ਲੋਕ ਸਭਾ ਚੋਣਾਂ 2024 : ਵੋਟਿੰਗ ਸਿਸਟਮ ਨੂੰ ਵਿਗਾੜ ਸਕਦੈ ਭਾਜਪਾ ਦਾ ਟਿਕਟਾਂ ਵੰਡਣਾ
Friday, Apr 19, 2024 - 03:29 PM (IST)
ਬੁਢਲਾਡਾ (ਬਾਂਸਲ) - ਲੋਕ ਸਭਾ ਚੋਣਾਂ ਦੇ ਦੰਗਲ ’ਚ ਜਿੱਥੇ ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕਰਦੀਆਂ ਹਨ, ਉੱਥੇ ਪੰਜਾਬ ਦੀ ਸਿਆਸਤ ’ਚ ਤੇਜ਼ੀ ਨਾਲ ਅੱਗੇ ਵਧਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਟਿਕਟਾਂ ਵੰਡਣਾ ਵੋਟਿੰਗ ਸਿਸਟਮ ਨੂੰ ਵਿਗਾੜ ਸਕਦਾ ਹੈ। ਭਾਜਪਾ ਵੱਖ-ਵੱਖ ਮੁੱਦਿਆਂ ਨੂੰ ਜੋੜਨ ’ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ - ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਪਰਿਵਾਰ, ਵਾਪਸ ਪਰਤੇ ਤਾਂ ਘਰ ਦੇ ਹਾਲਾਤ ਵੇਖ ਉੱਡੇ ਹੋਸ਼
ਦੱਸ ਦੇਈਏ ਕਿ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਪੰਜਾਬ ਹਿੰਦੂ ਭਾਈਚਾਰੇ ਦੀ ਸਮੂਲੀਅਤ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਅੰਦਰ ਭਾਜਪਾ ਦੇ ਇਸ ਨਿਰਮਾਣ ਕਾਰਜ ਦੀ ਖੁਸ਼ੀ ’ਚ ਕਰੋੜਾਂ ਲੋਕ ਸ਼ਾਮਲ ਹੋਏ। ਪਹਿਲੀ ਵਾਰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ’ਚ ਬਹੁਤ ਵੱਡੀ ਗਿਣਤੀ ’ਚ ਸਮੂਲੀਅਤ ਹੋਣਾ ਇਕ ਹੈਰਾਨੀਜਨਕ ਉਤਸ਼ਾਹ ਸੀ ਪਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਅੰਦਰ ਭਾਜਪਾ ਦਾ ਟਿਕਟ ਵੰਡਤੰਤਰ ਵਿਗੜਦਾ ਨਜ਼ਰ ਆ ਰਿਹਾ ਹੈ।
ਭਾਜਪਾ ਨੇ ਪੰਜਾਬ ਦੀਆਂ ਅੱਧੀ ਦਰਜਨ ਤੋਂ ਵੱਧ ਜਿਨ੍ਹਾਂ ਮਹੱਤਵਪੂਰਨ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ’ਚ ਵਧੇਰੇ ਦਲ ਬਦਲੂ ਹਨ ਅਤੇ ਗੈਰ ਹਿੰਦੂ ਚਿਹਰੇ ਹਨ। ਪਾਰਟੀ ਨੇ ਹਿੰਦੂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਨੂੰ ਅੱਖੋ ਓਹਲੇ ਕਰ ਕੇ ਜੱਟ ਸਿੱਖ ਉਮੀਦਵਾਰਾਂ ’ਤੇ ਚੋਣ ਲੜਨ ਦਾ ਦਾਅ ਖੇਡਿਆ ਹੈ। ਭਾਜਪਾ ਦੀ ਜੱਟ ਸਿੱਖ ਨੀਤੀ ਨੇ ਪਾਰਟੀ ਦੇ ਵੋਟਤੰਤਰ ਨੂੰ ਵਿਗਾੜ ਦਿੱਤਾ ਹੈ। ਜਿਸ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਭਾਜਪਾ ਨੇ ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾ, ਪਟਿਆਲਾ ਤੋਂ ਪਰਨੀਤ ਕੌਰ, ਲੁਧਿਆਣੇ ਤੋਂ ਰਵਨੀਤ ਬਿੱਟੂ, ਅੰਮ੍ਰਿਤਸਰ ਤੋਂ ਤਰਨਜੀਤ ਸੰਧੂ, ਖਡੂਰ ਸਾਹਿਬ ਤੋਂ ਮਨਜੀਤ ਮੰਨਾ ਨੂੰ ਉਮੀਦਵਾਰ ਐਲਾਨਿਆ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਪੰਜਾਬ ਦੀ ਮਹੱਤਵਪੂਰਨ ਲੋਕ ਸਭਾ ਸੀਟ ਸੰਗਰੂਰ ਤੋਂ ਵੀ ਕਿਸੇ ਜੱਟ ਸਿੱਖ ਨੂੰ ਵੀ ਉਮੀਦਵਾਰ ਬਣਾਉਣ ਦੀਆਂ ਚਰਚਾਵਾਂ ਆਮ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਕੇਡਰ ਨੂੰ ਦਰਕਿਨਾਰਾ ਕਰ ਕੇ ਦਲਬਦਲੂਆਂ ਨੂੰ ਟਿਕਟ ਦੇਣ ਨਾਲ ਵਰਕਰਾਂ ’ਚ ਨਿਰਾਸ਼ਾ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ ਪਰ ਉਨ੍ਹਾਂ ਦੀ ਆਵਾਜ਼ ਪਾਰਟੀ ਦੇ ਅਨੁਸ਼ਾਸ਼ਨ ਕਾਰਨ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ, ਪਾਰਟੀ ਦੇ ਇਸ ਫ਼ੈਸਲੇ ’ਤੇ ਘੁਸਰ ਮੁਸਰ ਜ਼ਰੂਰ ਚੱਲ ਰਹੀ ਹੈ। ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਅਤੇ ਸਿਆਸੀ ਮਾਹਿਰਾਂ ਨੇ ਭਾਜਪਾ ਦੀ ਟਿਕਟ ਵੰਡਤੰਤਰ ਦੀ ਨੀਤੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਵਲ ਰਾਮ ਮੰਦਰ ਦੇ ਸਹਾਰੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਨਹੀਂ ਪ੍ਰਾਪਤ ਹੋਣਗੀਆਂ, ਸਗੋਂ ਪੰਜਾਬ ਦੇ ਹਿੰਦੂਆਂ ਨੂੰ ਸਿਆਸੀ ਭਾਈਵਾਲ ਵੀ ਬਣਾਉਣਾ ਪਵੇਗਾ।
ਭਾਜਪਾ ਵੱਲੋਂ ਕਿਸੇ ਵੀ ਜਨਰਲ ਸੀਟ ’ਤੇ ਕਿਸੇ ਹਿੰਦੂ ਚਿਹਰੇ ਨੂੰ ਉਮੀਦਵਾਰ ਨਾ ਬਣਾਉਣਾ ਪਾਰਟੀ ਰਾਮ ਮੰਦਰ ਤੋਂ ਹੋਣ ਵਾਲੇ ਲਾਭ ਨੂੰ ਵੀ ਗਵਾ ਸਕਦੀ ਹੈ। ਲੋੜ ਹੈ ਭਾਜਪਾ ਨੂੰ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਟਿਕਟ ਵੰਡ ਪ੍ਰਣਾਲੀ ’ਤੇ ਮੁੜ ਵਿਚਾਰ ਕਰਨ ਦੀ। ਦੂਸਰੇ ਪਾਸੇ ਸਿਆਸੀ ਪੰਡਿਤਾਂ ਅਨੁਸਾਰ ਮੌਜੂਦਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਅੰਦਰ ਵੱਖ-ਵੱਖ ਪਾਰਟੀਆਂ ਵੱਲੋਂ ਉਤਾਰੇ ਗਏ ਜੱਟ ਸਿੱਖ ਉਮੀਦਵਾਰਾਂ ਨੂੰ ਦੇਖਦਿਆਂ ਬਹੁਜਨ ਸਮਾਜ ਪਾਰਟੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਿਸੇ ਹਿੰਦੂ ਚਿਹਰੇ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਬਸਪਾ ਬਦਲ ਸਕਦੀ ਹੈ ਸਿਆਸੀ ਸਮੀਕਰਨ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਗੜ੍ਹ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਹਰ ਜਾਤੀ ਦੇ ਲੋਕਾਂ ਨੂੰ ਮੌਕਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਬਸਪਾ ਹਿੰਦੂਆਂ ਨੂੰ ਵੀ ਬਰਾਬਰ ਦਾ ਮਾਣ ਸਤਿਕਾਰ ਦੇਵੇਗੀ। ਇਸ ਸਬੰਧੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਗੰਭੀਰ ਹਨ। ਦੇਸ਼ ਦੀ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸਬੰਧੀ ਜਾਣੂ ਕਰਵਾ ਦਿੱਤਾ ਹੈ।
ਲੋਕ ਸਭਾ ਹਲਕਾ ਬਠਿੰਡਾ ਅੰਦਰ ਸਾਰੇ ਉਮੀਦਵਾਰਾਂ ਦਾ ਪਿਛੋਕੜ ਅਕਾਲੀ ਦਲ ਦਾ
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਜੋ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ, ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਜੋ ਹਾਲ ਹੀ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ’ਚ ਆਏ ਹਨ, ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਅਕਾਲੀ ਦਲ ਦੇ ਨੇਤਾ ਰਹਿ ਚੁੱਕੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੱਖਾ ਸਿੰਘ ਸਿਧਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਪ੍ਰਚਾਰ ’ਚ ਰੁਝੇ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵੱਲੋਂ ਚੋਣ ਮੈਦਾਨ ’ਚ ਹਨ। ਲੋਕ ਹੈਰਾਨ ਹਨ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣਾ ਕੋਈ ਟਕਸਾਲੀ ਵਰਕਰ ਨੂੰ ਚੋਣ ਮੈਦਾਨ ’ਚ ਨਹੀਂ ਉਤਾਰਿਆ।
ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8