ਆਮ ਚਾਹ ਨਾਲੋਂ ਬੇਹੱਦ ਫ਼ਾਇਦੇਮੰਦ ਹੈ ‘ਬਲੂ ਟੀ’, ਬੇਹੱਦ ਆਸਾਨ ਹੈ ਬਣਾਉਣ ਦਾ ਤਰੀਕਾ

12/09/2023 3:09:23 PM

ਜਲੰਧਰ (ਬਿਊਰੋ)– ਸਰਦੀਆਂ ਦੇ ਦਿਨਾਂ ’ਚ ਲੋਕ ਅਕਸਰ ਠੰਡ ਤੋਂ ਬਚਣ ਲਈ ਗਰਮ ਪੀਣ ਵਾਲੇ ਪਦਾਰਥਾਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਗਰਮ ਪੀਣ ਵਾਲੇ ਪਦਾਰਥਾਂ ’ਚ ਬਹੁਤ ਸਾਰੀਆਂ ਕੁਦਰਤੀ ਤੇ ਲਾਭਦਾਇਕ ਚੀਜ਼ਾਂ ਹੁੰਦੀਆਂ ਹਨ, ਜੋ ਵਿਅਕਤੀ ਨੂੰ ਠੰਡ ਤੋਂ ਬਚਾ ਸਕਦੀਆਂ ਹਨ ਤੇ ਸਿਹਤ ਨੂੰ ਵੀ ਲਾਭ ਪਹੁੰਚਾਉਂਦੀਆਂ ਹਨ। ਭਾਰਤ ’ਚ ਸਰਦੀਆਂ ’ਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਡ੍ਰਿੰਕ ਚਾਹ ਹੈ। ਜ਼ਿਆਦਾਤਰ ਭਾਰਤੀ ਘਰਾਂ ’ਚ ਦਿਨ ’ਚ 2 ਤੋਂ 3 ਵਾਰ ਚਾਹ ਦਾ ਆਨੰਦ ਲਿਆ ਜਾਂਦਾ ਹੈ। ਜੇਕਰ ਤੁਸੀਂ ਚਾਹ ਦੇ ਸਿਹਤਮੰਦ ਵਿਕਲਪਾਂ ’ਤੇ ਧਿਆਨ ਦਿੰਦੇ ਹੋ ਤਾਂ ਚਾਹ ਤੁਹਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੋ ਸਕਦੀ ਹੈ। ਅਜਿਹੀ ਹੀ ਇਕ ਚਾਹ ਹੈ ‘ਬਲੂ ਟੀ’। ਆਓ ਇਸ ਬਾਰੇ ਵਿਸਥਾਰ ’ਚ ਜਾਣਦੇ ਹਾਂ–

ਆਮ ਚਾਹ ਦਾ ਜ਼ਿਆਦਾ ਸੇਵਨ ਹੋ ਸਕਦੈ ਖ਼ਤਰਨਾਕ
ਨੈਸ਼ਨਲ ਇੰਸਟੀਚਿਊਟ ਆਫ਼ ਮੈਡੀਸਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਹ ’ਚ ਕੈਫੀਨ ਕੁਦਰਤੀ ਤੌਰ ’ਤੇ ਮੌਜੂਦ ਹੁੰਦੀ ਹੈ। ਜੇਕਰ ਕੈਫੀਨ ਜ਼ਿਆਦਾ ਮਾਤਰਾ ’ਚ ਸਰੀਰ ਨੂੰ ਦਿੱਤੀ ਜਾਵੇ ਤਾਂ ਇਹ ਚਿੰਤਾ, ਤਣਾਅ ਤੇ ਡਿਪਰੈਸ਼ਨ ਵਰਗੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। NCBI ਰਿਪੋਰਟਾਂ ਦਿਖਾਉਂਦੀਆਂ ਹਨ ਕਿ 240ML ਚਾਹ ’ਚ 10 ਤੋਂ 61 ਮਿਲੀਗ੍ਰਾਮ ਕੈਫੀਨ ਮੌਜੂਦ ਹੈ। ਆਮ ਦੁੱਧ ਦੀ ਚਾਹ ਦੇ ਮੁਕਾਬਲੇ ‘ਬਲੈਕ ਟੀ’ ’ਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਰ ਜੇਕਰ ਕੋਈ ਵਿਅਕਤੀ ਇਨ੍ਹਾਂ ਦੋਵਾਂ ਰੂਪਾਂ ਦੀ ਚਾਹ ਪ੍ਰਤੀ ਦਿਨ 200 ਮਿਲੀਗ੍ਰਾਮ ਤੋਂ ਵੱਧ ਪੀਂਦਾ ਹੈ ਤਾਂ ਉਸ ਨੂੰ ਬੇਚੈਨੀ, ਚਿੰਤਾ ਤੇ ਤਣਾਅ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਹੁਣ ਤੁਸੀਂ ਵੀ ਆਪਣੀ ਆਮ ਚਾਹ ਨੂੰ ਕਿਸੇ ਸਿਹਤਮੰਦ ਤੇ ਗਰਮ ਡ੍ਰਿੰਕ ਨਾਲ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਅਪਰਾਜਿਤਾ ਦੇ ਫੁੱਲਾਂ ਦੀ ਚਾਹ (ਜਿਸ ਨੂੰ ਆਮ ਭਾਸ਼ਾ ’ਚ ਸ਼ੰਖਪੁਸ਼ਪੀ ਚਾਹ ਜਾਂ ਬਲੂ ਟੀ ਵੀ ਕਿਹਾ ਜਾਂਦਾ ਹੈ) ਟ੍ਰਾਈ ਕਰ ਸਕਦੇ ਹੋ। ਅਪਰਾਜਿਤਾ ਦੇ ਫੁੱਲਾਂ ਤੋਂ ਬਣੀ ਚਾਹ ਦਾ ਰੰਗ ਨੀਲਾ ਹੁੰਦਾ ਹੈ, ਇਸ ਲਈ ਇਸ ਨੂੰ ‘ਬਲੂ ਟੀ’ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ’ਚ ਆਮ ਚਾਹ ਦੇ ਮੁਕਾਬਲੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਸਰੀਰ ਲਈ ਵਰਦਾਨ ਹੈ ਘਿਓ ਵਾਲੀ ਕੌਫੀ, ਬੇਹੱਦ ਸੌਖਾ ਹੈ ਬਣਾਉਣ ਦਾ ਤਰੀਕਾ

ਕੀ ਹੈ ਬਲੂ ਟੀ?
ਅਪਰਾਜਿਤਾ ਭਾਰਤੀ ਉਪ-ਮਹਾਦੀਪ ਦਾ ਇਕ ਪੌਦਾ ਹੈ, ਜਿਸ ਨੂੰ ਅੰਗਰੇਜ਼ੀ ’ਚ ‘ਕਲੀਟੋਰੀਆ ਟੇਰਨੇਟੀਆ’ ਕਿਹਾ ਜਾਂਦਾ ਹੈ। ਇਹ ਇਕ ਫੁੱਲਦਾਰ ਪੌਦਾ ਹੈ ਤੇ ਇਸ ਦੇ ਫੁੱਲ ਨੀਲੇ ਰੰਗ ਦੇ ਹੁੰਦੇ ਹਨ। ਇਸ ਪੌਦੇ ਦੇ ਫੁੱਲਾਂ ਦੀ ਵਰਤੋਂ ਚਾਹ ਬਣਾਉਣ ’ਚ ਵੀ ਕੀਤੀ ਜਾਂਦੀ ਹੈ। ਆਮ ਤੌਰ ’ਤੇ ਜਦੋਂ ਇਸ ਪੌਦੇ ਦੇ ਫੁੱਲਾਂ ਦੀ ਵਰਤੋਂ ਕਰਕੇ ਚਾਹ ਬਣਾਈ ਜਾਂਦੀ ਹੈ ਤਾਂ ਉਹ ਨੀਲੇ ਰੰਗ ਦੀ ਹੋ ਜਾਂਦੀ ਹੈ, ਇਸ ਲਈ ਇਸ ਨੂੰ ‘ਬਲੂ ਟੀ’ ਵਜੋਂ ਜਾਣਿਆ ਜਾਂਦਾ ਹੈ।

ਬਲੂ ਟੀ ਦੇ ਸਿਹਤ ਲਾਭ ’ਤੇ ਰਿਪੋਰਟ
ਅਪਰਾਜਿਤਾ ਦੇ ਫੁੱਲਾਂ ਦੀ ਵਰਤੋਂ ਚਾਹ ਬਣਾਉਣ ’ਚ ਕੀਤੀ ਜਾਂਦੀ ਹੈ ਤੇ ਇਸ ਦੇ ਕਈ ਸਿਹਤ ਲਾਭ ਹਨ। ਇਹ ਆਮ ਤੌਰ ’ਤੇ ਐਂਟੀ-ਆਕਸੀਡੈਂਟਸ, ਫਲਾਵੋਨੋਇਡਸ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਆਯੂਰਵੈਦ ਦੇ ਅਨੁਸਾਰ ਬਲੂ ਟੀ ’ਚ ਅੰਦਰੂਨੀ ਤੌਰ ’ਤੇ ਠੰਡਾ ਕਰਨ ਦੇ ਗੁਣ ਹੁੰਦੇ ਹਨ, ਜੋ ਅਤਿ ਦੀ ਗਰਮੀ ਨਾਲ ਨਜਿੱਠਣਾ ਆਸਾਨ ਬਣਾਉਂਦੀ ਹੈ।

ਇਸ ਦੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਮੈਡੀਸਨ ਦੀ ਰਿਪੋਰਟ ਮੁਤਾਬਕ ਬਲੂ ਟੀ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਲੂ ਟੀ ਦੇ ਵਾਸੋਰਿਲੈਕਸੇਸ਼ਨ ਗੁਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਵਿਅਕਤੀ ਦੇ ਸਰੀਰ ’ਚ ਖ਼ੂਨ ਦਾ ਪ੍ਰਵਾਹ ਵਧਦਾ ਹੈ।

ਇਸ ਦੇ ਨਾਲ ਹੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਲੋਂ 23 ਤੋਂ 25 ਸਾਲ ਦੀ ਉਮਰ ਦੇ 16 ਨੌਜਵਾਨਾਂ ’ਤੇ ਅਧਿਐਨ ਕੀਤਾ ਗਿਆ, ਜਿਸ ’ਚ ਸਾਰੇ ਲੋਕਾਂ ਨੂੰ ਜ਼ਿਆਦਾ ਚਰਬੀ ਵਾਲਾ ਤੇ ਤੇਲ ਵਾਲਾ ਭੋਜਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ 1-2 ਕੱਪ ਬਲੂ ਟੀ ਪਿਲਾਈ ਗਈ, ਜਿਸ ਤੋਂ ਬਾਅਦ ਖੋਜ ’ਚ ਸਾਹਮਣੇ ਆਇਆ ਕਿ ਜ਼ਿਆਦਾ ਚਰਬੀ ਵਾਲੀ ਖੁਰਾਕ ਲੈਣ ਦੇ ਬਾਵਜੂਦ ਬਲੂ ਟੀ ਪੀਣ ਨਾਲ ਫੈਟੀ ਸੈੱਲਸ ਤੇ ਟ੍ਰਾਈਗਲਿਸਰਾਈਡਸ ਦਾ ਜਮ੍ਹਾ ਹੋਣਾ ਘੱਟ ਹੋ ਗਿਆ।

ਬਲੂ ਟੀ ਦੇ ਫ਼ਾਇਦੇ

ਮਾਨਸਿਕ ਸਿਹਤ ਠੀਕ ਰਹਿੰਦੀ ਹੈ
ਬਲੂ ਟੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ, ਜਿਸ ਨਾਲ ਸਰੀਰਕ ਤਣਾਅ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਬਲੂ ਟੀ ’ਚ ਕੈਫੀਨ ਨਹੀਂ ਹੁੰਦੀ, ਜਿਸ ਕਾਰਨ ਇਸ ਨੂੰ ਪੀਣ ਨਾਲ ਨੀਂਦ ’ਚ ਕੋਈ ਗੜਬੜੀ ਨਹੀਂ ਹੁੰਦੀ। ਇਸ ਦੇ ਨਾਲ ਹੀ ਇਸ ਨੂੰ ਪੀਣ ਨਾਲ ਵਿਅਕਤੀ ਨੂੰ ਚੰਗੀ ਨੀਂਦ ਆਉਂਦੀ ਹੈ, ਜਿਸ ਨਾਲ ਤਣਾਅ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ।

ਪਾਚਨ ਕਿਰਿਆ ਲਈ ਫ਼ਾਇਦੇਮੰਦ
ਬਲੂ ਟੀ ਪਾਚਨ ਕਿਰਿਆ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਰਅਸਲ ਬਲੂ ਟੀ ’ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ’ਚ ਮੌਜੂਦ ਕਿਸੇ ਵੀ ਸੋਜ ਨੂੰ ਸ਼ਾਂਤ ਕਰਨ ’ਚ ਮਦਦ ਕਰਦੇ ਹਨ। ਆਮ ਤੌਰ ’ਤੇ ਗੈਸਟਰੋਇੰਟੇਸਟਾਈਨਲ ਸਿਸਟਮ ’ਚ ਪੁਰਾਣੀ ਸੋਜ ਪਾਚਨ ਸਮੱਸਿਆਵਾਂ ’ਚ ਯੋਗਦਾਨ ਪਾ ਸਕਦੀ ਹੈ ਤੇ ਬਲੂ ਟੀ ਇਸ ਸੋਜ ਨੂੰ ਘਟਾ ਕੇ ਪਾਚਨ ’ਚ ਮਦਦ ਕਰਦੀ ਹੈ। ਬਲੂ ਟੀ ਅੰਤੜੀਆਂ ’ਚ ਮੌਜੂਦ ਐਨਜ਼ਾਈਮਜ਼ ਨੂੰ ਵਧਾਉਣ ’ਚ ਵੀ ਮਦਦ ਕਰਦੀ ਹੈ। ਇਹ ਐਨਜ਼ਾਈਮ ਵਿਅਕਤੀ ਦੀ ਪਾਚਨ ਕਿਰਿਆ ’ਚ ਮਦਦ ਕਰਦੇ ਹਨ ਤੇ ਪਾਚਨ ਕਿਰਿਆ ’ਚ ਸੁਧਾਰ ਕਰਦੇ ਹਨ।

ਚਮੜੀ ਨੂੰ ਸਿਹਤਮੰਦ ਰੱਖਦੀ ਹੈ ਬਲੂ ਟੀ
ਬਲੂ ਟੀ ’ਚ ਕਈ ਗੁਣ ਮੌਜੂਦ ਹੁੰਦੇ ਹਨ, ਜੋ ਵਿਅਕਤੀ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਅਸਲ ’ਚ ਬਲੂ ਟੀ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ’ਚ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਇਸ ’ਚ ਐਂਟੀ-ਏਜਿੰਗ ਗੁਣ ਵੀ ਹੁੰਦੇ ਹਨ, ਜੋ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ।

ਬਲੂ ਟੀ ਬਣਾਉਣ ਦਾ ਤਰੀਕਾ
ਬਲੂ ਟੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਪਾਣੀ ਲਓ ਤੇ ਮੱਧਮ ਅੱਗ ’ਤੇ ਉਬਾਲੋ। ਇਸ ਤੋਂ ਬਾਅਦ ਇਸ ’ਚ ਅਪਰਾਜਿਤਾ ਦੇ ਫੁੱਲ ਪਾਓ। ਗੈਸ ਦੀ ਲਾਟ ਨੂੰ ਮੱਧਮ ਰੱਖੋ ਤੇ ਲਗਭਗ 5 ਮਿੰਟ ਤੱਕ ਉਬਾਲੋ। ਇਸ ਤੋਂ ਬਾਅਦ ਚਾਹ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਯਾਦ ਰੱਖੋ ਕਿ ਬਲੂ ਟੀ ਨੂੰ ਮਿੱਠਾ ਬਣਾਉਣ ਲਈ ਕਦੇ ਵੀ ਉਸ ’ਚ ਖੰਡ ਨਾ ਪਾਓ। ਇਸ ਦੀ ਬਜਾਏ ਇਸ ’ਚ ਸ਼ਹਿਦ ਦੀ ਵਰਤੋਂ ਕਰੋ ਤੇ ਇਸ ਨੂੰ ਹੋਰ ਸਵਾਦ ਬਣਾਉਣ ਲਈ ਤੁਸੀਂ ਇਸ ’ਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਬਲੂ ਟੀ ਦੇ ਗੁਣਾਂ ਬਾਰੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ। ਜੇਕਰ ਇਸ ਨੂੰ ਪੀਣ ਨਾਲ ਤੁਹਾਨੂੰ ਸਰੀਰ ’ਚ ਕੋਈ ਸਾਈਡ-ਇਫੈਕਟ ਨਜ਼ਰ ਆਉਂਦਾ ਹੈ ਤਾਂ ਇਸ ਦਾ ਸੇਵਨ ਬੰਦ ਕਰ ਦਿਓ।


Rahul Singh

Content Editor

Related News