ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਦੇ ਸਹਿਯੋਗੀ ਨੇ ਦਿੱਤਾ ਲੋਕ ਸਭਾ ਟਿਕਟ, ''ਆਪ'' ਨੇ ਵਿੰਨ੍ਹਿਆ ਨਿਸ਼ਾਨਾ
Saturday, Mar 30, 2024 - 03:02 PM (IST)
ਨਵੀਂ ਦਿੱਲੀ- ਦਿੱਲੀ ਸ਼ਰਾਬ ਘਪਲੇ 'ਚ ਸਰਕਾਰੀ ਗਵਾਹ ਦੇ ਪਿਤਾ ਨੂੰ ਭਾਜਪਾ ਦੇ ਸਹਿਯੋਗੀ ਟੀਡੀਪੀ ਵਲੋਂ ਲੋਕ ਸਭਾ ਦਾ ਟਿਕਟ ਦੇਣ 'ਤੇ ਆਮ ਆਦਮੀ ਪਾਰਟੀ ਨੇ ਹਮਲਾ ਬੋਲਿਆ ਹੈ। ਮਗੁੰਟਾ ਸ਼੍ਰੀਨਿਵਾਸੁਲੁ ਰੈੱਡੀ ਨੂੰ ਤੇਲੁਗੂ ਦੇਸ਼ਮ ਪਾਰਟੀ (ਟੀਡੀਪੀ) ਤੋਂ ਲੋਕ ਸਭਾ ਟਿਕਟ ਮਿਲਿਆ, ਜੋ ਆਂਧਰਾ ਪ੍ਰਦੇਸ਼ 'ਚ ਭਾਜਪਾ ਦੀ ਸਹਿਯੋਗੀ ਹੈ। ਸ਼੍ਰੀਨਿਵਾਸੁਲੁ ਓਂਗੋਲ ਤੋਂ ਲੋਕ ਸਭਾ ਦੀ ਚੋਣ ਲੜਨਗੇ। ਮਗੁੰਟਾ ਸ਼੍ਰੀਨਿਵਾਸੁਲੁ ਰੈੱਡੀ ਦਿੱਲੀ ਸ਼ਰਾਬ ਘਪਲੇ 'ਚ ਦੋਸ਼ੀ ਤੋਂ ਸਰਕਾਰੀ ਗਵਾਹ ਬਣੇ ਰਾਘਵ ਰੈੱਡੀ ਦੇ ਪਿਤਾ ਹਨ। ਆਮ ਆਦਮੀ ਪਾਰਟੀ ਨੇ ਇਸ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਸ਼ਰਾਬ ਘਪਲੇ ਨੂੰ ਫਰਜ਼ੀ ਦੱਸ ਕੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਮਗੁੰਟਾ ਸ਼੍ਰੀਨਿਵਾਸੁਲੁ ਰੈੱਡੀ ਅਤੇ ਉਸ ਦੇ ਪੁੱਤ ਰਾਘਵ ਐੱਮ ਰੈੱਡੀ ਦੇ ਬਿਆਨ ਦਾ ਇਸਤੇਮਾਲ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਲਈ ਕੀਤਾ ਗਿਆ ਸੀ, ਜਿਸ ਦਾ ਸੰਬੰਧ ਭਾਜਪਾ ਨਾਲ ਹੈ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ,''ਮਗੁੰਟਾ ਰੈੱਡੀ ਨੇ ਦਿੱਲੀ 'ਚ ਆਪਣੇ ਪਰਿਵਾਰਕ ਟਰੱਸਟ ਲਈ ਜ਼ਮੀਨ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।''
ਸੌਰਭ ਭਾਰਦਵਾਜ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਉੱਪ ਰਾਜਪਾਲ ਕੋਲ ਭੇਜਣਗੇ, ਕਿਉਂਕਿ ਜ਼ਮੀਨ ਕੇਂਦਰ ਦਾ ਮਾਮਲਾ ਹੈ। ਸਤੰਬਰ 2022 'ਚ ਮਗੁੰਟਾ ਰੈੱਡੀ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਆਪਣੇ ਟਰੱਸਟ ਲਈ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। 10 ਫਰਵਰੀ 2023 ਨੂੰ ਮਗੁੰਟਾ ਰੈੱਡੀ ਦੇ ਪੁੱਤ ਰਾਘਵ ਰੈੱਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੌਰਭ ਭਾਰਦਵਾਜ ਨੇ ਕਿਹਾ ਕਿ ਰਾਘਵ ਰੈੱਡੀ ਨੇ ਆਪਣੇ 7ਵੇਂ ਬਿਆਨ 'ਚ ਕੇਜਰੀਵਾਲ 'ਤੇ ਦੋਸ਼ ਲਗਾਇਆ। ਇ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਅਤੇ ਸਰਕਾਰੀ ਗਵਾਹ ਬਣਾ ਦਿੱਤਾ ਗਿਆ। ਦਿੱਲੀ ਦੇ ਮੰਤਰੀ ਨੇ ਕਿਹਾ,''ਕੇਜਰੀਵਾਲ ਨੇ ਕੋਰਟ ਨੂੰ ਦੱਸਿਆ ਕਿ ਕਿਵੇਂ ਚਾਰ ਗਵਾਹਾਂ ਦੇ ਬਿਆਨ ਦੇ ਆਧਾਰ 'ਤੇ ਉਨ੍ਹਾਂ ਨੂੰ ਫਸਾਇਆ ਗਿਆ ਹੈ। ਆਤਿਸ਼ੀ ਨੇ ਕਿਹਾ,''ਈ.ਡੀ. ਗਵਾਹਾਂ ਤੋਂ ਉਦੋਂ ਤੱਕ ਬਿਆਨ ਲੈਂਦੀ ਰਹਿੰਦੀ ਹੈ ਜਦੋਂ ਤੱਕ ਉਹ ਕੇਜਰੀਵਾਲ ਖ਼ਿਲਾਫ਼ ਕੁਝ ਨਹੀਂ ਬੋਲ ਦਿੰਦੇ। ਐੱਮ.ਐੱਸ.ਆਰ. ਅਤੇ ਰਾਘਵ ਐੱਮ. ਰੈੱਡੀ ਦੋਵੇਂ ਕਹਿੰਦੇ ਰਹੇ ਕਿ ਉਨ੍ਹਾਂ ਦੀ ਕੇਜਰੀਵਾਲ ਨਾਲ ਆਬਕਾਰੀ ਨੀਤੀ ਮਾਮਲੇ 'ਚ ਕੋਈ ਚਰਚਾ ਨਹੀਂ ਹੋਈ। ਸਰਥ ਸੀ ਰੈੱਡੀ ਦਾ ਭਾਜਪਾ ਕੁਨੈਕਸ਼ਨ ਬੇਨਕਾਬ ਹੋ ਚੁੱਕਿਆ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e