ਘੜੀਆਂ ਦੀਆਂ ਫੋਟੋਆਂ ''ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ ਪਿੱਛੇ ਦਾ ਹੈਰਾਨੀਜਨਕ ਰਾਜ਼

Wednesday, Apr 29, 2026 - 09:19 AM (IST)

ਘੜੀਆਂ ਦੀਆਂ ਫੋਟੋਆਂ ''ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ ਪਿੱਛੇ ਦਾ ਹੈਰਾਨੀਜਨਕ ਰਾਜ਼

ਵੈੱਬ ਡੈਸਕ - ਅਸੀਂ ਰੋਜ਼ਾਨਾ ਜ਼ਿੰਦਗੀ 'ਚ ਅਣਗਿਣਤ ਘੜੀਆਂ ਦੇ ਇਸ਼ਤਿਹਾਰ ਦੇਖਦੇ ਹਾਂ, ਚਾਹੇ ਉਹ ਅਖ਼ਬਾਰ 'ਚ ਹੋਣ, ਸੋਸ਼ਲ ਮੀਡੀਆ 'ਤੇ ਜਾਂ ਕਿਸੇ ਸ਼ੋਅਰੂਮ ਦੇ ਬਾਹਰ ਪਰ ਕੀ ਤੁਸੀਂ ਕਦੇ ਇਕ ਗੱਲ ਨੋਟ ਕੀਤੀ ਹੈ? ਲਗਭਗ ਹਰ ਫੋਟੋ ਜਾਂ ਡਿਸਪਲੇਅ 'ਚ ਘੜੀ 'ਤੇ 10 ਵੱਜ ਕੇ 10 ਮਿੰਟ (10:10) ਦਾ ਸਮਾਂ ਹੀ ਸੈੱਟ ਹੁੰਦਾ ਹੈ। ਇਹ ਕੋਈ ਇਤਫ਼ਾਕ ਨਹੀਂ ਹੈ, ਸਗੋਂ ਇਸ ਦੇ ਪਿੱਛੇ ਵਿਗਿਆਨ, ਮਨੋਵਿਗਿਆਨ ਅਤੇ ਮਾਰਕੀਟਿੰਗ ਦਾ ਇਕ ਵੱਡਾ ਖੇਡ ਹੈ।

ਆਓ ਜਾਣਦੇ ਹਾਂ ਇਸ ਪਿੱਛੇ ਦੇ 4 ਮੁੱਖ ਕਾਰਨ :-

ਮਨੋਵਿਗਿਆਨਕ ਕਾਰਨ: 'ਸਮਾਈਲਿੰਗ ਫੇਸ' 
ਸਭ ਤੋਂ ਮਹੱਤਵਪੂਰਨ ਕਾਰਨ ਮਨੋਵਿਗਿਆਨਕ ਹੈ। ਜਦੋਂ ਘੜੀ ਦੀਆਂ ਸੂਈਆਂ 10 ਅਤੇ 2 'ਤੇ ਹੁੰਦੀਆਂ ਹਨ, ਤਾਂ ਉਹ ਅੰਗਰੇਜ਼ੀ ਦੇ ਅੱਖਰ 'V' ਵਰਗੀ ਸ਼ਕਲ ਬਣਾਉਂਦੀਆਂ ਹਨ। ਇਹ ਦੇਖਣ 'ਚ ਬਿਲਕੁਲ ਇਕ ਮੁਸਕਰਾਉਂਦੇ ਹੋਏ ਚਿਹਰੇ ਵਰਗਾ ਲੱਗਦਾ ਹੈ। ਮਨੋਵਿਗਿਆਨ ਅਨੁਸਾਰ, ਮੁਸਕਰਾਹਟ ਵਾਲੀ ਚੀਜ਼ ਨੂੰ ਦੇਖ ਕੇ ਗਾਹਕ ਦੇ ਮਨ 'ਚ ਸਕਾਰਾਤਮਕ ਭਾਵਨਾਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਉਸ ਦੇ ਫ਼ੋਨ ਜਾਂ ਘੜੀ ਖਰੀਦਣ ਦੀ ਸੰਭਾਵਨਾ ਵਧ ਜਾਂਦੀ ਹੈ। 

ਬ੍ਰਾਂਡ ਲੋਗੋ ਦੀ ਸਪੱਸ਼ਟਤਾ
ਜ਼ਿਆਦਾਤਰ ਘੜੀ ਕੰਪਨੀਆਂ ਆਪਣਾ ਲੋਗੋ ਅਤੇ ਨਾਮ ਘੜੀ ਦੇ ਅੰਦਰ 12 ਵਜੇ ਦੇ ਬਿਲਕੁਲ ਹੇਠਾਂ ਲਗਾਉਂਦੀਆਂ ਹਨ। ਜਦੋਂ ਸੂਈਆਂ 10:10 'ਤੇ ਹੁੰਦੀਆਂ ਹਨ, ਤਾਂ ਉਹ ਲੋਗੋ ਨੂੰ ਬਿਲਕੁਲ ਸੈਂਟਰ 'ਚ 'ਫਰੇਮ' ਕਰ ਦਿੰਦੀਆਂ ਹਨ। ਇਸ ਨਾਲ ਗਾਹਕ ਦੀ ਨਜ਼ਰ ਸਭ ਤੋਂ ਪਹਿਲਾਂ ਕੰਪਨੀ ਦੇ ਨਾਮ 'ਤੇ ਪੈਂਦੀ ਹੈ ਅਤੇ ਬ੍ਰਾਂਡ ਦੀ ਪਛਾਣ ਸਾਫ਼ ਹੁੰਦੀ ਹੈ।

ਡਿਜ਼ਾਈਨ ਅਤੇ ਫੀਚਰਸ ਦਾ ਸਾਫ਼ ਦਿਖਣਾ 
ਮਾਡਰਨ ਘੜੀਆਂ 'ਚ ਮਿਤੀ, ਸੈਕੰਡ ਡਾਇਲ ਜਾਂ ਹੋਰ ਸੈਂਸਰ ਅਕਸਰ 3, 6, ਜਾਂ 9 ਵਜੇ ਵਾਲੀ ਥਾਂ 'ਤੇ ਹੁੰਦੇ ਹਨ। ਜੇਕਰ ਸੂਈਆਂ ਕਿਸੇ ਹੋਰ ਸਮੇਂ 'ਤੇ ਹੋਣਗੀਆਂ, ਤਾਂ ਉਹ ਇਨ੍ਹਾਂ ਖ਼ਾਸ ਫੀਚਰਾਂ ਨੂੰ ਢਕ ਸਕਦੀਆਂ ਹਨ। 10:10 ਦਾ ਸਮਾਂ ਅਜਿਹਾ ਹੁੰਦਾ ਹੈ ਜਿਸ 'ਚ ਘੜੀ ਦਾ ਕੋਈ ਵੀ ਅੰਦਰੂਨੀ ਡਿਜ਼ਾਈਨ ਨਹੀਂ ਢਕਿਆ ਜਾਂਦਾ ਅਤੇ ਪੂਰੀ ਘੜੀ ਸਾਫ਼ ਦਿਖਾਈ ਦਿੰਦੀ ਹੈ।

ਸੁਹਜ ਅਤੇ ਸੰਤੁਲਨ 
ਘੜੀ ਦੇ ਡਾਇਲ 'ਤੇ 10 ਅਤੇ 2 ਦੀ ਸਥਿਤੀ ਬਿਲਕੁਲ ਬਰਾਬਰ ਹੁੰਦੀ ਹੈ। ਇਹ ਦੇਖਣ 'ਚ ਇਕ ਸੁਖਦ ਸੰਤੁਲਨ ਪੈਦਾ ਕਰਦੀ ਹੈ। ਮਨੁੱਖੀ ਅੱਖਾਂ ਨੂੰ ਸੰਤੁਲਿਤ ਅਤੇ ਸਾਫ਼-ਸੁਥਰੀਆਂ ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ ਹਨ, ਇਸੇ ਲਈ ਫੋਟੋਗ੍ਰਾਫੀ ਦੌਰਾਨ ਇਸ ਸਮੇਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਕੀ ਇਹ ਸਮਾਂ ਕਿਸੇ ਦੀ ਮੌਤ ਨਾਲ ਜੁੜਿਆ ਹੈ? 

ਕੁਝ ਲੋਕ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਫੈਲਾਉਂਦੇ ਹਨ ਕਿ 10:10 ਦਾ ਸਮਾਂ ਅਬਰਾਹਮ ਲਿੰਕਨ ਜਾਂ ਜੌਨ ਐਫ. ਕੈਨੇਡੀ ਦੀ ਮੌਤ ਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਪਰ ਇਹ ਸਿਰਫ਼ ਇਕ ਅਫਵਾਹ ਹੈ। ਅਸਲੀਅਤ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਦਿਖਾਵਟ ਨਾਲ ਜੁੜੀ ਹੋਈ ਹੈ।
 


author

Sunaina

Content Editor

Related News