ਪੰਜਾਬ 'ਚ ਹਾਲੇ ਵੀ ਅਕਾਲੀ-ਭਾਜਪਾ ਗਠਜੋੜ ਦੀ ਉਮੀਦ! 'ਆਪ'-ਕਾਂਗਰਸ ਗਠਜੋੜ ਦੀ ਆਸ ਪਈ ਫਿੱਕੀ
Wednesday, Apr 03, 2024 - 09:25 AM (IST)
ਚੰਡੀਗੜ੍ਹ (ਬਿਊਰੋ): ਪੰਜਾਬ ’ਚ ਆਮ ਆਦਮੀ ਪਾਰਟੀ ਵੱਲੋਂ 9 ਉਮੀਦਵਾਰਾਂ ਦੇ ਐਲਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲਿਆਂ ਹੀ ਚੋਣ ਲੜਨ ਦੇ ਐਲਾਨ ਦੇ ਬਾਅਦ 6 ਉਮੀਦਵਾਰ ਮੈਦਾਨ ਵਿਚ ਉਤਾਰਣ ਦੇ ਬਾਵਜੂਦ ‘ਆਪ’ ਦੇ ਕਾਂਗਰਸ ਅਤੇ ਭਾਜਪਾ ਦੇ ਅਕਾਲੀ ਦਲ ਨਾਲ ਗਠਜੋੜ ਦੀ ਉਮੀਦ ਹਾਲੇ ਵੀ ਬਰਕਰਾਰ ਹੈ। ਇਸ ਨੂੰ ਲੈ ਕੇ ਚਾਰੋਂ ਪਾਰਟੀਆਂ ’ਚ ਅੰਦਰਖਾਤੇ ਚਰਚਾ ਜਾਰੀ ਹੈ। ਹਾਲਾਂਕਿ ਮੰਗਲਵਾਰ ਸ਼ਾਮ 'ਆਪ' ਵੱਲੋਂ 2 ਹੋਰ ਉਮੀਦਵਾਰਾਂ ਦੇ ਐਲਾਨ ਤੋਂ ਉਸ ਦੇ ਕਾਂਗਰਸ ਨਾਲ ਗਠਜੋੜ ਦੀ ਉਮੀਦ ਹੁਣ ਫਿੱਕੀ ਪੈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੁਖਬੀਰ ਦੀਆਂ ਨਜ਼ਰਾਂ ’ਚ 10 ਉਮੀਦਵਾਰ ਲੱਗਭਗ ਤੈਅ! 3 ਸੀਟਾਂ ਬਾਰੇ ਚੱਲ ਰਹੀਆਂ ਵਿਚਾਰਾਂ
ਭਾਵੇਂ ਭਾਜਪਾ ਨੇ ਹੋਲੀ ਤੋਂ ਤੁਰੰਤ ਬਾਅਦ ਸੂਬਾ ਪ੍ਰਧਾਨ ਸੁਨੀਲ ਜਾਖੜ ਰਾਹੀਂ ਇਹ ਐਲਾਨ ਕਰਵਾ ਦਿੱਤਾ ਸੀ ਕਿ ਉਹ ਸਾਰੀਆਂ 13 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ, ਪਰ ਅਕਾਲੀ ਦਲ ਦਾ ਇਕ ਧੜਾ ਹਾਲੇ ਵੀ ਭਾਜਪਾ ਨਾਲ ਸਮਝੌਤੇ ਦੇ ਹੱਕ ਵਿਚ ਹੈ। ਅਕਾਲੀ ਦਲ ਦੇ ਇਕ ਸਾਬਕਾ ਸੰਸਦ ਮੈਂਬਰ ਅਤੇ ਕੁਝ ਸਾਬਕਾ ਮੰਤਰੀ ਚਾਹੁੰਦੇ ਹਨ ਕਿ ਭਾਜਪਾ ਨਾਲ ਮੁੜ ਗੱਲਬਾਤ ਕੀਤੀ ਜਾਵੇ।
ਹਾਲਾਂਕਿ 3-4 ਤੇਜ਼-ਤਰਾਰ ਆਗੂਆਂ ਦਾ ਗਰੁੱਪ ਇਕੱਲਿਆਂ ਚੋਣਾਂ ਦੇ ਹੱਕ ਵਿਚ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮਾਝੇ ਦਾ ਇੱਕ ਵੱਡਾ ਆਗੂ ਪਹਿਲਾਂ ਭਾਜਪਾ ਨਾਲ ਗੱਠਜੋੜ ਦੇ ਹੱਕ ਵਿਚ ਨਹੀਂ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਨਾਲ ਗਠਜੋੜ ਹੁੰਦਾ ਹੈ ਤਾਂ ਵੀ ਠੀਕ ਹੈ ਅਤੇ ਜੇਕਰ ਨਹੀਂ ਹੁੰਦਾ ਤਾਂ ਇਕੱਲੇ ਹੀ ਲੜੋ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਦੋ ਦਿਨ ਵੱਖ ਹਲਕਿਆਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਨੇਤਾਵਾਂ ਨਾਲ ਬੈਠਕਾਂ ਕਰ ਰਹੇ ਹਨ। ਉਹ ਕਰੀਬ ਦਰਜ਼ਨਾਂ ਜ਼ਿਲਿਆਂ ਦੇ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਚਰਚਾ ਕਰ ਚੁੱਕੇ ਹਨ। ਇਸ ਦੇ ਬਾਵਜੂਦ ਅਕਾਲੀ ਭਾਜਪ ਗਠਜੋੜ ਦੀ ਉਮੀਦ ਰਾਜਨੀਤਿਕ ਹਲਕਿਆਂ ਵਿਚ ਕਾਇਮ ਹੈ। ਖਾਸ ਗੱਲ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚਾਹੇ ਗਠਜੋੜ ਨਾ ਚਾਹੁੰਦਾ ਹੋਵੇ ਪਰ ਵੱਡੇ ਪੱਧਰ ’ਤੇ ਪ੍ਰਦੇਸ਼ ਦੇ ਨੇਤਾ ਅਤੇ ਵਰਕਰ ਇਸ ਲਈ ਤਿਆਰ ਹੈ।
ਰਾਮਲੀਲਾ ਮੈਦਾਨ ’ਚ ਰੈਲੀ ਤੋਂ ਬਾਅਦ ‘ਆਪ’ ਕਾਂਗਰਸ ਗਠਜੋੜ ਦੀ ਚਰਚਾ ਵੀ ਸੀ ਗਰਮ
ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ 9 ਸੀਟਾਂ ’ਤੇ ਉਮੀਦਵਾਰ ਐਲਾਨਣ ਦੇ ਬਾਵਜੂਦ ਕੁਝ ਹੋਰ ਸੂਬਿਆਂ ਵਾਂਗ ਪੰਜਾਬ ’ਚ ਵੀ ਕਾਂਗਰਸ ਨਾਲ ਗਠਜੋੜ ਦੀਆਂ ਕਿਆਸਅਰਾਈਆਂ ਬੰਦ ਨਹੀਂ ਹੋਈਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਲ ਹੀ ਵਿਚ ਈ.ਡੀ. ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵਿਰੋਧੀ ਧਿਰ ਦੀ ਰੈਲੀ ਵਿਚ ਕਾਂਗਰਸ ਲੀਡਰਸ਼ਿਪ ਨੇ ਜਿਸ ਤਰ੍ਹਾਂ ‘ਆਪ’ ਦਾ ਸਮਰਥਨ ਕੀਤਾ, ਉਸ ਤੋਂ ਇਨ੍ਹਾਂ ਅਟਕਲਾਂ ਨੂੰ ਬਲ ਮਿਲਿਆ ਹੈ। ਇਸ ਤਾਕਤ ਦੇ ਪ੍ਰਦਰਸ਼ਨ ਵਿਚ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ’ਤੇ ਭਾਰੀ ਭੀੜ ਇਕੱਠੀ ਕੀਤੀ ਗਈ ਸੀ। ਸਟੇਜ ’ਤੇ ਰਾਹੁਲ ਗਾਂਧੀ ਦੇ ਬਿਲਕੁਲ ਨਾਲ ਭਗਵੰਤ ਮਾਨ ਵੀ ਬੈਠੇ ਸਨ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਅਤੇ ਭਗਵੰਤ ਮਾਨ ਵਿਚਕਾਰ ਪੰਜਾਬ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਮਹਿਲਾ ਕੌਂਸਲਰ 'ਤੇ ਤੜਕਸਾਰ ਹੋਇਆ ਹਮਲਾ, ਮੰਦਰ ਤੋਂ ਪਰਤਦੀ ਨੂੰ ਪੈ ਗਏ ਲੁਟੇਰੇ
ਹਾਲਾਂਕਿ ਪੰਜਾਬ ਕਾਂਗਰਸ ਦਾ ਇਕ ਵੱਡਾ ਧੜਾ ਅਜਿਹੇ ਕਿਸੇ ਵੀ ਗਠਜੋੜ ਦੇ ਖਿਲਾਫ਼ ਹੈ। ਪਾਰਟੀ ਵਿਚ ਸਿਰਫ਼ ਉਹੀ ਲੋਕ ਗਠਜੋੜ ਦੇ ਖ਼ਿਲਾਫ਼ ਹਨ, ਜੋ ਖ਼ੁਦ ਟਿਕਟ ਦੇ ਦਾਅਵੇਦਾਰ ਹਨ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ‘ਆਪ’ ਦੇ ਨਾਲ ਗਠਜੋੜ ’ਤੇ ਜੇਕਰ ਇੰਨਾਂ ਦਾ ਹਲਕਾ ‘ਆਪ’ ਦੇ ਕੋਟੇ ’ਚ ਚਲਾ ਗਿਆ ਤਾਂ ਉਨ੍ਹਾਂ ’ਚੋਂ ਕਈਆਂ ਦਾ ਪੱਤਾ ਕੱਟਣਾ ਤੈਅ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ 9 ਸੀਟਾਂ ’ਤੇ ਉਮੀਦਵਾਰਾਂ ਦੇ ਐਲਾਨ ਕਰਨ ਤੋਂ ਬਾਅਦ ਗਠਜੋੜ ਵੀ ਠੰਡੇ ਬਸਤੇ ਵਿਚ ਚੱਲਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8