Calculator ਨੂੰ ਮਾਤ ਦੇਣ ਵਾਲੀ ਭਾਰਤ ਦੀ ‘ਹਿਊਮਨ ਕੰਪਿਊਟਰ’! ਜਾਣੋ ਸ਼ਕੁੰਤਲਾ ਦੇਵੀ ਦੀ ਹੈਰਾਨੀਜਨਕ ਕਹਾਣੀ
Wednesday, Apr 29, 2026 - 04:13 PM (IST)
ਵੈੱਬ ਡੈਸਕ - ਭਾਰਤੀ ਗਣਿਤ ਦੀ ਜਾਦੂਗਰਨੀ ਵਜੋਂ ਜਾਣੀ ਜਾਂਦੀ ਸ਼ਕੁੰਤਲਾ ਦੇਵੀ ਨੂੰ ਅਕਸਰ "ਹਿਊਮਨ ਕੰਪਿਊਟਰ" ਕਿਹਾ ਜਾਂਦਾ ਸੀ। ਉਹ ਗੁੰਝਲਦਾਰ ਗਣਿਤ ਦੀਆਂ ਗਣਨਾਵਾਂ ਨੂੰ ਇੰਨੀ ਤੇਜ਼ੀ ਨਾਲ ਹੱਲ ਕਰਦੀ ਸੀ ਕਿ ਦੁਨੀਆ ਹੈਰਾਨ ਰਹਿ ਜਾਂਦੀ ਸੀ। ਉਨ੍ਹਾਂ ਦੀ ਇਸ ਵਿਲੱਖਣ ਪ੍ਰਤਿਭਾ ਕਾਰਨ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡਜ਼ 'ਚ ਵੀ ਸ਼ਾਮਲ ਕੀਤਾ ਗਿਆ ਸੀ।
ਕੈਲਕੁਲੇਟਰ ਅਤੇ ਕੰਪਿਊਟਰ ਨੂੰ ਵੀ ਪਿੱਛੇ ਛੱਡਿਆ
ਸ਼ਕੁੰਤਲਾ ਦੇਵੀ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕੁਝ ਹੀ ਸਕਿੰਟਾਂ 'ਚ 13 ਅੰਕਾਂ ਵਾਲੀਆਂ ਦੋ ਰੈਂਡਮ ਗਿਣਤੀ ਨੂੰ ਗੁਣਾ ਕਰ ਸਕਦੀ ਸੀ। ਉਨ੍ਹਾਂ ਨੇ ਇਕ ਵਾਰ 201 ਅੰਕਾਂ ਵਾਲੀ ਗਿਣਥੀ ਦਾ 23ਵਾਂ ਰੂਟ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਮਨ ਹੀ ਮਨ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਇੰਝ ਮਿਲਿਆ 'ਹਿਊਮਨ ਕੰਪਿਊਟਰ' ਦਾ ਖਿਤਾਬ
ਸਾਲ 1950 'ਚ ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਗਣਿਤ ਦਾ ਇਕ ਮੁਸ਼ਕਲ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕੰਪਿਊਟਰ ਵੱਲੋ ਪੁੱਛੇ ਗਏ ਸਵਾਲ ਨੂੰ ਹੀ ਗਲਤ ਦੱਸ ਦਿੱਤਾ। ਸ਼ੁਰੂ 'ਚ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਅਗਲੇ ਦਿਨ ਜਦੋਂ ਉਨ੍ਹਾਂ ਦੀ ਗੱਲ ਸਹੀ ਸਾਬਤ ਹੋਈ, ਤਾਂ ਉਨ੍ਹਾਂ ਨੂੰ 'ਹਿਊਮਨ ਕੰਪਿਊਟਰ' ਦਾ ਖਿਤਾਬ ਦਿੱਤਾ ਗਿਆ।
ਬਿਨਾਂ ਕਿਸੇ ਰਸਮੀ ਸਿੱਖਿਆ ਦੇ ਬਣੀ ਪ੍ਰਤਿਭਾਸ਼ਾਲੀ
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਕੁੰਤਲਾ ਦੇਵੀ ਨੇ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ। ਉਨ੍ਹਾਂ ਦੇ ਪਿਤਾ, ਜੋ ਸਰਕਸ 'ਚ ਕੰਮ ਕਰਦੇ ਸਨ, 2 ਰੁਪਏ ਫੀਸ ਵੀ ਨਹੀਂ ਭਰ ਸਕਦੇ ਸਨ। ਉਨ੍ਹਾਂ ਦੀ ਪ੍ਰਤਿਭਾ ਦੀ ਪਛਾਣ ਉਨ੍ਹਾਂ ਦੇ ਪਿਤਾ ਨੂੰ ਉਦੋਂ ਹੋਈ ਜਦੋਂ ਉਹ ਮਹਿਜ਼ 3 ਸਾਲ ਦੀ ਸੀ ਅਤੇ ਤਾਸ਼ ਖੇਡਦੇ ਹੋਏ ਪੱਤਿਆਂ ਨੂੰ ਯਾਦ ਕਰਕੇ ਆਪਣੇ ਪਿਤਾ ਨੂੰ ਹਰਾ ਦਿੰਦੀ ਸੀ। 6 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਰਨਾਟਕ ਦੀ ਇਕ ਯੂਨੀਵਰਸਿਟੀ 'ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਇੰਦਰਾ ਗਾਂਧੀ ਨੂੰ ਵੀ ਦਿੱਤੀ ਸੀ ਚੁਣੌਤੀ
ਸ਼ਕੁੰਤਲਾ ਦੇਵੀ ਸਿਰਫ਼ ਗਣਿਤ ਤੱਕ ਹੀ ਸੀਮਤ ਨਹੀਂ ਸੀ, ਉਨ੍ਹਾਂ ਨੇ ਸਾਲ 1980 ਦੀਆਂ ਲੋਕ ਸਭਾ ਚੋਣਾਂ 'ਚ ਇੰਦਰਾ ਗਾਂਧੀ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਉਹ ਲੋਕਾਂ ਨੂੰ ਇੰਦਰਾ ਗਾਂਧੀ ਤੋਂ ਬਚਾਉਣਾ ਚਾਹੁੰਦੀ ਹੈ, ਹਾਲਾਂਕਿ ਉਸ ਚੋਣ ਵਿੱਚ ਉਹ 9ਵੇਂ ਸਥਾਨ 'ਤੇ ਰਹੀ ਸੀ।
ਸ਼ਕੁੰਤਲਾ ਦੇਵੀ ਨੇ ਹਮੇਸ਼ਾ ਵਿਦਿਆਰਥੀਆਂ ਦੇ ਮਨਾਂ 'ਚੋਂ ਗਣਿਤ ਦੇ ਡਰ ਨੂੰ ਦੂਰ ਕਰਨ ਅਤੇ ਇਸ ਵਿਸ਼ੇ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ।
