ਲੋਕ ਇਨਸਾਫ਼ ਪਾਰਟੀ ਦਾ ਭਾਜਪਾ ਨਾਲ ਗਠਜੋੜ ਲਗਭਗ ਤੈਅ

01/19/2022 2:59:09 PM

ਸੁਲਤਾਨਪੁਰ ਲੋਧੀ  (ਸੋਢੀ ) : ਪੰਜਾਬ 'ਚ 20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਲੋਕ ਇਨਸਾਫ਼ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਭਾਜਪਾ ਨਾਲ ਗਠਜੋੜ ਸਬੰਧੀ ਗੱਲਬਾਤ ਲਗਭਗ ਤੈਅ ਹੋ ਚੁੱਕੀ ਹੈ, ਜਿਸ ਦਾ ਐਲਾਨ ਭਾਜਪਾ ਤੇ ਬੈਂਸ ਭਰਾਵਾਂ ਵੱਲੋਂ 20 ਜਨਵਰੀ ਤੱਕ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ 'ਚ ਤਕਰੀਬਨ 65-70 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ। ਬਾਕੀ ਸੀਟਾਂ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਬੈਂਸ ਭਰਾਵਾਂ ਤੇ ਹੋਰ ਪਾਰਟੀਆਂ ਨਾਲ ਗਠਜੋੜ ਸਬੰਧੀ ਗੱਲਬਾਤ ਜਾਰੀ ਹੈ।

ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇ 'ਤੇ ਨਾਕੇਬੰਦੀ ਦੌਰਾਨ ਟਰੱਕ 'ਚੋਂ 16 ਬੋਰੀਆਂ ਭੁੱਕੀ ਬਰਾਮਦ 

ਲੋਕ ਇਨਸਾਫ਼ ਪਾਰਟੀ ਦੇ ਆਗੂ ਬੈਂਸ ਭਰਾਵਾਂ ਵੱਲੋਂ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਦੇ ਸਹਿਯੋਗ ਨਾਲ ਆਪਣੇ ਬਲਬੂਤੇ 'ਤੇ ਹੀ ਕਾਂਗਰਸ ਅਤੇ ਅਕਾਲੀ ਦਲ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਹੁਣ ਭਾਜਪਾ ਨਾਲ ਗਠਜੋੜ ਕਰਕੇ ਵੱਡੇ ਪੱਧਰ 'ਤੇ ਚੋਣ ਮੈਦਾਨ 'ਚ ਕੁੱਦਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਿਮਰਜੀਤ ਸਿੰਘ ਬੈਂਸ ਦੀ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਲਗਭਗ ਫਾਈਨਲ ਹੋ ਚੁੱਕੀ ਹੈ ਤੇ 20 ਜਨਵਰੀ ਨੂੰ ਇਸ ਸਬੰਧੀ ਬਾਕਾਇਦਾ ਐਲਾਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਮਿਆਦ 24 ਤਾਰੀਖ਼ ਤੱਕ ਵਧੀ

ਸੁਲਤਾਨਪੁਰ ਲੋਧੀ ਤੋਂ ਹੋ ਸਕਦੇ ਹਨ ਦਲਜੀਤ ਸਿੰਘ ਦੂਲੋਵਾਲ ਗਠਜੋੜ ਦੇ ਉਮੀਦਵਾਰ

ਇਸ ਸਬੰਧੀ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗਠਜੋੜ ਸਬੰਧੀ ਗੱਲਬਾਤ ਅਜੇ ਚੱਲ ਰਹੀ ਹੈ, ਜਿਸ ਸਬੰਧੀ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹੀ ਐਲਾਨ ਕਰਨਗੇ। ਦੂਲੋਵਾਲ ਨੇ ਕਿਹਾ ਕਿ ਜੇਕਰ ਭਾਜਪਾ ਨਾਲ ਸਾਡਾ ਗਠਜੋੜ ਹੁੰਦਾ ਹੈ ਅਤੇ ਪਾਰਟੀ ਵੱਲੋਂ ਮੈਨੂੰ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਮੈਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਪਹੁੰਚੇ ਪ੍ਰਕਾਸ਼ ਸਿੰਘ ਬਾਦਲ, ਵ੍ਹੀਲਚੇਅਰ ’ਤੇ ਲਿਜਾਇਆ ਗਿਆ ਅੰਦਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Harnek Seechewal

Content Editor

Related News