ਅੱਤਵਾਦ ਦੇ ਅੱਗੇ ਬੇਵੱਸ ਯੂਰਪ, ਭਾਰਤ ਤੋਂ ਲਏ ਸਬਕ
Thursday, Dec 25, 2025 - 05:12 PM (IST)
ਸਾਰੇ ਪਾਠਕਾਂ ਨੂੰ ਕ੍ਰਿਸਮਸ ਦੀਆਂ ਬਹੁਤ- ਬਹੁਤ ਸ਼ੁੱਭਕਾਮਨਾਵਾਂ। ਇਹ ਉਤਸਵ ਹੁਣ ਕਿਸੇ ਇਕ ਮਜ਼੍ਹਬ ਤਕ ਸੀਮਤ ਨਹੀਂ ਰਿਹਾ। ਭਾਵੇਂ ਇਸਾਈ ਹੋਵੇ ਜਾਂ ਗੈਰ-ਇਸਾਈ, ਸਭ ਇਸ ਤਿਉਹਾਰ ਦਾ ਹਿੱਸਾ ਬਣਦੇ ਹਨ ਪਰ ਮੇਰਾ ਅੱਜ ਦਾ ਕਾਲਮ ਫਰਾਂਸ ਸਮੇਤ ਕਈ ਯੂਰਪੀ ਦੇਸ਼ਾਂ ਦੀਆਂ ਉਨ੍ਹਾਂ ਚਿੰਤਾਜਨਕ ਘਟਨਾਵਾਂ ’ਤੇ ਆਧਾਰਿਤ ਹੈ ਜੋ ਪੂਰੀ ਦੁਨੀਆ ਲਈ ਇਕ ਗੰਭੀਰ ਚਿਤਾਵਨੀ ਹੈ।
ਪੈਰਿਸ, ਜੋ ਦਹਾਕਿਆਂ ਤੋਂ ਸ਼ੈਂਪੇਨ, ਭੀੜ ਅਤੇ ਬੇਫਿਕਰ ਆਨੰਦ ਦਾ ਪ੍ਰਤੀਬਿੰਬ ਹੈ, ਉਸ ਦੀ ਚਮਕ ਫਿੱਕੀ ਪੈਂਦੀ ਜਾ ਰਹੀ ਹੈ। ਇਸ ਨਵੇਂ ਸਾਲ ਦੀ ਸ਼ਾਮ ’ਤੇ ਪ੍ਰਸਿੱਧ ‘ਚੈਂਪਸ ਐਲਿਸੀਜ਼’ ਨਹੀਂ ਹੋਵੇਗਾ। ਪਿਛਲੇ 60 ਸਾਲਾਂ ਤੋਂ ਅੱਧੀ ਰਾਤ ਨੂੰ ਉਮੜਣ ਵਾਲੀ ਭੀੜ ਦੀ ਜਗ੍ਹਾ ਟੀ. ਵੀ. ’ਤੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਪ੍ਰੋਗਰਾਮ ਦਾ ਪ੍ਰਸਾਰਣ ਹੋਵੇਗਾ, ਜਿਸ ਦਾ ਲੁਤਫ ਲੋਕ ਆਪਣੇ ਘਰਾਂ ’ਚ ਸੁਰੱਖਿਅਤ ਮਹਿਸੂਸ ਕਰਦੇ ਹੋਏ ਉਠਾਉਣਗੇ। ਬੀਤੇ ਸਾਲ ਇਸ ਸੰਗੀਤ ਸਮਾਰੋਹ ’ਚ ਕਰੀਬ 10 ਲੱਖ ਲੋਕ ਜੁਟੇ ਸਨ। ਫਰਾਂਸੀਸੀ ਮੀਡੀਆ ਵਲੋਂ ਪੇਸ਼ ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਬੀਤੇ ਨਵੇਂ ਸਾਲ ’ਤੇ ਪ੍ਰਵਾਸੀ ਖਰੂਦੀਆਂ ਨੇ ਜਿਸ ਤਰ੍ਹਾਂ ਇਕ ਹਜ਼ਾਰ ਗੱਡੀਆਂ ਫੂਕ ਦਿੱਤੀਆਂ ਸਨ, ਜਿਸ ਦੇ ਦੋਸ਼ ’ਚ 420 ਲੋਕ ਹਿਰਾਸਤ ’ਚ ਵੀ ਲਏ ਗਏ ਸਨ, ਉਹੋ ਜਿਹੀ ਹੀ ਅਰਾਜਕਤਾ ਦਾ ਖਦਸ਼ਾ ਇਸ ਵਾਰ ਵੀ ਹੈ।
ਇਸੇ ਤਰ੍ਹਾਂ ਜਰਮਨੀ ਦੇ ਦੂਜੇ ਸਭ ਤੋਂ ਵੱਡੇ ਜਨਤਕ ਪ੍ਰਸਾਰਣਕਰਤਾ ਜ਼ੈੱਡ. ਡੀ. ਐੱਫ. ਅਨੁਸਾਰ ਉਸ ਦੇ ਦੇਸ਼ ’ਚ ਕ੍ਰਿਸਮਸ ’ਤੇ ਲਗਾਏ ਗਏ ਬਾਜ਼ਾਰਾਂ ’ਚ ਆਯੋਜਕ ਵਾਧੂ ਸੁਰੱਖਿਆ ਵਧਾ ਰਹੇ ਹਨ ਅਤੇ ਜੋ ਸਮੂਹ ਅੱਤਵਾਦ ਰੋਕੂ ਨਿਯਮਾਂ ਦੀ ਲਾਪਰਵਾਹੀ ਕਰ ਰਹੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸਿਡਨੀ ’ਚ ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਵੀ ਬਾਂਡੀ ਬੀਚ ’ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਬਾਅਦ ਰੱਦ ਕਰ ਦਿੱਤਾ ਗਿਆ ਹੈ ਜਿਸ ’ਚ 15 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ।
ਕਿਉਂ ਯੂਰਪ ’ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਆਯੋਜਨ ਸੀਮਤ ਜਾਂ ਰੱਦ ਕੀਤੇ ਜਾ ਰਹੇ ਹਨ? ਆਖਿਰ ਡਰ ਦਾ ਮਾਹੌਲ ਕੌਣ ਬਣਾ ਰਿਹਾ ਹੈ? ਫਰਾਂਸੀਸੀ ਮੀਡੀਆ ’ਚ ਮੈਨਹੱਟਨ ਇੰਸਟੀਚਿਊਟ ਦੇ ਇਮੀਗ੍ਰੇਸ਼ਨ ਫੈਲੋ ਡੈਨੀਅਲ ਡੀ ਮਾਰਟੀਨੋ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਸਪੱਸ਼ਟ ਹੈ ਕਿ ਇਹ ਯੂਰਪ ’ਚ ਬਿਨਾਂ ਸਮੁੱਚੀ ਜਾਂਚ ਦੇ ਵੱਡੇ ਪੱਧਰ ’ਤੇ ਮੁਸਲਿਮ ਪ੍ਰਵਾਸ ਦਾ ਨਤੀਜਾ ਹੈ।’’ ਇਹ ਘਟਨਾਕ੍ਰਮ ਇਕ ਅਜਿਹੇ ਡੂੰਘੇ ਸੰਕਟ ਨੂੰ ਉਜਾਗਰ ਕਰਦਾ ਹੈ, ਜਿਸ ’ਚ ਕਥਿਤ ‘ਉਦਾਰ’ ਸਮਾਜ ਖੁਦ ਹੀ ਆਪਣੇ ਵਿਨਾਸ਼ ਦੀ ਸਕ੍ਰਿਪਟ ਲਿਖ ਰਿਹਾ ਹੈ। ਭਾਰਤ ਇਸ ਕੌੜੇ ਤਜਰਬੇ ਦਾ ਗਵਾਹ ਹੈ। ਆਪਣੇ ਕਈ ਪਹਿਲਾਂ ਦੇ ਲੇਖਾਂ ’ਚ ਮੈਂ ਭਾਰਤ ਦੇ ਇਸਲਾਮ ਨਾਲ ਸਦੀਆਂ ਪੁਰਾਣੇ ਸੰਪਰਕ, ਦੇਸ਼ ਦੀ ਖੂਨੀ ਵੰਡ ਅਤੇ ਪਾਕਿਸਤਾਨ, ਬੰਗਲਾਦੇਸ਼ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਸੰਖੇਪ ’ਚ ਕਹੀਏ ਤਾਂ ਭਾਰਤੀ ਤਜਰਬਾ ਸਥਾਪਿਤ ਕਰਦਾ ਹੈ ਕਿ ਅੱਤਵਾਦ ਅਤੇ ਮਜ਼੍ਹਬੀ ਕੱਟੜਤਾ ਦੇ ਸਾਹਮਣੇ ਝੁਕਣ ਨਾਲ ਸਥਾਈ ਸ਼ਾਂਤੀ ਨਹੀਂ ਮਿਲਦੀ ਸਗੋਂ ਇਸ ਨਾਲ ਉਨ੍ਹਾਂ ਦੀ ਖੂਨ ਦੀ ਪਿਆਸ ਹੋਰ ਵਧ ਜਾਂਦੀ ਹੈ। ਬਦਕਿਸਮਤੀ ਨਾਲ ਅਤੇ ਸ਼ਾਇਦ ਭਾਰੀ ਕੀਮਤ ਚੁਕਾ ਕੇ ਦੇਰ-ਸਵੇਰ ਫਰਾਂਸ ਅਤੇ ਬਾਕੀ ਯੂਰਪ ਨੂੰ ਇਹ ਸਬਕ ਸਿੱਖਣਾ ਪਏਗਾ।
ਫਰਾਂਸ ’ਚ ਅਜੇ ਮੁਸਲਿਮ ਆਬਾਦੀ ਲਗਭਗ 60 ਲੱਖ (ਜ਼ਿਆਦਾਤਰ ਸ਼ਰਨਾਰਥੀ) ਹਨ, ਜੋ ਕੁਲ ਆਬਾਦੀ ਦਾ ਕਰੀਬ 9 ਫੀਸਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਮੁਸਲਮਾਨ ਨਵੇਂ ਖੇਤਰਾਂ ’ਚ ਹਮਲਾਵਰਾਂ, ਮਹਿਮਾਨਾਂ, ਪ੍ਰਵਾਸੀਆਂ ਜਾਂ ਸ਼ਰਨਾਰਥੀਆਂ ਦੇ ਰੂਪ ’ਚ ਆਉਂਦੇ ਹਨ ਤਾਂ ਸਮੇਂ ਦੇ ਨਾਲ ਇਸ ਦਾ ਇਕ ਵਰਗ ਮੇਜ਼ਬਾਨ ਸਮਾਜ ਨੂੰ ਆਪਣੀਆਂ ਮਜ਼੍ਹਬੀ ਧਾਰਨਾਵਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਥਾਨਕ ਸੰਸਕ੍ਰਿਤੀ, ਰਵਾਇਤੀ ਤਿਉਹਾਰਾਂ, ਸਮਾਜਿਕ ਮਾਪਦੰਡਾਂ ਅਤੇ ਉਦਾਰ ਆਜ਼ਾਦ ਮਨੁੱਖੀ ਅਧਿਕਾਰਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਵਲੋਂ ਕਈ ਮੌਕਿਆਂ ’ਤੇ ਸ਼ਰੀਅਤ ਨੂੰ ਸਭ ਤੋਂ ਉੱਪਰੀ ਢਾਂਚੇ ਦੇ ਰੂਪ ’ਚ ਸਥਾਪਿਤ ਕਰਨ ਦਾ ਵੀ ਯਤਨ ਹੁੰਦਾ ਹੈ। ਯੂਰਪ ਦੇ ਕਈ ਦੇਸ਼ਾਂ ’ਚ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਬ੍ਰਿਟੇਨ ਦਾ ਰੋਦਰਹੈਮ ਕਾਂਡ, ਜੋ ਕਿ ਰੂਮਿੰਗ ਗੈਂਗ ਸਕੈਂਡਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸੇ ਸੰਸਥਾਗਤ ਅਸਫਲਤਾ ਦਾ ਭਿਆਨਕ ਰੂਪ ਹੈ। ਇਸ ’ਚ ਪ੍ਰਵਾਸੀ ਮੁਸਲਮਾਨਾਂ ਨੇ 1500 ਤੋਂ ਵੱਧ ਗੈਰ-ਮੁਸਲਿਮ ਲੜਕੀਆਂ, ਜ਼ਿਆਦਾਤਰ ਗੋਰੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।
ਫਰਾਂਸ ਸਮੇਤ ਕਈ ਯੂਰਪੀ ਦੇਸ਼ ਲੰਬੇ ਸਮੇਂ ਤੋਂ ਇਸਲਾਮੀ ਅੱਤਵਾਦ ਦਾ ਸਾਹਮਣਾ ਕਰ ਰਹੇ ਹਨ। ਮਈ 2014 ’ਚ ਸੀਰੀਆ ਤੋਂ ਆਏ ਫਰਾਂਸੀਸੀ ਜਿਹਾਦੀ ਮੇਹਦੀ ਨੇਮੂਸ਼ ਨੇ ਬ੍ਰਸਲਸ ਦੇ ਯਹੂਦੀ ਮਿਊਜ਼ੀਅਮ ’ਚ 4 ਲੋਕਾਂ ਦੀ ਹੱਤਿਆ ਕਰ ਦਿੱਤੀ। ਜਨਵਰੀ 2015 ’ਚ ਸ਼ਰੀਫ ਅਤੇ ਸਈਅਦ ਆਦਿ ਜਿਹਾਦੀਆਂ ਨੇ ਪੈਰਿਸ ’ਚ ਚਾਰਲੀ ਹੇਬਦੋ ਦਫਤਰ ’ਤੇ ਹਮਲੇ ਕਰ ਕੇ 12 ਲੋਕਾਂ ਨੂੰ ਮਾਰ ਦਿੱਤਾ। ਸਭ ਤੋਂ ਘਾਤਕ ਹਮਲਾ 13 ਨਵੰਬਰ 2015 ਨੂੰ ਹੋਇਆ ਜਦੋਂ ਅਬਦੇਲਹਮੀਦ ਅਤੇ ਸਲਾਹ ਆਦਿ ਅੱਤਵਾਦੀਆਂ ਨੇ ਪੈਰਿਸ ’ਚ ਇਕੱਠਿਆਂ ਗੋਲੀਬਾਰੀ ਅਤੇ ਧਮਾਕੇ ਕਰਕੇ 130 ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 14 ਜੁਲਾਈ, 2016 ਨੂੰ ਮੁਹੰਮਦ ਲਹੂਆਈਜ਼-ਬੁਹਲੇਲ ਨੇ ਨੀਸ ’ਚ ਟਰੱਕ ਨਾਲ ਕੁਚਲ ਕੇ 86 ਲੋਕਾਂ ਨੂੰ ਮਾਰ ਦਿੱਤਾ। 16 ਅਕਤੂਬਰ, 2020 ਨੂੰ ਪੈਰਿਸ ’ਚ ਇਕ 18 ਸਾਲਾ ਸ਼ਰਨਾਰਥੀ ਨੇ ਇਕ ਅਧਿਆਪਕ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਅਜਿਹੀਆਂ ਜਿਹਾਦੀ ਘਟਨਾਵਾਂ ਦੀ ਇਕ ਲੰਬੀ ਸੂਚੀ ਹੈ ਜੋ ਸਿਰਫ ਫਰਾਂਸ ਤਕ ਹੀ ਸੀਮਤ ਨਹੀਂ ਹੈ।
ਜਰਮਨੀ ਦੇ ਮੈਗਡੇਬਰਗ ’ਚ 21 ਦਸੰਬਰ, 2024 ਨੂੰ 50 ਸਾਲਾ ਸਾਊਦੀ ਡਾਕਟਰ ਤਾਲੇਬ ਅਬਦੁੱਲ ਜੱਵਾਦ ਨੇ ਕ੍ਰਿਸਮਸ ’ਤੇ ਖਰੀਦਦਾਰੀ ਕਰ ਰਹੀ ਭੀੜ ’ਤੇ ਆਪਣੀ ਬੀ. ਐੱਮ. ਡਬਲਿਊ. ਚੜ੍ਹਾ ਦਿੱਤੀ। ਇਸ ਹਮਲੇ ’ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 200 ਲੋਕ ਜ਼ਖਮੀ ਹੋਏ। ਇਸ ਸਾਲ 2 ਅਕਤੂਬਰ ਨੂੰ ਬਰਤਾਨਵੀ ਨਾਗਰਿਕ ਜਿਹਾਦ ਅਲ-ਸ਼ਾਮੀ ਨੇ ਹੀਟਨ ਪਾਰਕ ਸਿਨੇਗਾਗ ਕੋਲ ਪੈਦਲ ਚੱਲ ਰਹੇ ਲੋਕਾਂ ’ਤੇ ਗੱਡੀ ਚੜ੍ਹਾ ਦਿੱਤੀ ਅਤੇ ਇਕ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ। ਤਿੰਨ ਸਾਲ ਪਹਿਲਾਂ ਬ੍ਰਿਟੇਨ ਦੇ ਲੈਸਟਰ ਅਤੇ ਬਰਮਿੰਘਮ ’ਚ ਸਥਾਨਕ ਮੁਸਲਿਮ ਸਮੂਹਾਂ ਨੇ ਹਿੰਦੂ ਘਰਾਂ ਅਤੇ ਮੰਦਰਾਂ ’ਤੇ ਯੋਜਨਾਬੱਧ ਹਮਲੇ ਕੀਤੇ ਸਨ। ਇਹ ਮਜ਼੍ਹਬੀ ਹਿੰਸਾ ਯੂਰਪ ਤਕ ਸੀਮਤ ਨਹੀਂ ਹੈ। ਅਮਰੀਕਾ ਅਤੇ ਆਸਟ੍ਰੇਲੀਆ ਵੀ ਇਸ ਦਾ ਡੰਗ ਸਹਿ ਰਹੇ ਹਨ। ਇਸ ਪਿਛੋਕੜ ’ਚ ਪੈਰਿਸ ਪ੍ਰਸ਼ਾਸਨ ਵਲੋਂ ਆਪਣੇ ਰਵਾਇਤੀ ਤਿਉਹਾਰਾਂ ਨਾਲ ਸਮਝੌਤਾ ਕਰਨਾ ਜਿਹਾਦੀਆਂ ਦੇ ਸਾਹਮਣੇ ਗੋਡੇ ਟੇਕਣ ਵਰਗਾ ਹੈ।
ਇਸਲਾਮ ਦੇ ਨਾਂ ’ਤੇ ਵਾਰ-ਵਾਰ ਅੱਤਵਾਦ ਕਿਉਂ ਹੁੰਦਾ ਹੈ, ਇਸ ਨੂੰ ਲੈ ਕੇ ਜਿਹਾਦੀਆਂ ਨਾਲ ਹਮਦਰਦੀ ਰੱਖਣ ਵਾਲੇ ਆਮ ਤੌਰ ’ਤੇ ਦੋ ਤਰਕ ਦਿੰਦੇ ਹਨ। ਪਹਿਲਾ ਅਨਪੜ੍ਹਤਾ ਅਤੇ ਦੂਸਰਾ ਕਥਿਤ ਅਨਿਆਂ ਦਾ ਵਿਰੋਧ ਪਰ ਇਹ ਦੋਵੇਂ ਹੀ ਤੱਥਾਂ ਦੀ ਕਸੌਟੀ ’ਤੇ ਖਰੇ ਨਹੀਂ ਉਤਰਦੇ। ਸੱਚ ਤਾਂ ਇਹ ਹੈ ਕਿ ਇਸਲਾਮੀ ਅੱਤਵਾਦ ਦੀਆਂ ਜੜ੍ਹਾਂ ਉਸ ਜ਼ਹਿਰੀਲੀ ਮਾਨਸਿਕਤਾ ’ਚ ਮਿਲਦੀਆਂ ਹਨ, ਜਿਸ ’ਚ ਇਸ ਮਜ਼੍ਹਬੀ ਜਾਇਜ਼ਤਾ ਹਾਸਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਜਦੋਂ ਵੀ ਇਸ ’ਤੇ ਈਮਾਨਦਾਰ ਚਰਚਾ ਹੁੰਦੀ ਹੈ ਤਾਂ ਇਸ ਨੂੰ ਇਸਲਾਮੋਫੋਬੀਆ ਦੱਸ ਕੇ ਰੱਦ ਕਰ ਦਿੱਤਾ ਜਾਂਦਾ ਹੈ। ਅਜਿਹੇ ਪੱਖਪਾਤੀ ਮਾਹੌਲ ’ਚ ਕੀ ਅੱਤਵਾਦ ਨਾਲ ਲੜਨ ਦਾ ਕੋਈ ਵੀ ਯਤਨ ਸਫਲ ਹੋ ਸਕਦਾ ਹੈ?
-ਬਲਬੀਰ ਪੁੰਜ
