ਦਹੀਂ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ਤੇ ਸਕਿਨ ਦੋਵਾਂ ਨੂੰ ਹੋ ਸਕਦਾ ਨੁਕਸਾਨ
Friday, Jul 18, 2025 - 04:50 PM (IST)

ਵੈੱਬ ਡੈਸਕ- ਦਹੀਂ ਭਾਰਤੀ ਖਾਣੇ ਦਾ ਇਕ ਅਹਿਮ ਹਿੱਸਾ ਹੈ, ਖ਼ਾਸ ਕਰਕੇ ਗਰਮੀਆਂ 'ਚ। ਇਹ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਡਿਨਰ ਤੱਕ ਵਿਆਪਕ ਤੌਰ 'ਤੇ ਖਾਧਾ ਜਾਂਦਾ ਹੈ। ਦਹੀਂ 'ਚ ਮੌਜੂਦ ਪ੍ਰੋਬਾਇਓਟਿਕਸ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੇ ਹਨ, ਇਮਿਊਨਿਟੀ ਵਧਾਉਂਦੇ ਹਨ, ਹੱਡੀਆਂ ਨੂੰ ਤਾਕਤ ਦਿੰਦੇ ਹਨ ਅਤੇ ਮੋਟਾਪਾ ਘਟਾਉਣ 'ਚ ਵੀ ਮਦਦਗਾਰ ਹੁੰਦੇ ਹਨ।
ਹਾਲਾਂਕਿ ਸਧਾਰਣ ਦਹੀਂ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਕੁਝ ਚੀਜ਼ਾਂ ਦੇ ਨਾਲ ਖਾਣ 'ਤੇ ਇਹ ਸਿਹਤ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ। ਆਓ ਜਾਣੀਏ ਕਿ ਦਹੀਂ ਨੂੰ ਕਿਹੜੀਆਂ ਚੀਜ਼ਾਂ ਨਾਲ ਨਹੀਂ ਖਾਣਾ ਚਾਹੀਦਾ:
1. ਫਲਾਂ ਦੇ ਨਾਲ
ਦਹੀਂ ਨੂੰ ਫਲਾਂ ਨਾਲ ਖਾਣ ਦੀ ਆਦਤ ਕਈ ਲੋਕਾਂ ਨੂੰ ਹੁੰਦੀ ਹੈ ਪਰ ਇਹ ਸਹੀ ਕੰਬੀਨੇਸ਼ਨ ਨਹੀਂ ਹੈ। ਖ਼ਾਸ ਕਰਕੇ ਸੰਤਰਾ, ਅਨਾਨਾਸ, ਕੀਵੀ ਜਾਂ ਗ੍ਰੇਪਫਰੂਟ ਵਰਗੇ ਫਲਾਂ ਦੇ ਨਾਲ ਦਹੀਂ ਖਾਣ ਨਾਲ ਪਾਚਨ ਖ਼ਰਾਬ ਹੋ ਸਕਦਾ ਹੈ।
2. ਚਟਪਟੀਆਂ ਜਾਂ ਮਸਾਲੇਦਾਰ ਚੀਜ਼ਾਂ ਦੇ ਨਾਲ
ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ, ਜਦਕਿ ਮਸਾਲੇਦਾਰ ਚੀਜ਼ਾਂ ਪੇਟ 'ਚ ਗਰਮੀ ਪੈਦਾ ਕਰਦੀਆਂ ਹਨ। ਦੋਵਾਂ ਨੂੰ ਇਕੱਠੇ ਖਾਣ ਨਾਲ ਪੇਟ ਦਾ ਬੇਲੈਂਸ ਵਿਗੜਦਾ ਹੈ, ਜਿਸ ਨਾਲ ਪਾਚਨ ਦੀ ਗੜਬੜ, ਐਸਿਡੀਟੀ ਜਾਂ ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3. ਮੱਛੀ ਦੇ ਨਾਲ
ਆਯੁਰਵੈਦ ਅਨੁਸਾਰ ਮੱਛੀ ਅਤੇ ਦਹੀਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਦੋਵਾਂ ਦੀ ਤਾਸੀਰ ਵੱਖ-ਵੱਖ ਹੋਣ ਕਰਕੇ ਇਹ ਪਾਚਨ 'ਚ ਰੁਕਾਵਟ ਪੈਦਾ ਕਰਦੇ ਹਨ। ਇਸ ਨਾਲ ਇਨਫੈਕਸ਼ਨ ਜਾਂ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
4. ਅੰਡੇ ਦੇ ਨਾਲ
ਅੰਡਾ ਅਤੇ ਦਹੀਂ ਦੋਵੇਂ ਹੀ ਪ੍ਰੋਟੀਨ ਨਾਲ ਭਰਪੂਰ ਹਨ। ਦੋਵਾਂ ਨੂੰ ਇਕੱਠਾ ਖਾਣ ਨਾਲ ਸਰੀਰ ਨੂੰ ਇਸ ਨੂੰ ਪਚਾਉਣ 'ਚ ਮੁਸ਼ਕਲ ਆਉਂਦੀ ਹੈ, ਜਿਸ ਨਾਲ ਅਪਚ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।
5. ਟਮਾਟਰ ਦੇ ਨਾਲ
ਦਹੀਂ ਨੂੰ ਟਮਾਟਰ ਨਾਲ ਖਾਣਾ ਵੀ ਪੇਟ ਲਈ ਠੀਕ ਨਹੀਂ ਮੰਨਿਆ ਜਾਂਦਾ। ਦੋਵੇਂ ਇਕੱਠੇ ਖਾਣ ਨਾਲ ਪੇਟ 'ਚ ਗੈਸ ਅਤੇ ਪੇਟ ਫੁੱਲਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।