ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ
Tuesday, Nov 19, 2024 - 12:04 PM (IST)
ਜਲੰਧਰ (ਸੂਰਜ ਠਾਕੁਰ) : ਦਿੱਲੀ ਦੀ ਸਾਹ ਘੁੱਟਣ ਵਾਲੀ ਹਵਾ ਲਈ ਪਰਾਲੀ ਸਾੜਨ ਨੂੰ ਸਭ ਤੋਂ ਵੱਡਾ ਜ਼ਿੰਮੇਵਾਰ ਦੱਸਣ ਦੀ ਬਹਿਸ ਦੌਰਾਨ ਪ੍ਰਦੂਸ਼ਣ ਨੂੰ ਲੈ ਕੇ ਥਿੰਕ ਟੈਂਕ ‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ (ਸੀ.ਆਰ.ਈ.ਏ.) ਸੁਰਖੀਆਂ ’ਚ ਹੈ। ਇਸ ’ਚ ਕਿਹਾ ਗਿਆ ਹੈ ਕਿ ਥਰਮਲ ਪਾਵਰ ਪਲਾਂਟ (ਤਾਪ ਬਿਜਲੀ ਘਰ) ਪਰਾਲੀ ਸਾੜਨ ਨਾਲੋਂ 240 ਗੁਣਾ ਜ਼ਿਆਦਾ ਸਲਫਰ ਡਾਈਆਕਸਾਈਡ ਗੈਸ ਛੱਡਦੇ ਹਨ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
ਸੀ.ਆਰ.ਈ.ਏ. ਨੇ ਥਰਮਲ ਪਾਵਰ ਪਲਾਂਟਾਂ ’ਤੇ ਫਲੂ ਗੈਸ ਡੀਸਲਫਰਾਈਜ਼ੇਸ਼ਨ (ਐੱਫ.ਜੀ.ਡੀ.) ਸਿਸਟਮ ਲਗਾਉਣ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਜੁਰਮਾਨਾ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ, ਸਰਕਾਰ ਨੂੰ ਇਨ੍ਹਾਂ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ’ਤੇ ਨੱਥ ਪਾਉਣੀ ਚਾਹੀਦੀ ਹੈ।
SO. 2 ਨਿਕਾਸੀ ਨੂੰ 64 ਫੀਸਦੀ ਤੱਕ ਕੀਤਾ ਜਾ ਸਕਦੈ ਘੱਟ
ਥਿੰਕ ਟੈਂਕ ਸੰਗਠਨ ਨੇ ਕਿਹਾ ਹੈ ਕਿ ਲੰਬੇ ਸਮੇਂ ਲਈ ਹਵਾ ਦੀ ਗੁਣਵੱਤਾ ’ਚ ਸੁਧਾਰ ਲਈ ਕੋਲੇ ਨਾਲ ਚੱਲਣ ਵਾਲੇ ਤਾਪ ਬਿਜਲੀ ਘਰਾਂ ਤੋਂ ਨਿਕਾਸੀ ਨੂੰ ਘਟਾਉਣਾ ਮਹੱਤਵਪੂਰਨ ਹੈ। ਵਿਸ਼ਲੇਸ਼ਣ ’ਚ ਦੇਖਿਆ ਗਿਆ ਹੈ ਕਿ ਪਰਾਲੀ ਸਾੜਨ ਨਾਲ ਸਾਲਾਨਾ 17.8 ਕਿੱਲੋ ਟਨ ਐੱਸ . ਓ. 2 ਨਿਕਾਸੀ ਹੁੰਦੀ ਹੈ, ਜਦ ਕਿ ਥਰਮਲ ਪਾਵਰ ਪਲਾਂਟ 240 ਗੁਣਾ ਜ਼ਿਆਦਾ ਨਿਕਾਸੀ ਕਰਦੇ ਹਨ। ਐੱਸ. ਓ. 2 ਨੂੰ ਸੂਖਮ ਕਣ ਪਦਾਰਥ ਪੀ. ਐੱਮ. 2.5 ਦਾ ਅਗੇਤੀ ਹਿੱਸਾ ਮੰਨਿਆ ਜਾਂਦਾ ਹੈ। ਇਹ ਪ੍ਰਦੂਸ਼ਣ ਸਾਹ ਅਤੇ ਕਾਰਡੀਓਵੈਸਕੁਲਰ ਰੋਗਾਂ ਨੂੰ ਵਧਾਉਂਦਾ ਹੈ ਅਤੇ ਤੇਜ਼ਾਬੀ ਮੀਂਹ ਦਾ ਇਕ ਵੱਡਾ ਕਾਰਨ ਵੀ ਹੈ।
ਇਹ ਵੀ ਪੜ੍ਹੋ : ਓਮਾਨ, UAE, ਕਤਰ ਅਤੇ ਸਿੰਗਾਪੁਰ ਨਾਲੋਂ ਵੀ ਭਾਰਤ 'ਚ ਮਿਲ ਰਿਹੈ ਸਸਤਾ ਸੋਨਾ... ਜਾਣੋ ਕੀਮਤਾਂ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਖਤਰਿਆਂ ਦੇ ਬਾਵਜੂਦ ਥਰਮਲ ਪਾਵਰ ਪਲਾਂਟਾਂ ਨੂੰ ਫਲੂ ਗੈਸ ਡੀਸਲਫਰਾਈਜ਼ੇਸ਼ਨ ਸਿਸਟਮ ਲਗਾਉਣ ਲਈ ਸਰਕਾਰ ਤੋਂ ਛੋਟ ਮਿਲਦੀ ਰਹਿੰਦੀ ਹੈ, ਜਦ ਕਿ ਇਸ ਨੂੰ ਲਗਾਉਣ ਨਾਲ ਐੱਸ. ਓ. 2 ਨਿਕਾਸੀ ਨੂੰ 64 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।
ਹਵਾਈ ਜਹਾਜ਼ ਵੀ ਜ਼ਹਿਰੀਲੀਆਂ ਗੈਸਾਂ ਦਾ ਵੱਡਾ ਕਾਰਨ
ਹਰ ਦੇਸ਼ ਨੇ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਇੰਨਾ ਵਿਕਾਸ ਕਰ ਲਿਆ ਹੈ ਕਿ ਦੁਨੀਆ ਭਰ ਵਿਚ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਮਨੁੱਖ ਨੂੰ ਜਲਵਾਯੂ ਤਬਦੀਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਤ ਇਹ ਹਨ ਕਿ ਹੁਣ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹਵਾ ’ਚ ਜ਼ਹਿਰ ਘੋਲਿਆ ਜਾ ਰਿਹਾ ਹੈ। ਜ਼ਮੀਨ ’ਤੇ ਚੱਲਦੀਆਂ ਅਰਬਾਂ ਗੱਡੀਆਂ ਹੀ ਨਹੀਂ, ਆਸਮਾਨ ’ਚ ਉੱਡਦੇ ਜਹਾਜ਼ ਵੀ ਜ਼ਹਿਰੀਲੀਆਂ ਗੈਸਾਂ ਦੀ ਨਿਕਾਸ ਦਾ ਵੱਡਾ ਕਾਰਨ ਹਨ।
ਇਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਿਛਲੇ 4 ਸਾਲਾਂ ’ਚ ਪ੍ਰਾਈਵੇਟ ਜੈੱਟ ਆਵਾਜਾਈ ਨਾਲ ਨਿਕਾਸੀ ’ਚ 46 ਫੀਸਦੀ ਦਾ ਵਾਧਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਇਸ ਅਧਿਐਨ ’ਚ ਖੋਜਕਾਰਾਂ ਨੇ 2019 ਤੋਂ 2023 ਦਰਮਿਆਨ ਕਰੀਬ 26,000 ਨਿੱਜੀ ਜਹਾਜ਼ਾਂ ਦੀਆਂ 1.86 ਕਰੋੜ ਉਡਾਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਇਹ ਡਾਟਾ ਏ. ਡੀ. ਐੱਸ. ਐਕਸਚੇਂਜ ਪਲੇਟਫਾਰਮ ਤੋਂ ਪ੍ਰਾਪਤ ਕੀਤਾ ਗਿਆ ਹੈ। ਇਸ ਅਧਿਐਨ ਦੇ ਨਤੀਜੇ ਕਮਿਊਨੀਕੇਸ਼ਨ ਅਰਥ ਐਂਡ ਐਨਵਾਇਰਮੈਂਟ ਜਰਨਲ ’ਚ ਪ੍ਰਕਾਸ਼ਿਤ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8