ਜ਼ਿੰਮੇਵਾਰੀ ਵੀ ਰਾਹੁਲ ਗਾਂਧੀ ਦੀ ਹੀ ਹੋਵੇਗੀ। 

ਇਹ ਵੀ ਪੜ੍ਹੋ- ਵਿਦਿਆਰਥੀ ਦੇਣ ਧਿਆਨ ; CBSE ਨੇ ਕੀਤਾ ਵੱਡਾ ਬਦਲਾਅ, ਹੁਣ ਹੋਈ ਗ਼ਲਤੀ ਤਾਂ ਨਹੀਂ ਹੋਵੇਗੀ ਠੀਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News