ਨਕਲੀ ਦਵਾਈਆਂ ਬਣਾਉਣ ਵਾਲੇ 3 ਮੁਲਜ਼ਮ ਗ੍ਰਿਫ਼ਤਾਰ
Saturday, Nov 09, 2024 - 11:17 AM (IST)
ਮੋਹਾਲੀ (ਸੰਦੀਪ) : ਪੁਲਸ ਨੇ ਐੱਮ. ਕੇ. ਟੈਕਨਾਲੋਜੀ ਪਾਰਕ ਤੰਗੋਰੀ ’ਚ ਛਾਪਾ ਮਾਰ ਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇਂ ਨਕਲੀ ਦਵਾਈਆਂ ਬਣਾ ਕੇ ਸਪਲਾਈ ਕਰਦੇ ਸਨ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ’ਚ ਦਵਾਈਆਂ ਤਿਆਰ ਕਰਨ ਵਾਲਾ ਸਾਲਟ ਬਰਾਮਦ ਹੋਇਆ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਤੰਗੋਰੀ ’ਚ ਕੁੱਝ ਲੋਕ ਨਕਲੀ ਦਵਾਈਆਂ ਬਣਾ ਕੇ ਵੇਚਦੇ ਹਨ।
ਆਈ. ਟੀ. ਸਿਟੀ ਦੀ ਟੀਮ ਨੇ ਪਲਾਟ ’ਤੇ ਛਾਪੇਮਾਰੀ ਕਰਕੇ ਮੌਕੇ ਤੋਂ ਛਿੰਦਾ ਸਿੰਘ ਵਾਸੀ ਖੋਲਮੂਲਾ, ਹਰਪ੍ਰੀਤ ਸਿੰਘ ਵਾਸੀ ਸੂਰਜਪੁਰ ਤੇ ਸੁਮਿਤ ਕੁਮਾਰ ਵਾਸੀ ਪਿੰਜੌਰ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਸੀ. ਐੱਲ. ਏ. ਵੀ. ਈ-ਐੱਮ ਕੇ 1470, ਟੇਲਮਾ-ਐੱਮ. ਕੇ. 11865, 20 ਕਿੱਲੋ ਟ੍ਰਿਸਪਿਨ (ਕੱਚਾ ਮਾਲ), ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਫ਼ਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਦਵਾਈਆਂ ਬਣਾਉਣ ਲਈ ਸਮੱਗਰੀ ਕਿੱਥੋਂ ਲੈ ਕੇ ਆਉਂਦੇ ਸਨ। ਕਿਹੜੇ ਡੀਲਰਾਂ ਤੇ ਕੰਪਨੀਆਂ ਨੂੰ ਦਵਾਈਆਂ ਸਪਲਾਈ ਕਰਦੇ ਸਨ।