ਸਾਵਧਾਨ ! ਖੇਡਣ ਦੀ ਉਮਰ ''ਚ ਬੱਚਿਆਂ ਨੂੰ ਲੱਗ ਰਹੀ ਦਿਲ ਦੀ ਬੀਮਾਰੀ, ਰਿਪੋਰਟ ''ਚ ਹੋਇਆ ਵੱਡਾ ਖੁਲਾਸਾ
Monday, Apr 20, 2026 - 09:50 AM (IST)
ਨੈਸ਼ਨਲ ਡੈਸਕ- ਦੇਸ਼ ਦੇ ਅੱਲੜ੍ਹਾਂ ਵਿਚ ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਹੁਣ ਇਕ ਗੰਭੀਰ ਸਿਹਤ ਸੰਕਟ ਦਾ ਰੂਪ ਲੈਂਦੀ ਜਾ ਰਹੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਹਾਲੀਆ ਅਧਿਐਨ ਵਿਚ ਪਤਾ ਲੱਗਾ ਹੈ ਕਿ ਲਗਭਗ 40 ਫੀਸਦੀ ਅੱਲੜ੍ਹ ਤੇ ਨੌਜਵਾਨ ਡਿਸਲਿਪੀਡੇਮੀਆ ਦੀ ਲਪੇਟ ਵਿਚ ਹਨ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਰਿਹਾ ਹੈ।
ਚੰਗਾ ਕੋਲੈਸਟ੍ਰੋਲ ਘਟਿਆ, ਮਾੜਾ ਵਧਿਆ
ਅਧਿਐਨ ਮੁਤਾਬਕ ਅੱਲੜ੍ਹਾਂ ਵਿਚ ਚੰਗਾ ਕੋਲੈਸਟ੍ਰੋਲ (ਐੱਚ. ਡੀ. ਐੱਲ.) ਘਟ ਰਿਹਾ ਹੈ, ਜਦੋਂਕਿ ਮਾੜੇ ਕੋਲੈਸਟ੍ਰੋਲ ਦਾ ਲੈਵਲ ਲਗਾਤਾਰ ਵਧ ਰਿਹਾ ਹੈ। 10 ਤੋਂ 19 ਸਾਲ ਦੀ ਉਮਰ ਦੇ 11,960 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਵਿਚ ਪਤਾ ਲੱਗਾ ਕਿ 39.9 ਫੀਸਦੀ ਅੱਲੜ੍ਹਾਂ ਦਾ ਕੋਲੈਸਟ੍ਰੋਲ ਲੈਵਲ ਅਸਾਧਾਰਨ ਸੀ, ਜਦੋਂਕਿ 28 ਫੀਸਦੀ ਵਿਚ ਚੰਗੇ ਕੋਲੈਸਟ੍ਰੋਲ ਦੀ ਕਮੀ ਦਰਜ ਕੀਤੀ ਗਈ।
ਲੜਕੀਆਂ ਵੀ ਸੁਰੱਖਿਅਤ ਨਹੀਂ
ਰਿਪੋਰਟ ਅਨੁਸਾਰ ਲੜਕੀਆਂ ਦੇ ਮੁਕਾਬਲੇ ਲੜਕਿਆਂ ਵਿਚ ਇਹ ਸਮੱਸਿਆ ਵਧੇਰੇ ਦੇਖਣ ਨੂੰ ਮਿਲੀ। ਜਿੱਥੇ 42 ਫੀਸਦੀ ਲੜਕੇ ਡਿਸਲਿਪੀਡੇਮੀਆ ਤੋਂ ਪ੍ਰਭਾਵਿਤ ਵੇਖੇ ਗਏ, ਉੱਥੇ ਹੀ 38 ਫੀਸਦੀ ਲੜਕੀਆਂ ਇਸ ਦਾ ਸ਼ਿਕਾਰ ਹਨ। ਹਾਲਾਂਕਿ ਟ੍ਰਾਈਗਲਿਸਰਾਈਡਸ ਦਾ ਲੈਵਲ ਵਧਣ ਦੇ ਮਾਮਲੇ ਵਿਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਰਹੀਆਂ।
ਲਾਈਫਸਟਾਈਲ ਬਣ ਰਿਹੈ ਸਭ ਤੋਂ ਵੱਡੀ ਵਜ੍ਹਾ
ਮਾਹਿਰਾਂ ਅਨੁਸਾਰ ਅੱਜ ਦੇ ਅੱਲੜ੍ਹਾਂ ਦੀ ਰੁਟੀਨ ਇਸ ਸਮੱਸਿਆ ਦਾ ਮੁੱਖ ਕਾਰਨ ਹੈ। ਫਲਾਂ ਤੇ ਹਰੀਆਂ ਸਬਜ਼ੀਆਂ ਤੋਂ ਦੂਰੀ, ਜੰਕ ਫੂਡ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਦੀ ਵਧਦੀ ਵਰਤੋਂ, ਨਾਲ ਹੀ ਖੇਡਾਂ ਤੇ ਸਰੀਰਕ ਸਰਗਰਮੀਆਂ ਵਿਚ ਕਮੀ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਮੋਬਾਈਲ ਤੇ ਸਕ੍ਰੀਨ ਟਾਈਮ ਵਿਚ ਵਾਧਾ ਵੀ ਸਿਹਤ ’ਤੇ ਉਲਟ ਅਸਰ ਪਾ ਰਿਹਾ ਹੈ।
ਕੀ ਹੈ ਡਿਸਲਿਪੀਡੇਮੀਆ?
ਡਿਸਲਿਪੀਡੇਮੀਆ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸਰੀਰ ’ਚ ਚਰਬੀ (ਲਿਪਿਡ) ਦਾ ਲੈਵਲ ਅਸੰਤੁਲਿਤ ਹੋ ਜਾਂਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ, ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ। ਏਮਸ ਦਾ ਇਹ ਅਧਿਐਨ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਜੇਕਰ ਸਮਾਂ ਰਹਿੰਦੇ ਅੱਲੜ੍ਹਾਂ ਦੀ ਜੀਵਨ ਸ਼ੈਲੀ ਵਿਚ ਬਦਲਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਘੱਟ ਉਮਰ ਵਿਚ ਦਿਲ ਦੀਆਂ ਬਿਮਾਰੀਆਂ ਆਮ ਹੋ ਸਕਦੀਆਂ ਹਨ। ਸਿਹਤ-ਵਧਾਊ ਖਾਣ-ਪੀਣ ਅਤੇ ਸਰਗਰਮ ਜੀਵਨ ਸ਼ੈਲੀ ਹੀ ਇਸ ਖਤਰੇ ਤੋਂ ਬਚਣ ਦਾ ਸਭ ਤੋਂ ਅਸਰਦਾਰ ਉਪਾਅ ਹੈ।
ਕੀ ਹਨ ਬਚਾਅ ਦੇ ਆਸਾਨ ਉਪਾਅ :
- ਰੋਜ਼ਾਨਾ ਦੀ ਖੁਰਾਕ ਵਿਚ ਫਲ ਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ।
- ਕੋਲਡਡ੍ਰਿੰਕ, ਚਿਪਸ, ਪੀਜ਼ਾ ਤੇ ਫਾਸਟ ਫੂਡ ਦੀ ਵਰਤੋਂ ਸੀਮਿਤ ਕਰੋ।
- ਤਲੀਆਂ-ਭੁੰਨੀਆਂ ਚੀਜ਼ਾਂ ਅਤੇ ਜ਼ਿਆਦਾ ਮਿੱਠਾ ਖਾਣ ਤੋਂ ਬਚੋ।
- ਨਿਯਮਿਤ ਖੇਡਾਂ ਤੇ ਕਸਰਤ ਨੂੰ ਰੁਟੀਨ ਦਾ ਹਿੱਸਾ ਬਣਾਓ।
- ਲੋੜੀਂਦੀ ਨੀਂਦ ਲਓ ਅਤੇ ਸਕ੍ਰੀਨ ਟਾਈਮ ਘਟਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
