ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੀ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ

Thursday, Apr 11, 2024 - 03:11 PM (IST)

ਜਲੰਧਰ (ਧਵਨ)- ਭਾਜਪਾ ’ਚ ਅਗਲੇ ਇਕ-ਦੋ ਦਿਨਾਂ ’ਚ ਕੁਝ ਅਕਾਲੀ ਅਤੇ ਕਾਂਗਰਸੀ ਪਰਿਵਾਰ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਨੂੰ ਲੈ ਕੇ ਭਾਜਪਾ ਦੇ ਕੇਂਦਰੀ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ। ਭਾਜਪਾ ਦੇ ਭਰੋਸੇਯੋਗ ਆਗੂਆਂ ਦਾ ਮੰਨਣਾ ਹੈ ਕਿ ਮਾਲਵਾ ਨਾਲ ਸੰਬੰਧ ਰੱਖਦੇ ਅਕਾਲੀ ਅਤੇ ਕਾਂਗਰਸੀ ਪਰਿਵਾਰਾਂ ਨੂੰ ਲੈ ਕੇ ਗੱਲਬਾਤ ਅੰਤਿਮ ਦੌਰ ਤੱਕ ਪੁੱਜ ਚੁੱਕੀ ਹੈ।

ਅਕਾਲੀ ਪਰਿਵਾਰ ਸਾਬਕਾ ਅਕਾਲੀ ਮੰਤਰੀ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਮਾਲਵਾ ਖੇਤਰ ’ਚ ਉਨ੍ਹਾਂ ਦਾ ਕਾਫੀ ਪ੍ਰਭਾਵ ਦੱਸਿਆ ਜਾਂਦਾ ਹੈ। ਭਾਜਪਾ ਨੂੰ ਇਸ ਸਮੇਂ ਮਾਲਵਾ ’ਚ ਕਈ ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਜਪਾ ਨੇ ਅਜੇ ਤਕ ਮਾਲਵਾ ਦੀਆਂ ਕਈ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਿਉਂਕਿ ਭਾਜਪਾ ਹੋਰ ਪਾਰਟੀਆਂ ਤੋਂ ਆਗੂਆਂ ਨੂੰ ਆਪਣੀ ਪਾਰਟੀ ’ਚ ਲਿਆ ਕੇ ਉਨ੍ਹਾਂ ਨੂੰ ਉਮੀਦਵਾਰ ਬਣਾਉਣਾ ਚਾਹੁੰਦੀ ਹੈ। ਭਾਜਪਾ ਨੇ ਅਜੇ ਸੰਗਰੂਰ, ਬਠਿੰਡਾ, ਫਿਰੋਜ਼ਪੁਰ ਆਦਿ ਅਹਿਮ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨੇ ਹਨ। ਹੁਸ਼ਿਆਰਪੁਰ ਲੋਕ ਸਭਾ ਸੀਟ ’ਤੇ ਵੀ ਭਾਜਪਾ ਨੇ ਅਜੇ ਆਪਣਾ ਉਮੀਦਵਾਰ ਨਹੀਂ ਐਲਾਨਿਆ।

ਇਹ ਵੀ ਪੜ੍ਹੋ- ਜਲੰਧਰ ਦੇ DC ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਬੈਠਕ, ਸ਼ੋਭਾ ਯਾਤਰਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜੀ. ਟੀ. ਰੋਡ ਬੈਲਟ ’ਤੇ ਭਾਜਪਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ’ਚ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਦੱਖਣੀ ਮਾਲਵਾ ਖੇਤਰ ’ਚ ਪਾਰਟੀ ਨੂੰ ਮਜ਼ਬੂਤ ਉਮੀਦਵਾਰਾਂ ਦੀ ਭਾਲ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਵੀ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਸਿਰਫ ਆਮ ਆਦਮੀ ਪਾਰਟੀ ਨੇ ਹੀ ਅਜੇ ਤੱਕ ਸਭ ਤੋਂ ਵੱਧ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਸਿਆਸੀ ਹਲਕਿਆਂ ’ਚ ਮੰਨਿਆ ਜਾ ਰਿਹਾ ਹੈ ਕਿ ਅਗਲਾ ਇਕ ਹਫ਼ਤਾ ਕਾਫ਼ੀ ਅਹਿਮ ਸਿੱਧ ਹੋ ਸਕਦਾ ਹੈ। ਦੂਜੇ ਪਾਸੇ ਭਾਜਪਾ ਦੇ ਕੁਝ ਆਗੂ ਕਿਸਾਨਾਂ ਦੀ ਬੈਠਕ ਕੇਂਦਰੀ ਲੀਡਰਸ਼ਿਪ ਨਾਲ ਕਰਵਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਸੂਬੇ ’ਚ ਭਾਜਪਾ ਦੇ ਕੁਝ ਉਮੀਦਵਾਰਾਂ ਨੂੰ ਕਿਸਾਨਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਇਕਾਈ ਦੇ ਆਗੂ ਚਾਹੁੰਦੇ ਹਨ ਕਿ ਚੋਣ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਦੀ ਬੈਠਕ ਪ੍ਰਧਾਨ ਮੰਤਰੀ ਨਾਲ ਕਰਵਾ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਸ਼ਾਂਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News