ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ ਠੱਗੀ, ਤਿੰਨ ਏਜੰਟਾਂ ਖਿਲਾਫ ਮਾਮਲਾ ਦਰਜ

Thursday, Sep 26, 2024 - 05:09 AM (IST)

ਹਠੂਰ (ਸਰਬਜੀਤ) - ਦਰਖਾਸਤੀ ਗੁਰਪ੍ਰੀਤ ਸਿੰਘ ਪੁੱਤਰ ਮੰਗਤ ਰਾਜ ਵਾਸੀ ਪਿੰਡ ਝੋਰੜਾਂ ਤਹਿਸੀਲ ਰਾਏਕੋਟ ਨੇ ਪੁਲਸ ਥਾਣਾ ਹਠੂਰ ਵਿਖੇ ਦਰਖਾਸਤ ਦਿੰਦਿਆਂ ਦੱਸਿਆ ਕਿ ਉਸਨੇ ਬਾਰਵੀਂ ਕਲਾਸ ਪਾਸ ਕਰਨ ਉਪਰੰਤ ਇਲੈਕਟ੍ਰਿਕ ਦਾ ਕੋਰਸ ਕੀਤਾ ਅਤੇ ਉਸਦੇ ਮਾਤਾ-ਪਿਤਾ ਨੇ ਉਸਨੂੰ ਕੈਨੇਡਾ ਸੈਂਟਲ ਕਰਨ ਦੀ ਇੱਛਾ ਨਾਲ ਰਾਜ ਕੁਮਾਰ ਜੋਸ਼ੀ, ਰਾਜੇਸ਼ ਕੁਮਾਰ ਅਤੇ ਰਮਨ ਕੁਮਾਰ ਨਾਲ ਸੰਪਰਕ ਕੀਤਾ, ਜੋ ਏਜੰਟੀ ਦਾ ਕੰਮ ਕਰਦੇ ਹਨ। ਇਹ ਰਮਨ ਕੁਮਾਰ ਰਾਹੀਂ ਲੋਕਾਂ ਨੂੰ ਦੁਬਈ ਰਾਹੀਂ ਅੱਗੇ ਕੈਨੇਡਾ ਅਤੇ ਵੱਖ-ਵੱਖ ਦੇਸ਼ਾਂ ਵਿਚ ਭੇਜਦੇ ਹਨ।

ਦਰਖਾਸਤੀ ਦਾ ਰਿਸ਼ਤੇਦਾਰ ਵਿਜੇ ਕੁਮਾਰ ਅਪ੍ਰੈਲ 2022 ਵਿਚ ਰਾਜ ਕੁਮਾਰ ਏਜੰਟ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਪਿੰਡ ਝੋਰੜਾਂ ਆਇਆ ਅਤੇ ਕੈਨੇਡਾ ਭੇਜਣ ਬਾਰੇ ਏਜੰਟ ਨਾਲ ਗੱਲਬਾਤ ਕੀਤੀ ਤਾਂ ਦਰਖਾਸਤੀ ਦੇ ਪਿਤਾ ਅਤੇ ਰਿਸ਼ਤੇਦਾਰ ਵਿਜੇ ਕੁਮਾਰ ਦੀ ਹਾਜ਼ਰੀ ਵਿਚ ਰਾਜ ਕੁਮਾਰ ਨੇ ਦੱਸਿਆ ਕਿ ਉਹ ਰਾਕੇਸ਼ ਕੁਮਾਰ ਅਤੇ ਮੋਹਣ ਲਾਲ ਨਾਲ ਮਿਲ ਕੇ ਏਜੰਟੀ ਦਾ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਕੈਨੇਡਾ ਤੇ ਹੋਰ ਦੇਸ਼ਾਂ ਵਿਚ ਭੇਜਣ ਦਾ ਕੰਮ ਕਰਦਾ ਹੈ।

ਰਾਜ ਕੁਮਾਰ ਨੇ ਯਕੀਨ ਦਿਵਾਇਆ ਕਿ ਰਮਨ ਕੁਮਾਰ ਦੁਬਈ ਵਿਖੇ ਰਹਿ ਰਿਹਾ ਹੈ ਤੇ ਉਹ ਗੁਰਪ੍ਰੀਤ ਸਿੰਘ ਨੂੰ ਪਹਿਲਾਂ ਦੁਬਈ ਵਿਖੇ ਉਸ ਕੋਲ ਭੇਜੇਗਾ, ਜਿੱਥੇ ਰਮਨ ਉਸ ਦਾ ਲਾਇਸੈਂਸ ਬਣਾ ਕੇ ਦੇਵੇਗਾ ਤੇ ਉਸਨੂੰ ਅੱਗੇ ਕੈਨੇਡਾ ਭੇਜ ਦੇਵੇਗਾ, ਜਿਸਦੀ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ।

ਰਾਜ ਕੁਮਾਰ ਨੇ ਕਿਹਾ ਕਿ ਪਹਿਲਾਂ ਉਹ 7 ਲੱਖ ਰੁਪਏ ਲਵੇਗਾ ਤੇ ਜਦੋਂ ਲਾਇਸੈਂਸ ਬਣ ਗਿਆ ਅਤੇ ਕੈਨੇਡਾ ਪਹੁੰਚ ਗਿਆ ਤਾਂ ਬਾਅਦ ਵਿਚ 15 ਲੱਖ ਰੁਪਏ ਹੋਰ ਲੈਣਗੇ ਅਤੇ ਜੇਕਰ ਕੈਨੇਡਾ ਨਾ ਭੇਜ ਸਕੇ ਤਾਂ ਉਸਦੀ ਰਕਮ ਵਾਪਸ ਕਰਨ ਦੇ ਪਾਬੰਦ ਹੋਣਗੇ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਤੇ ਹੋਰਨਾ ਨੇ 2. 9. 2022 ਨੂੰ ਉਸਨੂੰ ਦੁਬਈ ਭੇਜ ਦਿੱਤਾ, ਜਿੱਥੇ ਰਮਨ ਕੁਮਾਰ ਪਹਿਲਾ ਤੋਂ ਹੀ ਰਹਿ ਰਿਹਾ ਸੀ ਤੇ ਉਹ ਇਕ-ਡੇਢ ਸਾਲ ਦੁਬਈ ਵਿਚ ਹੀ ਬੈਠਾ ਰਿਹਾ ਪਰ ਰਮਨ ਨੇ ਨਾ ਹੀ ਉਸਦਾ ਲਾਇਸੈਂਸ ਬਣਵਾ ਕੇ ਦਿੱਤਾ ਤੇ ਨਾ ਹੀ ਅੱਗੇ ਕੈਨੇਡਾ ਭੇਜਿਆ। ਉਸ ਨੇ ਡਰਾ ਧਮਕਾ ਕੇ ਉਸ ਤੋਂ 12,000 ਦਰਾਮ ਹੋਰ ਲੈ ਕੇ ਕਾਗਜ਼ਾਂ ’ਤੇ ਦਸਤਖਤ ਕਰਵਾ ਕੇ ਘਰੋਂ ਕੱਢ ਦਿੱਤਾ।

ਉਹ ਆਪਣੇ ਮਾਪਿਆਂ ਤੋਂ ਟਿਕਟ ਦਾ ਪ੍ਰਬੰਧ ਕਰ ਕੇ 16. 4. 2024 ਨੂੰ ਵਾਪਸ ਇੰਡੀਆ ਆ ਗਿਆ। ਇਸ ਸਬੰਧੀ ਏ. ਐੱਸ. ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਰਾਜ ਕੁਮਾਰ ਜੋਸ਼ੀ ਪੁੱਤਰ ਜਗਦੀਸ਼ ਲਾਲ ਜੋਸ਼ੀ ਵਾਸੀ ਨਵਾਂ ਮੁਹੱਲਾ ਕੱਟੜਾ ਕਲਾਨੌਰ, ਜ਼ਿਲਾ ਗੁਰਦਾਸਪੁਰ, ਰਾਕੇਸ਼ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਮੁਹੱਲਾ ਢੱਕੀ ਨੇੜੇ ਬੇਲੀਰਾਮ ਕਲਾਨੌਰ, ਜ਼ਿਲਾ ਗੁਰਦਾਸਪੁਰ ਅਤੇ ਰਮਨ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਕਲਾਨੌਰ ਆਦਿ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Inder Prajapati

Content Editor

Related News