ਭਾਜਪਾ ਨੇ ਲੋਕ ਸਭਾ ਚੋਣਾਂ ਲਈ ਬਣਾਈ ਮੈਨੀਫੈਸਟੋ ਕਮੇਟੀ, ਰਾਜਨਾਥ ਹੋਣਗੇ ਪ੍ਰਧਾਨ
Saturday, Mar 30, 2024 - 05:07 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਨੂੰ 27 ਮੈਂਬਰੀ ਮੈਨੀਫੈਸਟੋ ਕਮੇਟੀ ਗਠਿਤ ਕਰ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਕਮੇਟੀ ਦਾ ਪ੍ਰਧਾਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਨਵੀਨਰ ਅਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੂੰ ਸਹਿਯੋਗੀ ਬਣਾਇਆ ਗਿਆ ਹੈ। ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਇਕ ਬਿਆਨ ਅਨੁਸਾਰ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ। ਕਮੇਟੀ 'ਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਭੂਪਿੰਦਰ ਯਾਦਵ, ਅਸ਼ਵਨੀ ਵੈਸ਼ਨਵ, ਧਰਮੇਂਦਰ ਪ੍ਰਧਾਨ, ਸਮ੍ਰਿਤੀ ਇਰਾਨੀ ਅਤੇ ਰਾਜੀਵ ਚੰਦਰਸ਼ੇਖਰ ਤੋਂ ਇਲਾਵਾ ਪਾਰਟੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਕੁਝ ਸਾਬਕਾ ਉੱਪ ਮੁੱਖ ਮੰਤਰੀ ਵੀ ਸ਼ਾਮਲ ਹਨ। ਮੁੱਖ ਮੰਤਰੀਆਂ 'ਚ ਗੁਜਰਾਤ ਦੇ ਭੂਪਿੰਦਰ ਪਟੇਲ, ਮੱਧ ਪ੍ਰਦੇਸ਼ ਦੇ ਮੋਹਨ ਯਾਦਵ, ਆਸਾਮ ਦੇ ਹਿਮੰਤ ਵਿਸ਼ਵ ਸ਼ਰਮਾ ਅਤੇ ਛੱਤੀਸਗੜ੍ਹ ਦੇ ਵਿਸ਼ਨੂੰ ਦੇਵ ਸਾਏ ਦੇ ਨਾਂ ਹਨ, ਜਦੋਂ ਕਿ ਸਾਬਕਾ ਮੁੱਖ ਮੰਤਰੀਆਂ 'ਚ ਸ਼ਿਵਰਾਜ ਸਿੰਘ ਚੌਹਾਨ ਅਤੇ ਵਸੁੰਧਰਾ ਰਾਜੇ ਦੇ ਨਾਂ ਹਨ।
ਕਮੇਟੀ ਦੇ ਹੋਰ ਮੈਂਬਰਾਂ 'ਚ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ, ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਰਾਧਾਮੋਹਨ ਦਾਸ ਅਗਰਵਾਲ, ਰਾਸ਼ਟਰੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਓ.ਪੀ. ਧਨਖੜੇ, ਅਨਿਲ ਐਂਟਨੀ ਸ਼ਾਮਲ ਹਨ। ਭਾਜਪਾ ਨੇ ਪਿਛਲੇ ਮਹੀਨੇ ਹੀ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਪਾਰਟੀ ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਵੱਖ-ਵੱਖ ਇਲਾਕਿਆਂ 'ਚ 'ਰਥ' ਵੀ ਰਵਾਨਾ ਕੀਤੇ ਸਨ। ਭਾਜਪਾ ਆਪਣੇ ਮੈਨੀਫੈਸਟੋ ਨੂੰ 'ਸੰਕਲਪ ਪੱਤਰ' ਕਹਿੰਦੀ ਹੈ। ਸੂਤਰਾਂ ਅਨੁਸਾਰ ਇਸ ਵਾਰ ਦਾ ਮੈਨੀਫੈਸਟੋ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾ ਰਿਹਾ ਹੈ। ਪਾਰਟੀ ਦਾ ਇਸ ਵਾਰ ਦਾ ਮੈਨੀਫੈਸਟੋ 2047 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ਦੀ 'ਯੋਜਨਾ' 'ਤੇ ਵੀ ਆਧਾਰਤ ਹੋਵੇਗਾ। ਸੂਤਰਾਂ ਅਨੁਸਾਰ 19 ਅਪ੍ਰੈਲ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਪਾਰਟੀ ਆਪਣਾ ਮੈਨੀਫੈਸਟੋ ਜਾਰੀ ਕਰ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e