ਵਿਆਹਾਂ ਦੇ ਸੀਜ਼ਨ ਦੌਰਾਨ ਆ ਗਈ ਵੱਡੀ ਖ਼ਬਰ, ਬੇਹੱਦ Alert ਰਹਿਣ ਦੀ ਲੋੜ

Monday, Nov 18, 2024 - 12:45 PM (IST)

ਲੁਧਿਆਣਾ (ਖੁਰਾਣਾ) : ਦੇਸ਼ ਭਰ 'ਚ ਵਿਆਹਾਂ ਦੇ ਸੀਜ਼ਨ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿਆਹਾਂ ਦੇ ਡਿਜੀਟਲ ਕਾਰਡ ਵਟਸਐਪ 'ਤੇ ਲੋਕਾਂ ਨੂੰ ਸ਼ੇਅਰ ਕਰਕੇ ਉਨ੍ਹਾਂ ਦੇ ਬੈਂਕ ਖ਼ਾਤੇ ਖ਼ਾਲੀ ਕਰਨ ਵਾਲੇ ਸਾਈਬਰ ਅਪਰਾਧੀ ਵੀ ਹਾਈਟੈੱਕ ਹੋ ਗਏ ਹਨ। ਇਸ ਕਾਰਨ ਵਿਆਹਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ ਹੈ। ਇੱਕ ਰਿਪੋਰਟ ਅਨੁਸਾਰ 12 ਨਵੰਬਰ ਤੋਂ 16 ਦਸੰਬਰ ਤੱਕ ਦੇਸ਼ ਭਰ 'ਚ ਕਰੀਬ 48 ਲੱਖ ਵਿਆਹ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਸਾਈਬਰ ਠੱਗ ਲੋਕਾਂ ਦੇ ਮੋਬਾਇਲ ਫੋਨਾਂ 'ਤੇ ਡਿਜੀਟਲ ਵਿਆਹ ਦੇ ਕਾਰਡ ਭੇਜ ਕੇ ਲੋਕਾਂ ਦੇ ਬੈਂਕ ਖ਼ਾਤਿਆਂ ਨੂੰ ਖ਼ਾਲੀ ਕਰਨ ਦਾ ਡਿਜੀਟਲ ਪੈਂਤੜਾ ਅਪਣਾ ਰਹੇ ਹਨ। ਇੱਕ ਰਿਪੋਰਟ ਦੇ ਅਨੁਸਾਰ, ਸਾਈਬਰ ਠੱਗ ਵਟਸਐਪ 'ਤੇ ਫਰਜ਼ੀ ਡਿਜੀਟਲ ਵਿਆਹ ਦੇ ਕਾਰਡ ਭੇਜ ਕੇ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਉਣ ਲਈ ਸਰਗਰਮ ਹੋ ਗਏ ਹਨ।
ਇੰਝ ਲੋਕਾਂ ਨੂੰ ਲੁੱਟ ਰਹੇ
ਇਸ ਵਿੱਚ ਸਾਈਬਰ ਅਪਰਾਧ ਕਰਨ ਵਾਲੇ ਅਪਰਾਧੀ ਲੋਕਾਂ ਨੂੰ ਮੋਬਾਇਲ ਵਟਸਐਪ 'ਤੇ ਵਿਆਹ ਦਾ ਡਿਜੀਟਲ ਕਾਰਡ ਵਰਗਾ ਲਿੰਕ ਭੇਜਦੇ ਹਨ, ਜਿਸ ਨੂੰ ਡਾਊਨਲੋਡ ਕਰਨ 'ਤੇ ਸਬੰਧਿਤ ਯੂਜ਼ਰ ਦੇ ਮੋਬਾਇਲ ਫ਼ੋਨ 'ਚ ਵਾਇਰਸ ਆ ਜਾਂਦਾ ਹੈ। ਇਸ ਤੋਂ ਬਾਅਦ ਉਸ ਦਾ ਮੋਬਾਇਲ ਫ਼ੋਨ ਹੈਕ ਕਰਕੇ ਡਾਟਾ ਚੋਰੀ ਕਰ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਯੂਜ਼ਰ ਦਾ ਬੈਂਕ ਖ਼ਾਤਾ ਪੂਰੀ ਤਰ੍ਹਾਂ ਖ਼ਾਲੀ ਹੋ ਸਕਦਾ ਹੈ। 
ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ
ਹਿਮਾਚਲ ਪ੍ਰਦੇਸ਼ 'ਚ ਰਿਕਾਰਡ ਹੋਏ ਇਸ ਤਰ੍ਹਾਂ ਦੇ ਇੱਕ ਮਾਮਲੇ ਤੋਂ ਬਾਅਦ ਪੰਜਾਬ ਪੁਲਸ ਨੇ ਲੋਕਾਂ ਨੂੰ ਸਾਈਬਰ ਅਪਰਾਧੀਆਂ ਤੋਂ ਸੁਰੱਖਿਅਤ ਰਹਿਣ ਲਈ ਸੁਚੇਤ ਕੀਤਾ ਹੈ। ਇਸ ਨੂੰ ਦੇਖਦੇ ਹੋਏ ਲੁਧਿਆਣਾ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਵੀ ਆਮ ਜਨਤਾ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਗਰੁੱਪਾਂ ਇੱਕ ਸਟੋਰੀ ਸ਼ੇਅਰ ਕੀਤੀ ਤਾਂ ਜੋ ਆਮ ਲੋਕ ਕਿਸੇ ਵੱਡੇ ਨੁਕਸਾਨ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਸਮੇਂ ਸਿਰ ਕੁੱਝ ਛੋਟੀਆਂ ਸਾਵਧਾਨੀਆਂ ਅਪਣਾ ਕੇ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਨੂੰ ਨਵੇਂ ਹੁਕਮਾਂ ਨੇ ਪਾਈ Tension! ਪੜ੍ਹੋ ਕੀ ਹੈ ਪੂਰੀ ਖ਼ਬਰ
ਅਣਪਛਾਤੇ ਨੰਬਰ ਤੋਂ ਆਉਣ ਵਾਲੀ ਫਾਈਲ 'ਤੇ ਕਲਿੱਕ ਨਾ ਕਰੋ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਅਣਪਛਾਤੇ ਮੋਬਾਇਲ ਤੋਂ ਵਟਸਐਪ 'ਤੇ ਵਿਆਹ ਦਾ ਕਾਰਡ ਮਿਲਦਾ ਹੈ ਤਾਂ ਉਸ ਫਾਈਲ ਜਾਂ ਲਿੰਕ 'ਤੇ ਕਲਿੱਕ ਨਾ ਕਰੋ, ਸਗੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਵਿਆਹ ਦਾ ਕਾਰਡ ਕਿਸ ਮੋਬਾਇਲ ਨੰਬਰ ਤੋਂ ਭੇਜਿਆ ਗਿਆ ਹੈ ਅਤੇ ਉਹ ਕਾਰਡ ਅਸਲੀ ਹੈ ਜਾਂ ਨਹੀਂ। ਵਿਆਹ ਦਾ ਸੱਦਾ ਪੱਤਰ ਉਸ ਦੇ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਣ-ਪਛਾਣ ਵਾਲੇ ਜਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਧੋਖਾ ਦੇਣ ਦੀ ਨੀਅਤ ਨਾਲ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : ਵਾਹਨ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਜ਼ਰਾ ਦੇਖ ਕੇ ਨਿਕਲੋ ਘਰੋਂ ਬਾਹਰ (ਵੀਡੀਓ)
ਲੋਕ ਵਟਸਐਪ 'ਤੇ ਭੇਜਦੇ ਹਨ ਸੱਦਾ ਪੱਤਰ
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੁੱਝ ਸਾਲ ਪਹਿਲਾਂ ਤੱਕ ਲੋਕ ਵਿਆਹਾਂ ਲਈ ਸੱਦਾ ਪੱਤਰ ਅਤੇ ਮਠਿਆਈਆਂ ਦੇ ਡੱਬੇ ਦੇਣ ਲਈ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਘਰ ਜਾਂਦੇ ਸਨ ਪਰ ਹੁਣ ਇਸ ਬਦਲਦੇ ਯੁੱਗ 'ਚ ਜ਼ਿਆਦਾਤਰ ਲੋਕ ਵਿਆਹਾਂ ਦੇ ਅਤੇ ਭੋਗ ਸੋਗ ਸੱਦਾ ਪੱਤਰ ਵਟਸਐਪ ਗਰੁੱਪ ਵਿੱਚ ਹੀ ਭੇਜੇ ਜਾਂਦੇ ਹਨ। ਇਸ ਨੂੰ ਲੋਕ ਵਟਸਐਪ 'ਤੇ ਖੋਲ੍ਹ ਕੇ ਪੜ੍ਹਦੇ ਵੀ ਹਨ। ਅਜਿਹੇ 'ਚ ਲੋਕਾਂ ਵੱਲੋਂ ਅਪਣਾਏ ਗਏ ਡਿਜੀਟਲ ਕਲਚਰ ਨੂੰ ਆਪਣਾ ਹਥਿਆਰ ਬਣਾ ਸਾਈਬਰ ਕ੍ਰਾਈਮਜ਼ ਰਾਹੀਂ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਵਿਆਹ ਦੇ ਕਾਰਡ ਤਿਆਰ ਕਰਨ ਵਾਲੇ ਵਪਾਰੀ
ਪੰਜਾਬੀ ਕਿਤਾਬ ਬਾਜ਼ਾਰ ਐਸੋ. ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਵਿਆਹ-ਸ਼ਾਦੀਆਂ ਦੇ ਕਾਰਡ ਤਿਆਰ ਕਰਨ ਦਾ ਹੋਲਸੇਲ ਕਾਰੋਬਾਰ ਕਰ ਰਹੇ ਹਨ। ਉਨਾਂ ਦੱਸਿਆ ਕਿ ਡਿਜੀਟਲ ਯੁੱਗ ਵਿਚ ਸ਼ਾਤਰ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਮੋਬਾਇਲ ਫੋਨ ’ਤੇ ਆਉਣ ਵਾਲੇ ਵਿਆਹ-ਸ਼ਾਦੀਆਂ, ਕਿਰਿਆ ਅਤੇ ਭੋਗ ਦੇ ਨਾਲ ਹੀ ਆਨਲਾਈਨ ਕਿਸੇ ਸਾਮਾਨ ਦੀ ਖ਼ਰੀਦਦਾਰੀ ਕਰਨ ਸਬੰਧੀ ਪ੍ਰਾਪਤ ਹੋਣ ਵਾਲੇ ਸੰਦੇਸ਼ ਤੋਂ ਪਹਿਲਾ ਇਸ ਗੱਲ ਨੂੰ ਯਕੀਨੀ ਕਰ ਲੈਣ ਕਿ ਇਹ ਕਿੰਨਾ ਸਹੀ ਹੈ ਅਤੇ ਕਿਸਦੇ ਵਲੋਂ ਭੇਜਿਆ ਗਿਆ ਹੈ ਤਾਂ ਉਹ ਸਮਾਂ ਰਹਿੰਦੇ ਹੀ ਕਿਸੇ ਤਰਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਸੁਰੱਖਿਅਤ ਬਚ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


Babita

Content Editor

Related News